ਕਪੂਰਥਲਾ, (ਭੂਸ਼ਣ)- ਕੇਂਦਰੀ ਜੇਲ 'ਚੋਂ ਪ੍ਰੋਡਕਸ਼ਨ ਵਾਰੰਟ 'ਤੇ ਥਾਣਾ ਕੋਤਵਾਲੀ ਲਿਆਂਦੇ ਗਏ ਤਿੰਨਾਂ ਹਵਾਲਾਤੀਆਂ ਨੂੰ ਜੇਲ ਪੁਲਸ 'ਚ ਤਾਇਨਾਤ ਇਕ ਹੈੱਡ ਕਾਂਸਟੇਬਲ ਨੇ 40 ਗ੍ਰਾਮ ਹੈਰੋਇਨ ਦੀ ਖੇਪ ਸਪਲਾਈ ਕੀਤੀ ਸੀ। ਜਿਸ ਦਾ ਖੁਲਾਸਾ ਤਿੰਨਾਂ ਹਵਾਲਾਤੀਆਂ ਨੇ ਐਤਵਾਰ ਨੂੰ ਪੁਲਸ ਵੱਲੋਂ ਕੀਤੀ ਗਈ ਪੁੱਛਗਿਛ ਦੌਰਾਨ ਕੀਤਾ ਹੈ। ਮੁਲਜ਼ਮਾਂ ਵੱਲੋਂ ਕੀਤੇ ਗਏ ਇਸ ਸਨਸਨੀਖੇਜ਼ ਖੁਲਾਸੇ ਦੇ ਬਾਅਦ ਜਿਥੇ ਕੋਤਵਾਲੀ ਪੁਲਸ ਨੇ ਮੁਲਜ਼ਮ ਹੈੱਡ ਕਾਂਸਟੇਬਲ ਨੂੰ ਮਾਮਲੇ 'ਚ ਨਾਮਜ਼ਦ ਕਰ ਲਿਆ ਹੈ। ਉਥੇ ਹੀ ਮੁਲਜ਼ਮ ਦੀ ਭਾਲ 'ਚ ਛਾਪਾਮਾਰੀ ਜਾਰੀ ਹੈ।
ਜ਼ਿਕਰਯੋਗ ਹੈ ਕਿ 11 ਫਰਵਰੀ ਦੀ ਰਾਤ ਇਕ ਵਿਸ਼ੇਸ਼ ਸਰਚ ਮੁਹਿੰਮ ਦੌਰਾਨ ਸੀ. ਆਰ. ਪੀ. ਐੱਫ. ਨੇ ਪੁਲਸ ਟੀਮਾਂ ਦੀ ਮਦਦ ਨਾਲ ਕੇਂਦਰੀ ਜੇਲ 'ਚ ਬੰਦ 3 ਹਵਾਲਾਤੀਆਂ ਸੁਖਦੀਪ ਸਿੰਘ ਉਰਫ ਦੀਪਾ ਪੁੱਤਰ ਬਲਬੀਰ ਸਿੰਘ ਵਾਸੀ ਬੁਰਾਈ ਖਾਲਸਾ ਥਾਣਾ ਗੋਰਾਇਆ ਜ਼ਿਲਾ ਜਲੰਧਰ, ਹਰਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਨੰਦਨਪੁਰ ਕਾਲੋਨੀ ਥਾਣਾ ਮਕਸੂਦਾਂ ਜ਼ਿਲਾ ਜਲੰਧਰ ਅਤੇ ਜਸਪਾਲ ਸਿੰਘ ਉਰਫ ਸੋਨੂ ਪੁੱਤਰ ਚਰਨਜੀਤ ਸਿੰਘ ਨਿਵਾਸੀ ਨਿਊ ਗਾਰਡਨ ਕਾਲੋਨੀ, ਜ਼ਿਲਾ ਗੁਰਦਾਸਪੁਰ ਤੋਂ 40 ਗ੍ਰਾਮ ਹੈਰੋਇਨ ਅਤੇ 2 ਮੋਬਾਇਲ ਫੋਨ ਬਰਾਮਦ ਕੀਤੇ ਸਨ। ਜਿਸ ਦੇ ਬਾਅਦ ਥਾਣਾ ਕੋਤਵਾਲੀ ਦੀ ਪੁਲਸ ਨੇ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਹਾਸਲ ਕਰ ਕੇ ਤਿੰਨਾਂ ਹਵਾਲਾਤੀਆਂ ਨੂੰ ਗ੍ਰਿਫਤਾਰ ਕਰ ਕੇ 3 ਦਿਨ ਦੇ ਪੁਲਸ ਰਿਮਾਂਡ 'ਤੇ ਲੈ ਲਿਆ ਸੀ। ਐਤਵਾਰ ਨੂੰ ਮੁਲਜ਼ਮਾਂ ਨੇ ਪੁਲਸ ਟੀਮ ਦੇ ਸਾਹਮਣੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਹੈਰੋਇਨ ਦੀ ਬਰਾਮਦ ਖੇਪ ਜੇਲ ਪੁਲਸ ਵਿਚ ਤਾਇਨਾਤ ਹੈੱਡ ਕਾਂਸਟੇਬਲ ਹਰਪਾਲ ਸਿੰਘ ਨੇ ਸਪਲਾਈ ਕੀਤੀ ਸੀ। ਜਿਸ ਦੇ ਆਧਾਰ 'ਤੇ ਪੁਲਸ ਨੇ ਹਰਪਾਲ ਸਿੰਘ ਨੂੰ ਮਾਮਲੇ ਵਿਚ ਸ਼ਾਮਲ ਕਰ ਕੇ ਜਦੋਂ ਉਸ ਦੇ ਠਿਕਾਣਿਆਂ ਤੇ ਛਾਪਾਮਾਰੀ ਕੀਤੀ ਤਾਂ ਉਹ ਫਰਾਰ ਮਿਲਿਆ। ਮਾਮਲੇ ਦੀ ਜਾਂਚ ਵਿਚ ਜੁਟੀ ਪੁਲਸ ਟੀਮ ਦਾ ਮੰਨਣਾ ਹੈ ਕਿ ਹੁਣ ਹਰਪਾਲ ਸਿੰਘ ਦੀ ਗ੍ਰਿਫਤਾਰੀ ਦੇ ਬਾਅਦ ਇਸ ਪੂਰੇ ਡਰੱਗ ਨੈੱਟਵਰਕ ਵਿਚ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਆਖਰੀ ਸਮਾਚਾਰ ਮਿਲਣ ਤਕ ਐੱਸ. ਐੱਚ. ਓ. ਕੋਤਵਾਲੀ ਇੰਸਪੈਕਟਰ ਨਵਦੀਪ ਸਿੰਘ ਦੀ ਅਗਵਾਈ ਵਿਚ ਹਰਪਾਲ ਸਿੰਘ ਦੀ ਭਾਲ 'ਚ ਛਾਪਾਮਾਰੀ ਜਾਰੀ ਹੈ ।
ਲੈਬਾਰਟਰੀ ਖੁੱਲ੍ਹਣ ਨਾਲ ਆਮ ਲੋਕਾਂ ਨੂੰ ਹੋਵੇਗਾ ਵੱਡਾ ਫਾਇਦਾ : ਵਰਿੰਦਰ ਬਾਜਵਾ
NEXT STORY