ਜਲੰਧਰ ਛਾਉਣੀ, (ਕਮਲੇਸ਼)- ਕੈਂਟ ਬੋਰਡ ਦੀ ਮਹੀਨਾਵਾਰ ਬੈਠਕ ਬੋਰਡ ਦੇ ਪ੍ਰੈਜ਼ੀਡੈਂਟ ਜੀ. ਓ. ਸੀ. ਐੱਸ. ਐੱਸ. ਬਾਲਾਜੀ ਦੀ ਪ੍ਰਧਾਨਗੀ ਹੇਠ ਹੋਈ। ਸੀ. ਈ. ਓ. ਮੀਨਾਕਸ਼ੀ ਲੋਹੀਆ ਨੇ ਬੋਰਡ ਮੀਟਿੰਗ ਵਿਚ 16 ਮੁੱਦੇ ਪੜ੍ਹ ਕੇ ਸੁਣਾਏ। ਭਾਰਤ ਸਰਕਾਰ ਵਲੋਂ ਬੋਰਡ ਨੂੰ ਨਿਰਦੇਸ਼ ਆਏ ਹਨ ਕਿ 31 ਦਸੰਬਰ ਤੱਕ ਬੋਰਡ ਏਰੀਏ ’ਚੋਂ ਸਾਰੇ ਮੋਬਾਇਲ ਟਾਵਰ ਉਤਾਰ ਲਏ ਜਾਣ ਅਤੇ ਨਵੀਂ ਪਾਲਿਸੀ ਤਹਿਤ ਟਾਵਰ ਲਾਏ ਜਾਣ। ਕੈਂਟ ਬੋਰਡ ਦੇ ਵਾਈਸ ਪ੍ਰੈਜ਼ੀਡੈਂਟ, ਬੋਰਡ ਮੈਂਬਰਾਂ ਨੇ ਇਸ ਮੁੱਦੇ ’ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਪਹਿਲਾਂ ਨਵੀਂ ਪਾਲਿਸੀ ਤਹਿਤ ਟਾਵਰ ਲਾਏ ਜਾਣ ਉਸ ਤੋਂ ਬਾਅਦ ਹੀ ਪੁਰਾਣੇ ਟਾਵਰ ਉਤਾਰੇ ਜਾਣ, ਨਹੀਂ ਤਾਂ ਲੋਕਾਂ ਨੂੰ ਫਿਰ ਤੋਂ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਬੋਰਡ ਨੇ ਇਸ ਲਈ ਮਨਿਸਟਰੀ ਆਫ ਡਿਫੈਂਸ ਨੂੰ ਚਿੱਠੀ ਵੀ ਲਿਖੀ ਹੈ।
ਕੌਂਸਲਰ ਸੰਜੀਵ ਤ੍ਰੇਹਨ (ਚੇਅਰਮੈਨ ਫਾਇਨਾਂਸ ਕਮੇਟੀ) ਨੇ ਬੋਰਡ ਵਿਚ ਕਾਫੀ ਸਮਾਂ ਪਹਿਲਾਂ ਪੰਪ ਖੋਲ੍ਹਣ ਦਾ ਮੁੱਦਾ ਰੱਖਿਆ ਸੀ। ਪੈਟਰੋਲ ਪੰਪ ਖੋਲ੍ਹਣ ਲਈ ਬੋਰਡ ਨੇ 2 ਥਾਵਾਂ ਦੇਖੀਆਂ, ਜਿਸ ਵਿਚ ਪਹਿਲੀ ਜਗ੍ਹਾ ਕੈਂਟ ਬੋਰਡ ਦਫਤਰ ਦੇ ਸਾਹਮਣੇ ਹੈ ਅਤੇ ਦੂਜੀ ਧੋਬੀਘਾਟ ’ਤੇ ਹੈ। ਦੋਵਾਂ ਥਾਵਾਂ ਵਿਚੋਂ ਇਕ ਦੀ ਚੋਣ ਕਰ ਕੇ ਜਲਦੀ ਹੀ ਪੈਟਰੋਲ ਪੰਪ ਲਈ ਟੈਂਡਰ ਖੋਲ੍ਹ ਦਿੱਤਾ ਜਾਵੇਗਾ।
ਕੈਂਟ ’ਚ ਜਲਦੀ ਖੁੱਲ੍ਹੇਗਾ ਕਾਰ ਵਾਸ਼ਿੰਗ ਸੈਂਟਰ
ਬੋਰਡ ’ਚ ਇਹ ਵੀ ਤੈਅ ਹੋਇਆ ਹੈ ਕਿ ਕੈਂਟ ਬੋਰਡ ਸਕੂਲ ਕੋਲ ਕਾਰ ਵਾਸ਼ਿੰਗ ਸੈਂਟਰ ਖੋਲ੍ਹਿਆ ਜਾਵੇਗਾ ਤੇ ਇਸ ਲਈ ਜਲਦੀ ਹੀ ਕੈਂਟ ਬੋਰਡ ਟੈਂਡਰ ਖੋਲ੍ਹੇਗਾ।
ਕੈਂਟ ਬੋਰਡ ਕਾਨੂੰਨ ਤਹਿਤ ਹੋਵੇਗੀ ਨਵੇਂ ਆਫਿਸ ਸੁਪਰਡੈਂਟ ਦੀ ਚੋਣ
31 ਦਸੰਬਰ ਨੂੰ ਮੌਜੂਦਾ ਆਫਿਸ ਸੁਪਰਡੈਂਟ ਸੁਰਿੰਦਰ ਧਵਨ ਰਿਟਾਇਰ ਹੋ ਰਹੇ ਹਨ। ਬੋਰਡ ਵਿਚ ਇਹ ਫੈਸਲਾ ਲਿਆ ਗਿਆ ਹੈ ਕਿ ਨਵੇਂ ਆਫਿਸ ਸੁਪਰਡੈਂਟ ਦੀ ਚੋਣ ਕੈਂਟ ਬੋਰਡ ਦੇ ਨਿਯਮਾਂ ਅਨੁਸਾਰ ਹੋਵੇਗੀ। ਚੋਣ ਲਈ ਤਿੰਨ ਚੀਜ਼ਾਂ ਦੇਖੀਆਂ ਜਾਣਗੀਆਂ, ਜਿਨ੍ਹਾਂ ਵਿਚ ਸੀਨੀਆਰਟੀ, ਏ. ਸੀ. ਆਰ. ਤੇ ਸਰਵਿਸ ਬੁੱਕ ਸ਼ਾਮਲ ਹਨ ਤੇ ਇਨ੍ਹਾਂ ਪੁਆਇੰਟਾਂ ਦੇ ਆਧਾਰ ’ਤੇ ਬੋਰਡ ਫੈਸਲਾ ਲਵੇਗਾ।
ਪਸ਼ੂ ਮਾਲਕਾਂ ਦੀ ਲਿਸਟ ਤਿਆਰ
ਕੈਂਟ ਬੋਰਡ ਨੇ ਕੈਂਟ ਏਰੀਏ ਵਿਚ ਸਾਰੇ ਪਸ਼ੂ ਮਾਲਕਾਂ ਦੀ ਲਿਸਟ ਤਿਆਰ ਕਰ ਲਈ ਹੈ ਅਤੇ ਉਨ੍ਹਾਂ ਨੂੰ ਕੈਂਟ ਬੋਰਡ ਵਲੋਂ ਜਲਦੀ ਨੋਟਿਸ ਭੇਜੇ ਜਾਣਗੇ। ਜ਼ਿਕਰਯੋਗ ਹੈ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਦਾ ਮੁੱਦਾ ਵਾਈਸ ਪ੍ਰੈਜ਼ੀਡੈਂਟ ਰਜਿੰਦਰ ਸ਼ਰਮਾ ਕੁੱਕੀ ਨੇ ਰੱਖਿਆ ਸੀ ਅਤੇ ਇਹ ਤੈਅ ਕੀਤਾ ਗਿਆ ਸੀ ਕਿ ਸਾਰੇ ਪਸ਼ੂਆਂ ਨੂੰ ਕਿਸੇ ਹੋਰ ਥਾਂ ਸ਼ਿਫਟ ਕੀਤਾ ਜਾਵੇਗਾ। ਜੇਕਰ ਕੋਈ ਕੈਟਲ ਓਨਰ ਬੋਰਡ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਖਿਲਾਫ ਸਖਤ ਕਦਮ ਚੁੱਕੇ ਜਾਣਗੇ ਤੇ ਉਨ੍ਹਾਂ ਦੇ ਪਾਣੀ ਦੇ ਕੁਨੈਕਸ਼ਨ ਵੀ ਕੱਟ ਦਿੱਤੇ ਜਾਣਗੇ।
ਪਾਈਪ ਲਾਈਨ ਦਾ ਟੈਂਡਰ ਕਾਨੂੰਨੀ ਸਲਾਹ ਲਈ ਪੈਂਡਿੰਗ
ਕੈਂਟ ਬੋਰਡ ਏਰੀਏ ’ਚ ਪਾਈਪ ਲਾਈਨ ਦਾ ਟੈਂਡਰ ਕਾਨੂੰਨੀ ਸਲਾਹ ਲਈ ਪੈਂਡਿੰਗ ਰੱਖ ਦਿੱਤਾ ਗਿਆ ਹੈ। ਟੈਂਡਰ ਦਾ ਐਸਟੀਮੇਟ ਟੈਕਨੀਕਲ ਮੁਲਾਜ਼ਮ ਵਲੋਂ ਨਹੀਂ ਲਾਇਆ ਗਿਆ ਸੀ, ਜਿਸ ਕਾਰਨ ਟੈਂਡਰ ਕਾਨੂੰਨੀ ਸਲਾਹ ਤੋਂ ਬਾਅਦ ਹੀ ਜਾਰੀ ਕੀਤਾ ਜਾਵੇਗਾ।
ਕੈਂਟ ਬੋਰਡ ਏਰੀਏ ’ਚ ਜਾਰੀ ਹੋਵੇਗੀ ਸੈਲਫ ਫਾਇਨਾਂਸਿੰਗ ਸਕੀਮ
ਪੀ. ਸੀ. ਬੀ. ਨੇ ਫੈਸਲਾ ਲਿਆ ਹੈ ਕਿ ਕੈਂਟ ਬੋਰਡ ਏਰੀਏ ਵਿਚ ਸੈਲਫ ਫਾਇਨਾਂਸਸਿੰਗ ਸਕੀਮ ਜਾਰੀ ਕੀਤੀ ਜਾਵੇਗੀ। ਬੋਰਡ ਦਾ ਖਜ਼ਾਨਾ ਖਾਲੀ ਹੈ ਅਤੇ ਨਵੇਂ ਪ੍ਰਾਜੈਕਟ ਵਿਚ ਪੈਸਾ ਲਾਉਣ ਵਿਚ ਬੋਰਡ ਸਮਰੱਥ ਨਹੀਂ ਹੈ, ਇਸ ਕਾਰਨ ਸੈਲਫ ਫਾਇਨਾਂਸਿੰਗ ਸਕੀਮ ਤਹਿਤ ਟੈਂਡਰ ਖੋਲ੍ਹੇ ਜਾਣਗੇ। ਜਿਸ ਤੋਂ ਬਾਅਦ ਬਿਨੈਕਾਰ ਆਪਣੇ ਪੈਸਿਆਂ ਨਾਲ ਹੀ ਕੈਂਟ ਬੋਰਡ ਦੀ ਥਾਂ ’ਤੇ ਨਿਰਮਾਣ ਕਰੇਗਾ ਅਤੇ ਇਸ ਦੇ ਬਦਲੇ ਕੈਂਟ ਬੋਰਡ ਹਰ ਮਹੀਨੇ ਠੇਕੇਦਾਰ ਤੋਂ ਕਿਰਾਇਆ ਲਵੇਗਾ। ਇਸ ਨਾਲ ਬੋਰਡ ਦੇ ਮਾਲੀਏ ਵਿਚ ਵਾਧਾ ਹੋਵੇਗਾ।
ਪ੍ਰੋਸੀਡਿੰਗ ਉਸੇ ਦਿਨ ਲਿਖਣ ਦਾ ਹੋਇਆ ਫੈਸਲਾ
ਪੀ. ਸੀ. ਬੀ. ਨੇ ਫੈਸਲਾ ਲਿਆ ਹੈ ਕਿ ਕੈਂਟ ਬੋਰਡ ਐਕਟ ਦੇ ਤਹਿਤ ਬੋਰਡ ਬੈਠਕ ਦੀ ਪ੍ਰੋਸੀਡਿੰਗ ਉਸੇ ਦਿਨ ਲਿਖੀ ਜਾਵੇਗੀ। ਬੋਰਡ ਬੈਠਕ ’ਚ ਪ੍ਰੈਜ਼ੀਡੈਂਟ ਰਜਿੰਦਰ ਸ਼ਰਮਾ ਕੁੱਕੀ, ਕੌਂਸਲਰ ਸੰਜੀਵ ਤ੍ਰੇਹਨ, ਕੌਂਸਲਰ ਸੁਨੀਲ ਗੁਪਤਾ, ਕੌਂਸਲਰ ਸ਼ਸ਼ੀ ਭਾਰਦਵਾਜ, ਕੌਂਸਲਰ ਪੁਨੀਤ ਕੌਰ ਚੱਢਾ ਮੌਜੂਦ ਰਹੇ।
ਹਾਈ ਅਲਰਟ ਦੌਰਾਨ ਬੱਸ ਸਟੈਂਡ ਅਤੇ ਹੋਟਲਾਂ ਦੀ ਚੈਕਿੰਗ
NEXT STORY