ਹੁਸ਼ਿਆਰਪੁਰ, (ਅਮਰਿੰਦਰ)- ਸ਼ਹਿਰ ਦੇ ਘੰਟਾਘਰ ਚੌਕ ਨਾਲ ਲੱਗਦੇ ਜਲੰਧਰ ਰੋਡ ’ਤੇ ਸਥਿਤ ਕੰਪਲੈਕਸ ’ਚ ਟਰੈਵਲ ਏਜੰਟ ਦੀ ਕਥਿਤ ਧੋਖਾਦੇਹੀ ਦਾ ਸ਼ਿਕਾਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚੋਂ ਪਹੁੰਚੇ ਨੌਜਵਾਨਾਂ ਨੇ ਏਜੰਟ ਵਜੋਂ ਕੰਮ ਕਰਨ ਵਾਲੇ ਸੁਖੀਆਬਾਦ ਵਾਸੀ ਟਰੈਵਲ ਏਜੰਟ ਦੇ ਕਰਿੰਦੇ ਵਿਸ਼ਾਲ ਨਾਲ ਨਾ ਸਿਰਫ਼ ਕੁੱਟ-ਮਾਰ ਕੀਤੀ ਸਗੋਂ ਫਡ਼ ਕੇ ਫ਼ਿਲਮੀ ਅੰਦਾਜ਼ ’ਚ ਥਾਣਾ ਸਿਟੀ ਦੀ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਸੂਚਨਾ ਮਿਲਦੇ ਹੀ ਜ਼ਖਮੀ ਵਿਸ਼ਾਲ ਦਾ ਪਰਿਵਾਰ ਅਤੇ ਦੋਸਤ ਥਾਣਾ ਸਿਟੀ ਪਹੁੰਚੇ। ਉਨ੍ਹਾਂ ਜ਼ਖਮੀ ਵਿਸ਼ਾਲ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਦੂਜੇ ਪਾਸੇ ਵੱਡੀ ਗਿਣਤੀ ’ਚ ਪਹੁੰਚੇ ਨੌਜਵਾਨਾਂ ਨੇ ਪੁਲਸ ਨੂੰ ਦੱਸਿਆ ਕਿ ਉਕਤ ਟਰੈਵਲ ਏਜੰਟ ਜਾਰਡਨ ਤੇ ਜਾਰਜੀਆ ਪਹੁੰਚਾਉਣ ਦੇ ਨਾਂ ’ਤੇ ਸਾਡੇ ਕੋਲੋਂ ਹਜ਼ਾਰਾਂ ਦੀ ਰਕਮ ਭੋਟਣ ਤੋਂ ਬਾਅਦ ’ਚ ਪਿਛਲੇ 4 ਦਿਨਾਂ ਤੋਂ ਏਜੰਸੀ ਬੰਦ ਕਰ ਕੇ ਗਾਇਬ ਹੋ ਗਿਆ ਹੈ।
ਨੌਜਵਾਨਾਂ ਦੀ ਕੀ ਹੈ ਪ੍ਰੇਸ਼ਾਨੀ
ਦੁਪਹਿਰ ਬਾਅਦ ਉਕਤ ਟਰੈਵਲ ਏਜੰਟ ਦੇ ਦਫ਼ਤਰ ਬਾਹਰ ਜੁਟੇ ਪੀੜਤ ਨੌਜਵਾਨਾਂ ’ਚ ਬਲਬੀਰ ਕੁਮਾਰ, ਬਲਬੀਰ ਰਾਣਾ, ਅਮਰੀਕ ਲਾਲ, ਹਰਜਿੰਦਰ ਸਿੰਘ ਬੁੱਲ੍ਹੋਵਾਲ, ਮਨਦੀਪ ਕੁਮਾਰ, ਪ੍ਰਦੀਪ ਕੁਮਾਰ ਅਤੇ ਰਮਨ ਕੁਮਾਰ ਵਾਸੀ ਤਲਵੰਡੀ ਕਾਨੂੰਗੋ, ਮੁਕੇਸ਼ ਕੁਮਾਰ ਵਾਸੀ ਪੰਡੋਰੀ ਰੁਕਮਾ, ਜਤਿੰਦਰ ਸਿੰਘ ਵਾਸੀ ਪਨਾਮ, ਮਨਜੀਤ ਸਿੰਘ ਵਾਸੀ ਟਾਂਡਾ ਅਤੇ ਗੁਰਜੀਤ ਸਿੰਘ ਵਾਸੀ ਤਿੱਬਡ਼ੀ ਗੁਰਦਾਸਪੁਰ ਨੇ ਦੱਸਿਆ ਕਿ ਇਸ ਏਜੰਸੀ ਨੇ ‘ਜਾਰਡਨ ਤੇ ਜਾਰਜੀਆ ’ਚ ਵਧੀਆ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ’ ਦਾ ਇਸ਼ਤਿਹਾਰ ਦਿੱਤਾ ਸੀ।
ਏਜੰਟ ਨੇ ਸਾਡੇ ਕੋਲੋਂ ਪਾਸਪੋਰਟ ਤੇ ਪੈਸੇ ਲੈਣ ਤੋਂ ਬਾਅਦ ਕਿਹਾ ਕਿ 20 ਤੋਂ 22 ਅਕਤੂਬਰ ਤੱਕ ਤੁਸੀਂ ਟਿਕਟ ਅਤੇ ਵੀਜ਼ਾ ਲੈ ਜਾਈਓ। ਇਸ ਦੌਰਾਨ ਸਾਨੂੰ ਪਤਾ ਲੱਗਾ ਕਿ ਏਜੰਸੀ ਦੇ ਦਫ਼ਤਰ ’ਚ ਤਾਲਾ ਲੱਗਾ ਹੈ ਅਤੇ ਏਜੰਟ ਲਾਪਤਾ ਹੈ। ਅੱਜ ਅਸੀਂ ਪਹੁੰਚੇ ਤਾਂ ਦੇਖਿਆ ਕਿ ਦਫ਼ਤਰ ਨੂੰ ਤਾਲਾ ਲੱਗਿਆ ਸੀ। ਨੌਜਵਾਨਾਂ ਨੇ ਸਾਫ਼ ਤੌਰ ’ਤੇ ਕਿਹਾ ਕਿ ਅਸੀਂ ਵਿਸ਼ਾਲ ਨਾਲ ਕੁੱਟ-ਮਾਰ ਨਹੀਂ ਕੀਤੀ। ਹੋ ਸਕਦਾ ਹੈ ਕਿ ਸਵੇਰੇ ਆਏ ਨੌਜਵਾਨਾਂ ਨੇ ਕੁੱਟ-ਮਾਰ ਕੀਤੀ ਹੋਵੇ ਪਰ ਸਾਡੇ ਨਾਲ ਧੋਖਾ ਹੋਇਆ ਹੈ।
ਦੋਸ਼ੀ ਨੌਜਵਾਨਾਂ ਖਿਲਾਫ਼ ਪੁਲਸ ਦਰਜ ਕਰੇ ਮਾਮਲਾ
ਜ਼ਖਮੀ ਵਿਸ਼ਾਲ ਨੇ ਸਿਵਲ ਹਸਪਤਾਲ ’ਚ ਮੀਡੀਆ ਨੂੰ ਦੱਸਿਆ ਕਿ ਉਹ ਏਜੰਸੀ ਨਹੀਂ ਚਲਾਉਂਦਾ ਸਗੋਂ ਉਹ ਤਾਂ ਨੌਕਰੀ ਕਰਦਾ ਹੈ। ਨੌਜਵਾਨਾਂ ਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਏਜੰਸੀ ਮਾਲਕ ਨਾਲ ਗੱਲ ਕਰੋ। ਇੰਨੇ ’ਚ ਨੌਜਵਾਨਾਂ ਨੇ ਬੇਵਜ੍ਹਾ ਮੈਨੂੰ ਨਿਸ਼ਾਨਾ ਬਣਾ ਮੇਰੇ ਨਾਲ ਕੁੱਟ-ਮਾਰ ਕੀਤੀ। ਵਿਸ਼ਾਲ ਨੇ ਪੁਲਸ ਕੋਲੋਂ ਦੋਸ਼ੀ ਨੌਜਵਾਨਾਂ ਦੀ ਪਛਾਣ ਕਰ ਕੇ ਉਨ੍ਹਾਂ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ।
ਪੁਲਸ ਕਰ ਰਹੀ ਐ ਮਾਮਲੇ ਦੀ ਜਾਂਚ
ਸੰਪਰਕ ਕਰਨ ’ਤੇ ਐੱਸ.ਐੱਚ.ਓ. ਗੋਬਿੰਦਰ ਬੰਟੀ ਨੇ ਦੱਸਿਆ ਕਿ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਕੇ ਉਕਤ ਟਰੈਵਲ ਏਜੰਸੀ ਦੇ ਦਫ਼ਤਰ ਨੂੰ ਸੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੁਲਸ ਏਜੰਸੀ ਦੇ ਮਾਲਕ ਨਾਲ ਗੱਲਬਾਤ ਕਰ ਕੇ ਮਾਮਲੇ ਦੀ ਜਾਂਚ ਰਿਪੋਰਟ ਆਉਣ ਉਪਰੰਤ ਬਣਦੀ ਕਾਰਵਾਈ ਕਰੇਗੀ।
ਦਵਾਈਆਂ ਦੀ ਦੁਕਾਨ ’ਤੇ ਲੁਟੇਰਿਆਂ ਨੇ ਦਿੱਤਾ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ
NEXT STORY