ਜਲੰਧਰ (ਚੋਪੜਾ)–ਵਿਜੀਲੈਂਸ ਵਿਭਾਗ ਵੱਲੋਂ ਸੋਮਵਾਰ ਆਰ. ਟੀ. ਓ. ਦਫ਼ਤਰ ਅਤੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਨੇੜੇ ਬੱਸ ਸਟੈਂਡ ਵਿਚ ਕੀਤੀ ਰੇਡ ਮੰਗਲਵਾਰ ਦੂਜੇ ਦਿਨ ਵੀ ਜਾਰੀ ਰਹੀ ਅਤੇ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਜਿੱਥੇ ਰਿਕਾਰਡ ਨੂੰ ਚੈੱਕ ਕਰ ਰਹੇ ਹਨ, ਉਥੇ ਹੀ ਕਰਮਚਾਰੀਆਂ ਤੋਂ ਪੁੱਛਗਿੱਛ ਜਾਰੀ ਰੱਖੀ। ਵਿਜੀਲੈਂਸ ਦੀ ਟੀਮ ਮੰਗਲਵਾਰ ਸਵੇਰੇ 9.30 ਵਜੇ ਹੀ ਆਟੋਮੇਟਿਡ ਡਰਾਈਵਿੰਗ ਸੈਂਟਰ ਵਿਚ ਪਹੁੰਚ ਗਈ, ਜਿੱਥੇ ਏ. ਆਰ. ਟੀ. ਓ. ਵਿਸ਼ਾਲ ਗੋਇਲ ਸਮੇਤ ਸੈਂਟਰ ਵਿਚ ਤਾਇਨਾਤ ਕਰਮਚਾਰੀਆਂ ਨੂੰ ਸਰਕਾਰੀ ਛੁੱਟੀ ਦੇ ਬਾਵਜੂਦ ਬੁਲਾਇਆ ਹੋਇਆ ਸੀ। ਵਿਜੀਲੈਂਸ ਟੀਮ ਨੇ ਸੈਂਟਰ ਵਿਚ ਰਹਿ ਕੇ ਲਗਭਗ 5 ਘੰਟੇ ਤਕ ਜਾਂਚ ਕੀਤੀ।
ਵਿਜੀਲੈਂਸ ਵਿਭਾਗ ਦੀ ਟੀਮ ਮੰਗਲਵਾਰ ਵੀ ਡਰਾਈਵਿੰਗ ਸੈਂਟਰ ’ਤੇ ਪਹੁੰਚੀ, ਜਿੱਥੇ ਟੀਮ ਵਿਚ ਸ਼ਾਮਲ ਅਧਿਕਾਰੀਆਂ ਨੇ ਉਥੇ ਤਾਇਨਾਤ ਪ੍ਰਾਈਵੇਟ ਕੰਪਨੀ ਐੱਮ. ਟੈਕ ਦੇ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ। ਵਿਜੀਲੈਂਸ ਟੀਮ ਨੇ ਸੈਂਟਰ ਵਿਚ ਤਾਇਨਾਤ ਕਰਮਚਾਰੀ ਪਵਨਜੀਤ ’ਤੇ ਪੁੱਛਗਿੱਛ ’ਤੇ ਫੋਕਸ ਰੱਖਿਆ ਕਿਉਂਕਿ ਸੋਮਵਾਰ ਹੋਈ ਰੇਡ ਦੌਰਾਨ ਉਸ ਦੇ ਮੇਜ਼ ਤੋਂ ਡਰਾਈਵਿੰਗ ਲਾਇਸੈਂਸ ਸਬੰਧੀ 916 ਅਜਿਹੀਆਂ ਫਾਈਲਾਂ ਵਿਜੀਲੈਂਸ ਦੇ ਹੱਥ ਲੱਗੀਆਂ ਸਨ, ਜਿਨ੍ਹਾਂ ਨੂੰ ਡਾਟਾ ਐਂਟਰੀ ਪੋਸਟ ਨਾ ਹੋਣ ਕਾਰਨ ਉਕਤ ਫਾਈਲਾਂ ਦੀਆਂ ਅਰਜ਼ੀਆਂ ਵਿਚਾਲੇ ਲਟਕੀਆਂ ਹੋਈਆਂ ਸਨ। ਵਿਜੀਲੈਂਸ ਦਾ ਪਵਨਦੀਪ ਤੋਂ ਵੱਡਾ ਸਵਾਲ ਰਿਹਾ ਕਿ ਆਖਿਰ ਕੀ ਕਾਰਨ ਹੈ ਕਿ ਇੰਨੀ ਵੱਡੀ ਤਾਦਾਦ ਵਿਚ ਡਾਟਾ ਐਂਟਰੀ ਨੂੰ ਪੋਸਟ ਕਰਨ ਵਿਚ ਲਾਪਰਵਾਹੀ ਵਰਤੀ ਗਈ। ਵਿਜੀਲੈਂਸ ਅਧਿਕਾਰੀ ਇਸ ਮਾਮਲੇ ਨੂੰ ਭ੍ਰਿਸ਼ਟਾਚਾਰ ਅਤੇ ਪ੍ਰਾਈਵੇਟ ਏਜੰਟਾਂ ਦੀ ਮਿਲੀਭੁਗਤ ਦੇ ਐਂਗਲ ਨਾਲ ਵੀ ਜੋੜ ਕੇ ਵੇਖ ਰਹੇ ਹਨ ਕਿਉਂਕਿ ਪਵਨਦੀਪ ’ਤੇ ਸ਼ੱਕ ਬਣਿਆ ਹੋਇਆ ਹੈ ਕਿ ਉਸ ਨੇ ਜਾਣਬੁੱਝ ਕੇ ਇਨ੍ਹਾਂ ਫਾਈਲਾਂ ਦਾ ਕੰਮ ਨਹੀਂ ਨਿਪਟਾਇਆ। ਅਧਿਕਾਰੀਆਂ ਨੇ ਇਸ ਸਬੰਧ ਵਿਚ ਕਰਮਚਾਰੀਆਂ ਤੋਂ ਪੁੱਛਗਿੱਛ ਕਰਕੇ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ।
ਇਹ ਵੀ ਪੜ੍ਹੋ: ਪੁੱਤ ਰਹਿੰਦਾ ਸੀ ਵਿਦੇਸ਼, ਨੂੰਹ ਨੂੰ ਵੇਖ ਸਹੁਰੇ ਦੀ ਬਦਲੀ ਨੀਅਤ, ਕਾਰਾ ਜਾਣ ਟੱਬਰ ਦੇ ਉੱਡੇ ਹੋਸ਼

ਉਥੇ ਹੀ ਵਿਜੀਲੈਂਸ ਦੇ ਇਕ ਅਧਿਕਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਸੈਂਟਰ ਦੇ ਇਲਾਵਾ ਆਰ. ਟੀ. ਓ. ਵਿਚ ਵੀ ਰਿਕਾਰਡ ਰੂਮ ਨੂੰ ਚੈੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਵਿਜੀਲੈਂਸ ਵਿਭਾਗ ਰਿਕਾਰਡ ਨੂੰ ਡੂੰਘਾਈ ਨਾਲ ਚੈੱਕ ਕਰ ਰਿਹਾ ਹੈ, ਜਿਸ ਵਿਚ ਆਰ. ਟੀ. ਓ. ਵਿਚ ਫੈਲੇ ਭ੍ਰਿਸ਼ਟਾਚਾਰ ਦੀਆਂ ਪਰਤਾਂ ਨੂੰ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਜਾਂਚ ਜਾਰੀ ਹੈ ਅਤੇ ਇਸ ਮਾਮਲੇ ਵਿਚ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਅਧਿਕਾਰੀ ਦੇ ਕਥਨ ਮੁਤਾਬਕ ਜ਼ਾਹਰ ਹੁੰਦਾ ਹੈ ਕਿ ਟਰਾਂਸਪੋਰਟ ਵਿਭਾਗ ਵਿਚ ਬੇਨਿਯਮੀਆਂ ਨੂੰ ਲੈ ਕੇ ਵਿਜੀਲੈਂਸ ਦੀ ਜਾਂਚ ਅਗਲੇ ਕੁਝ ਦਿਨਾਂ ਤਕ ਵੀ ਲਗਾਤਾਰ ਹੁੰਦੀ ਰਹੇਗੀ।
ਆਰ. ਟੀ. ਓ. ਦੇ ਬਾਬੂ, ਉਨ੍ਹਾਂ ਦੇ ਪ੍ਰਾਈਵੇਟ ਕਰਿੰਦੇ ਅਤੇ ਸਰਗਰਮ ਏਜੰਟ ਵਿਜੀਲੈਂਸ ਦੇ ਰਾਡਾਰ ’ਤੇ ਕੋਹਾਂ ਦੂਰ
ਵਿਜੀਲੈਂਸ ਵਿਭਾਗ ਵੱਲੋਂ ਬੀਤੇ ਕੱਲ ਕਈ ਥਾਵਾਂ ’ਤੇ ਇਕੋ ਵੇਲੇ ਕੀਤੀ ਰੇਡ ਨਾਲ ਭਾਵੇਂ ਆਰ. ਟੀ. ਓ. ਵਿਚ ਹਫ਼ੜਾ-ਦਫ਼ੜੀ ਦਾ ਮਾਹੌਲ ਰਿਹਾ ਪਰ ਦੇਰ ਰਾਤ ਤਕ ਵਿਜੀਲੈਂਸ ਦੇ ਦਰਜਨਾਂ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਵਿਚ ਉਨ੍ਹਾਂ ਦੇ ਹੱਥ ਖਾਲੀ ਹੀ ਰਹੇ। ਉਂਝ ਤਾਂ ਆਰ. ਟੀ. ਓ. ਵਿਚ ਤਾਇਨਾਤ ਬਾਬੂਆਂ ਨੇ ਆਪਣੀ ਸਹੂਲਤ ਲਈ ਕਈ ਪ੍ਰਾਈਵੇਟ ਕਰਿੰਦਿਆਂ ਨੂੰ ਰੱਖਿਆ ਹੋਇਆ ਹੈ ਅਤੇ ਉਕਤ ਕਰਿੰਦਿਆਂ ਜ਼ਰੀਏ ਸਾਰੀ ਲੈਣ-ਦੇਣ ਦੀ ਖੇਡ ਖੇਡੀ ਜਾਂਦੀ ਹੈ। ਇੰਨਾ ਹੀ ਨਹੀਂ ਇਹ ਦਸਤਾਵੇਜ਼ਾਂ ਨੂੰ ਅਪਰੂਵਲ ਦੇਣ ਦਾ ਕੰਮ ਵੀ ਕਈ ਬਾਬੂਆਂ ਦੀ ਆਈ. ਡੀ. ਤੋਂ ਕਰਦੇ ਹਨ, ਜਿਸ ਦੀ ਇਵਜ਼ ਵਿਚ ਪ੍ਰਾਈਵੇਟ ਕਰਿੰਦਿਆਂ ਨੂੰ ਤਨਖ਼ਾਹ ਵੀ ਸਰਕਾਰੀ ਅਤੇ ਇਥੇ ਤਾਇਨਾਤ ਸੋਸਾਇਟੀ ਦੇ ਕਰਮਚਾਰੀ ਆਪਣੀ ਜੇਬ ਵਿਚੋਂ ਦਿੰਦੇ ਹਨ। ਇਸ ਦੇ ਇਲਾਵਾ ਆਰ. ਟੀ. ਓ. ਵਿਚ ਦਿਨ ਭਰ ਸਰਗਰਮ ਰਹਿਣ ਵਾਲੇ ਏਜੰਟ ਵੀ ਲੋਕਾਂ ਤੋਂ ਮੋਟੀ ਰਕਮ ਲੈ ਕੇ ਉਨ੍ਹਾਂ ਦੇ ਕੰਮ ਕਰਦੇ ਵਿਖਾਈ ਦਿੰਦੇ ਹਨ।
ਇਹ ਵੀ ਪੜ੍ਹੋ: ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਹਮਲੇ ਦੇ ਮਾਮਲੇ 'ਚ ਵੱਡੀ ਅਪਡੇਟ, UP ਨਾਲ ਜੁੜੇ ਤਾਰ ਤੇ ਨਵੀਂ CCTV ਆਈ ਸਾਹਮਣੇ
ਇਸ ਦੇ ਇਲਾਵਾ ਆਟੋਮੇਟਿਡ ਡਰਾਈਵਿੰਗ ਸੈਂਟਰ ਵਿਚ ਦਰਜਨ ਦੇ ਲਗਭਗ ਅਜਿਹੇ ਪ੍ਰਾਈਵੇਟ ਏਜੰਟ ਰੋਜ਼ਾਨਾ ਮੌਜੂਦ ਰਹਿੰਦੇ ਹਨ, ਜੋਕਿ ਲੋਕਾਂ ਦੇ ਲਾਇਸੈਂਸ ਨੂੰ ਬਿਨਾਂ ਕਿਸੇ ਰੁਕਾਵਟ ਅਤੇ ਜਲਦ ਬਣਵਾਉਣ ਖਾਤਿਰ ਉਨ੍ਹਾਂ ਤੋਂ ਮੋਟੀ ਰਕਮ ਵਸੂਲਦੇ ਵਿਖਾਈ ਦਿੰਦੇ ਹਨ। ਸੈਂਟਰ ਦੇ ਪਾਰਕਿੰਗ ਏਰੀਆ ਨੂੰ ਏਜੰਟਾਂ ਨੇ ਆਪਣਾ ਪੱਕਾ ਟਿਕਾਣਾ ਬਣਾਇਆ ਹੋਇਆ ਹੈ। ਸੈਂਟਰ ਵਿਚ ਡਰਾਈਵਿੰਗ ਟੈਸਟ ਦੇਣ ਦੌਰਾਨ ਟੈਸਟ ਵਿਚ ਫੇਲ ਹੋਏ ਬਿਨੈਕਾਰਾਂ ਨੂੰ ਪਾਸ ਕਰਵਾਉਣ ਸਬੰਧੀ 1500 ਤੋਂ 2000 ਰੁਪਏ ਤਕ ਲੈਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਇੰਨਾ ਹੀ ਨਹੀਂ, ਸੈਂਟਰ ਵਿਚ ਸਰਗਰਮ ਏਜੰਟ ਮਾਫੀਆ ਟੈਸਟ ਲਈ ਕਾਰਾਂ ਵੀ ਮੁਹੱਈਆ ਕਰਵਾਉਂਦਾ ਆ ਰਿਹਾ ਹੈ, ਜਿਸ ਦੀ ਇਵਜ਼ ਵਿਚ ਅਜਿਹੇ ਬਿਨੈਕਾਰਾਂ, ਜਿਨ੍ਹਾਂ ਕੋਲ ਟੈਸਟ ਦੇਣ ਲਈ ਆਪਣੀ ਕਾਰ ਨਹੀਂ ਹੁੰਦੀ, ਤੋਂ ਮੋਟੀ ਰਕਮ ਭੋਟੀ ਜਾਂਦੀ ਹੈ। ਪਰ ਹੈਰਾਨੀਜਨਕ ਹੈ ਕਿ 2 ਦਿਨਾਂ ਵਿਚ ਵਿਜੀਲੈਂਸ ਦੀ ਪਕੜ ਵਿਚ ਆਰ. ਟੀ. ਓ. ਅਤੇ ਆਟੋਮੇਟਿਡ ਸੈਂਟਰ ਵਿਚ ਫੈਲੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਨਾ ਤਾਂ ਕੋਈ ਬਾਬੂ ਆਇਆ ਅਤੇ ਨਾ ਹੀ ਉਨ੍ਹਾਂ ਵੱਲੋਂ ਨਿਯਮਾਂ ਨੂੰ ਤਾਕ ’ਤੇ ਰੱਖ ਕੇ ਆਪਣੇ ਨਾਲ ਰੱਖਿਆ ਕੋਈ ਪ੍ਰਾਈਵੇਟ ਕਰਿੰਦਾ ਅਤੇ ਨਾ ਹੀ ਕੋਈ ਏਜੰਟ ਆਇਆ, ਜਿਸ ਤੋਂ ਲੱਗਦਾ ਹੈ ਕਿ ਵਿਜੀਲੈਂਸ ਦੀ ਰੇਡ ਅਤੇ ਜਾਂਚ ਸਿਰਫ਼ ਖਾਨਾਪੂਰਤੀ ਬਣ ਕੇ ਰਹਿ ਜਾਵੇਗੀ।
ਕਾਮਨ ਸਰਵਿਸ ਸੈਂਟਰ ਦੇ ਪਿਤਾ-ਪੁੱਤਰ ’ਤੇ ਦਰਜ ਕੀਤਾ ਕੇਸ ਬਣ ਸਕਦੈ ਵਿਜੀਲੈਂਸ ਦੀ ਕਿਰਕਿਰੀ ਦਾ ਕਾਰਨ
ਬੀਤੇ ਦਿਨੀਂ ਵਿਜੀਲੈਂਸ ਅਧਿਕਾਰੀਆਂ ਨੇ ਪ੍ਰਸ਼ਾਸਨਿਕ ਕੰਪਲੈਕਸ ਦੇ ਨੇੜੇ ਸਥਿਤ ਸਰਕਾਰ ਵੱਲੋਂ ਲਾਇਸੈਂਸਸ਼ੁਦਾ ਕਾਮਨ ਸਰਵਿਸ ਸੈਂਟਰ ਵਿਚ ਰੇਡ ਕਰਕੇ ਸੈਂਟਰ ਦੇ ਮਾਲਕ ਅਤੇ ਉਥੇ ਕੰਮ ਕਰਨ ਵਾਲੇ 2 ਕਰਿੰਦਿਆਂ ਨੂੰ ਰਾਊਂਡਅਪ ਕੀਤਾ ਸੀ ਪਰ ਦੇਰ ਰਾਤ ਵਿਜੀਲੈਂਸ ਵਿਭਾਗ ਨੇ ਪ੍ਰੈੱਸ ਨੋਟ ਜਾਰੀ ਕਰ ਕੇ ਸੈਂਟਰ ਦੇ ਮਾਲਕ ਵਿਜੇ ਅਤੇ ਉਨ੍ਹਾਂ ਦੇ ਪੁੱਤਰ ਮੋਹਿਤ ’ਤੇ ਫਾਸਟ ਟ੍ਰੈਕ ਆਟੋਮੇਟਿਡ ਡਰਾਈਵਿੰਗ ਐਪਲੀਕੇਸ਼ਨ ਦੀ ਇਵਜ਼ ਵਿਚ 2000 ਰੁਪਏ ਰੰਗੇ ਹੱਥੀਂ ਫੜੇ ਜਾਣ ਸਬੰਧੀ ਜਾਣਕਾਰੀ ਦਿੱਤੀ। ਪਰ ਵਿਜੀਲੈਂਸ ਦੀ ਕਾਰਵਾਈ ਅਧਿਕਾਰੀਆਂ ਅਤੇ ਸਰਕਾਰ ਦੀ ਕਿਰਕਿਰੀ ਦਾ ਕਾਰਨ ਬਣ ਸਕਦੀ ਹੈ ਕਿਉਂਕਿ ਕਾਮਨ ਸਰਵਿਸ ਸੈਂਟਰ ਵਿਚ ਜਦੋਂ ਪੁਲਸ ਨੇ ਰੇਡ ਕੀਤੀ ਸੀ, ਉਦੋਂ ਮੋਹਿਤ ਉਥੇ ਮੌਜੂਦ ਹੀ ਨਹੀਂ ਸੀ। ਅਜਿਹੀ ਸਥਿਤੀ ਵਿਚ ਉਸ ਨੂੰ ਰੰਗੇ ਹੱਥੀਂ ਕਿਵੇਂ ਫੜ ਲਿਆ ਗਿਆ। ਦੂਜੇ ਪਾਸੇ ਮੋਹਿਤ ਨੇ ਵਿਜੀਲੈਂਸ ਦੀ ਰੇਡ ’ਤੇ ਖੁਲਾਸਾ ਕਰਦਿਆਂ ਦੱਿਸਆ ਕਿ ਵਿਭਾਗ ਦੇ ਹੀ ਕਿਸੇ ਵਿਅਕਤੀ ਨੇ ਡਰਾਈਵਿੰਗ ਲਾਇਸੈਂਸ ਰੀਨਿਊ ਕਰਵਾਉਣ ਸਬੰਧੀ ਉਸ ਨਾਲ ਫੋਨ ’ਤੇ ਸੰਪਰਕ ਕੀਤਾ, ਜਿਸ ਤੋਂ ਬਾਅਦ ਉਕਤ ਵਿਅਕਤੀ ਨੇ ਸੈਂਟਰ ਵਿਚ ਆ ਕੇ ਸਾਰੇ ਦਸਤਾਵੇਜ਼ ਦੇ ਕੇ ਆਪਣੀ ਫਾਈਲ ਤਿਆਰ ਕਰਵਾਈ, ਜਿਸ ਬਦਲੇ ਉਕਤ ਵਿਅਕਤੀ ਨੇ ਉਨ੍ਹਾਂ ਦੇ ਪਿਤਾ ਨੂੰ 1800 ਰੁਪਏ ਦਿੱਤੇ। ਉਨ੍ਹਾਂ ਦੱਸਿਆ ਕਿ ਇਨ੍ਹਾਂ 1800 ਰੁਪਏ ਵਿਚੋਂ 1385 ਦੀ ਸਰਕਾਰੀ ਫੀਸ ਵੀ ਸ਼ਾਮਲ ਹੈ ਅਤੇ ਬਾਕੀ ਦੇ 415 ਰੁਪ ਏ ਵਿਚ ਫਾਈਲ ਤਿਆਰ ਕਰਨ, ਆਨਲਾਈਨ ਅਪਲਾਈ ਕਰਨ ਤੋਂ ਇਲਾਵਾ ਸੈਂਟਰ ਦੇ ਨੌਕਰਾਂ ਦੇ ਖਰਚ, ਕਿਰਾਇਆ, ਕੰਪਿਊਟਰ, ਪ੍ਰਿੰਟਰ, ਸਕੈਨਰ ਅਤੇ ਹੋਰ ਬਿਜਲੀ ਦੇ ਉਪਕਰਨਾਂ ਦਾ ਖਰਚ ਨਿਕਲਦਾ ਹੈ।
ਮੋਹਿਤ ਨੇ ਦੱਸਿਆ ਕਿ ਵਿਜੀਲੈਂਸ ਦੀ ਟੀਮ ਦਾ ਲਾਇਸੈਂਸ ਅਪਲਾਈ ਕਰਨ ਤੋਂ ਇਲਾਵਾ ਉਨ੍ਹਾਂ ਦੇ ਸੈਂਟਰ ਵਿਚ ਰੇਡ ਕਰਕੇ ਉਨ੍ਹਾਂ ਦੇ ਪਿਤਾ ਅਤੇ 2 ਕਰਿੰਦਿਆਂ ਨੂੰ ਫੜ ਕੇ ਲਿਜਾਣ ਦਾ ਸਾਰਾ ਮਾਮਲਾ ਸੈਂਟਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਵੁਆਇਸ ਰਿਕਾਰਡਿੰਗ ਦੇ ਨਾਲ ਰਿਕਾਰਡ ਹੈ। ਮੋਹਿਤ ਨੇ ਦੱਸਿਆ ਕਿ ਇੰਨਾ ਹੀ ਨਹੀਂ, ਉਹ ਬੀਤੀ ਰਾਤ ਤਕ ਖੁਦ ਆਪਣੇ ਪਿਤਾ ਨੂੰ ਮਿਲਣ ਸਬੰਧੀ ਵਿਜੀਲੈਂਸ ਵਿਭਾਗ ਦੇ ਦਫਤਰ ਵਿਚ ਆਉਂਦਾ-ਜਾਂਦਾ ਰਿਹਾ ਹੈ। ਅਜਿਹੀ ਸਥਿਤੀ ਵਿਚ ਉਸ ’ਤੇ ਝੂਠਾ ਕੇਸ ਦਰਜ ਕਰ ਦਿੱਤਾ ਜਾਣਾ ਉਸ ਦੀ ਸਮਝ ਤੋਂ ਪਰ੍ਹੇ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵਿਭਾਗ ਦੀ ਧੱਕੇਸ਼ਾਹੀ ਅਤੇ ਝੂਠੇ ਕੇਸ ਸਬੰਧੀ ਉਹ ਮਾਣਯੋਗ ਅਦਾਲਤ ਅੱਗੇ ਇਨਸਾਫ ਦੀ ਫਰਿਆਦ ਕਰਨਗੇ ਤਾਂ ਕਿ ਸਾਰੇ ਸਬੂਤਾਂ ਦੇ ਆਧਾਰ ’ਤੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ। ਮੋਹਿਤ ਨੇ ਸਪੱਸ਼ਟ ਕੀਤਾ ਕਿ ਨਾ ਤਾਂ ਵਿਜੀਲੈਂਸ ਨੇ ਉਨ੍ਹਾਂ ਨੂੰ ਕਿਸੇ ਜੁਰਮ ਵਿਚ ਰੰਗੇ ਹੱਥੀਂ ਫੜਿਆ ਹੈ ਅਤੇ ਨਾ ਹੀ ਉਨ੍ਹਾਂ ਦੀ ਕੋਈ ਗ੍ਰਿਫ਼ਤਾਰੀ ਹੋਈ। ਵਿਜੀਲੈਂਸ ਵੱਲੋਂ ਮੀਡੀਆ ਨੂੰ ਦਿੱਤੀ ਗਈ ਜਾਣਕਾਰੀ ਸਰਾਸਰ ਝੂਠ ਦਾ ਪੁਲੰਦਾ ਹੈ।
ਇਹ ਵੀ ਪੜ੍ਹੋ: PSPCL ਨੂੰ ਸਖ਼ਤ ਹੁਕਮ ਜਾਰੀ, ਪੰਜਾਬ 'ਚ ਹੁਣ ਇਨ੍ਹਾਂ ਘਰਾਂ 'ਚ ਵੀ ਮਿਲੇਗਾ ਬਿਜਲੀ ਕੁਨੈਕਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ
NEXT STORY