ਅਦਾਕਾਰ ਆਰ. ਮਾਧਵਨ, ਅਪਾਰਸ਼ਕਤੀ ਖੁਰਾਣਾ, ਦਰਸ਼ਨ ਕੁਮਾਰ ਤੇ ਖੁਸ਼ਾਲੀ ਕੁਮਾਰ ਸਟਾਰਰ ਫ਼ਿਲਮ ‘ਧੋਖਾ ਰਾਊਂਡ ਡੀ ਕਾਰਨਰ’ 23 ਸਤੰਬਰ ਨੂੰ ਰਿਲੀਜ਼ ਹੋ ਗਈ ਹੈ। ਇਸ ਥ੍ਰਿਲਰ ਡਰਾਮਾ ਫ਼ਿਲਮ ’ਚ ਜ਼ਬਰਦਸਤ ਟਵਿਸਟ ਐਂਡ ਟਰਨ ਹਨ। ਇਸ ਫ਼ਿਲਮ ’ਚ ਪ੍ਰੋਡਿਊਸਰ ਭੂਸ਼ਣ ਦੀ ਭੈਣ ਖੁਸ਼ਾਲੀ ਕੁਮਾਰ ਨੇ ਆਪਣਾ ਡੈਬਿਊ ਕੀਤਾ ਹੈ। ਕੁਕੀ ਗੁਲਾਟੀ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ਨੂੰ ਭੂਸ਼ਣ ਕੁਮਾਰ ਤੇ ਵਿਕਰਾਂਤ ਸ਼ਰਮਾ ਨੇ ਮਿਲ ਕੇ ਬਣਾਇਆ ਹੈ। ਫ਼ਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੀ ਸਟਾਰਕਾਸਟ ਤੇ ਡਾਇਰੈਕਟਰ ਕੁਕੀ ਗੁਲਾਟੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–
ਖੁਸ਼ਾਲੀ ਕੁਮਾਰ
ਸਵਾਲ– ਜ਼ਿਆਦਾਤਰ ਅਦਾਕਾਰਾਂ ਡੈਬਿਊ ਲਈ ਗਲੈਮਰ ਵਾਲੇ ਕਿਰਦਾਰ ਕਰਨਾ ਪਸੰਦ ਕਰਦੀਆਂ ਹਨ। ਤੁਸੀਂ ਇਸ ਥ੍ਰਿਲਰ ਡਰਾਮਾ ਨੂੰ ਕਿਉਂ ਚੁਣਿਆ?
ਜਵਾਬ– ਇਹ ਬਹੁਤ ਹੀ ਮਜ਼ੇਦਾਰ ਕਿਰਦਾਰ ਹੈ, ਮੈਂ ਆਡੀਸ਼ਨ ਦਿੱਤਾ ਸੀ ਤੇ ਕੁਕੀ ਸਰ ਨੇ ਮੈਨੂੰ ਚੁਣਿਆ। ਜਿਵੇਂ ਕਿ ਤੁਸੀਂ ਟਰੇਲਰ ’ਚ ਦੇਖਿਆ ਹੈ ਕਿ ਕਿੰਨੀਆਂ ਲੇਅਰਜ਼ ਹਨ ਇਸ ਕਿਰਦਾਰ ’ਚ। ਮੈਂ ਲੱਕੀ ਹਾਂ ਕਿ ਡੈਬਿਊ ਲਈ ਮੈਨੂੰ ਇਹ ਫ਼ਿਲਮ ਮਿਲੀ, ਸਾਰੀ ਸਟਾਰਕਾਸਟ ਗਜ਼ਬ ਦੀ ਹੈ।
ਸਵਾਲ– ਇੰਨੇ ਵਧੀਆ ਕਲਾਕਾਰਾਂ ਨਾਲ ਕੰਮ ਕਰਨ ਦਾ ਕਿਹੋ-ਜਿਹਾ ਤਜਰਬਾ ਰਿਹਾ? ਕੀ ਕੁਝ ਸਿੱਖਣ ਲਈ ਮਿਲਿਆ?
ਜਵਾਬ– ਜੀ ਮੇਰੇ ਲਈ ਤਾਂ ਅਜਿਹਾ ਸੀ ਕਿ ਮੈਂ ਐਕਟਿੰਗ ਸਕੂਲ ’ਚ ਹਾਂ ਤੇ ਚਾਰੇ ਪਾਸਿਆਂ ਤੋਂ ਕੁਝ ਸਿੱਖਣ ਲਈ ਮਿਲ ਰਿਹਾ ਹੈ। ਹਰ ਦਿਨ ਕੁਝ ਨਾ ਕੁਝ ਸਿੱਖਣ ਲਈ ਸੀ। ਮਾਧਵਨ ਸਰ ਤਾਂ ਚੰਗੀ ਤਰ੍ਹਾਂ ਜਾਣਦੇ ਹਨ ਕਿ ਆਪਣੇ ਕੋ-ਸਟਾਰ ਨੂੰ ਕਿਵੇਂ ਫਲੋਅ ’ਚ ਲਿਆਉਣਾ ਹੈ। ਇਹ ਮੇਰੀ ਡੈਬਿਊ ਫ਼ਿਲਮ ਹੈ, ਜੋ ਹਮੇਸ਼ਾ ਮੇਰੇ ਦਿਲ ਦੇ ਨੇੜੇ ਰਹੇਗੀ।
ਦਰਸ਼ਨ ਕੁਮਾਰ
ਸਵਾਲ– ਤੁਸੀਂ ਦੱਸਿਆ ਕਿ ਜਦੋਂ ਸਕ੍ਰਿਪਟ ਪੜ੍ਹੀ ਤਾਂ ਤੁਹਾਨੂੰ ਇਕ ਵਾਰ ’ਚ ਕੁਝ ਸਮਝ ਨਹੀਂ ਆਇਆ। ਤੁਹਾਨੂੰ ਦੁਬਾਰਾ ਫ਼ਿਲਮ ਦੀ ਕਹਾਣੀ ਪੜ੍ਹਨੀ ਪਈ?
ਜਵਾਬ– ਹਾਂ ਸੱਚ ’ਚ ਅਜਿਹਾ ਹੋਇਆ। ਦਰਅਸਲ, ਇਸ ਕਹਾਣੀ ਦੇ ਹਰ ਕਿਰਦਾਰ ’ਚ ਲੇਅਰਜ਼ ਹਨ, ਜੋ ਦੋ ਵਾਰ ਪੜ੍ਹਨ ’ਤੇ ਸਮਝ ਆਉਂਦੀਆਂ ਹਨ। ਦੇਖੋ ਇਕ ਥ੍ਰਿਲਰ ਫ਼ਿਲਮ ਦਾ ਫੰਡਾ ਇਹ ਹੈ ਕਿ ਜੋ ਉਮੀਦ ਕਰ ਰਹੇ ਹੋਵੋ ਉਹ ਨਾ ਹੋਵੇ। ਇਹੀ ਇਸ ਫ਼ਿਲਮ ਦੀ ਸੁੰਦਰਤਾ ਹੈ। ਇਸ ਕਹਾਣੀ ਨੂੰ ਪੜ੍ਹਨ ਤੋਂ ਬਾਅਦ ਦੋ-ਤਿੰਨ ਦਿਨ ਤਕ ਇਸੇ ’ਚ ਗੁਆਚਿਆ ਰਿਹਾ।
ਸਵਾਲ– ਇਨ੍ਹੀਂ ਦਿਨੀਂ ਚਾਰੇ ਪਾਸੇ ਤੁਹਾਡੇ ਕੰਮ ਦੀ ਸ਼ਲਾਘਾ ਹੋ ਰਹੀ ਹੈ। ਕਿਵੇਂ ਮਹਿਸੂਸ ਕਰ ਰਹੇ ਹੋ?
ਜਵਾਬ– ਜੀ ਬਹੁਤ ਚੰਗਾ ਲੱਗਦਾ ਹੈ, ਜੇਕਰ ਤੁਹਾਡੀ ਮਿਹਨਤ ਦੀ ਕੋਈ ਤਾਰੀਫ਼ ਕਰੇ। ਮੈਂ ਸਿਰਫ਼ ਇਹ ਕਹਿਣਾ ਚਾਹਾਂਗਾ ਕਿ ਮੈਂ ਇਸ ਭਰੋਸੇ ਨੂੰ ਹਮੇਸ਼ਾ ਰੱਖਾਂਗਾ ਤੇ ਹਰ ਵਾਰ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਾਂਗਾ।
ਕੁਕੀ ਗੁਲਾਟੀ
ਸਵਾਲ– ਇੰਨੀ ਬਿਹਤਰੀਨ ਕਾਸਟਿੰਗ ਤੁਸੀਂ ਕਿਵੇਂ ਕਰ ਸਕੇ?
ਜਵਾਬ– ਦੇਖੋ ਇਹ ਕੰਮ ਮੇਰੇ ਇਕੱਲੇ ਦਾ ਨਹੀਂ, ਸਗੋਂ ਬਹੁਤ ਸਾਰੇ ਲੋਕਾਂ ਦਾ ਰਿਹਾ। ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬਾੜਾ, ਪ੍ਰੋਡਿਊਸਰ ਤੇ ਮੈਂ, ਸਾਰਿਆਂ ਨੇ ਮਿਲ ਕੇ ਫ਼ਿਲਮ ਦੀ ਕਾਸਟਿੰਗ ’ਤੇ ਮੈਂ ਮਿਹਨਤ ਕੀਤੀ ਹੈ। ਮੈਂ 2017 ਤੋਂ ਇਸ ਕਹਾਣੀ ਲਈ ਮਾਧਵਨ ਦੇ ਪਿੱਛੇ ਘੁੰਮ ਰਿਹਾ ਸੀ। ਮੁਕੇਸ਼ ਛਾਬੜਾ ਨੇ ਖੁਸ਼ਾਲੀ ਦਾ ਸਕ੍ਰੀਨ ਟੈਸਟ ਲਿਆ। ਅਪਾਰਸ਼ਕਤੀ ਲਈ ਭੂਸ਼ਣ ਸਰ ਦਾ ਫੋਨ ਆਇਆ ਤਾਂ ਇਹ ਕੰਮ ਸਾਰਿਆਂ ਨੇ ਮਿਲ ਕੇ ਕੀਤਾ ਤੇ ਇੰਨੀ ਚੰਗੀ ਕਾਸਟਿੰਗ ਹੋ ਸਕੀ।
ਸਵਾਲ– ਸੈੱਟ ’ਤੇ ਸਭ ਨਾਲ ਕੰਮ ਕਰਨਾ ਕਿਹੋ ਜਿਹਾ ਸੀ?
ਜਵਾਬ– ਸਭ ਬਹੁਤ ਚੰਗੇ ਹਨ। ਜਿਸ ਨੂੰ ਜਿਵੇਂ ਕਹੋ, ਉਹ ਇਕ ਵਾਰ ’ਚ ਫੜ੍ਹ ਲੈਂਦਾ ਸੀ, ਕਦੇ ਕਿਸੇ ਨੇ ਨਹੀਂ ਸੋਚਿਆ ਕਿ ਮੇਰਾ ਕਿਰਦਾਰ ਅਜਿਹਾ ਹੋਣਾ ਚਾਹੀਦਾ ਹੈ ਜਾਂ ਨਹੀਂ। ਤੁਹਾਨੂੰ ਕੋਈ ਕਿਰਦਾਰ ਇਕ ਢਾਂਚੇ ਨਾਲ ਬੰਨ੍ਹਿਆ ਹੋਇਆ ਨਹੀਂ ਦਿਸੇਗਾ।
ਅਪਾਰਸ਼ਕਤੀ ਖੁਰਾਣਾ
ਸਵਾਲ– ਇਸ ਫ਼ਿਲਮ ਨੂੰ ਸਾਈਨ ਕਰਨਾ ਖ਼ੁਦ ਦਾ ਫ਼ੈਸਲਾ ਸੀ ਜਾਂ ਘਰ ’ਚ ਕਿਸੇ ਦੀ ਰਾਏ ਵੀ ਲਈ?
ਜਵਾਬ– ਹੁਣ ਤੱਕ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ ਹਨ, ਉਹ ਆਪਣੇ ਫ਼ੈਸਲੇ ਨਾਲ ਕੀਤੀਆਂ ਹਨ। ਪਰਿਵਾਰ ਨਾਲ ਬੈਠਣ ਦਾ ਸਮਾਂ ਘੱਟ ਹੈ। ਜਿੰਨਾ ਸਮਾਂ ਮਿਲਦਾ ਹੈ, ਉਸ ’ਚ ਫ਼ਿਲਮਾਂ ਦੀ ਚਰਚਾ ਨਹੀਂ ਕਰਦੇ ਤੇ ਹੋਰ ਬਹੁਤ ਚੀਜ਼ਾਂ ਹੁੰਦੀਆਂ ਹਨ। ਹਾਂ, ਸੰਗੀਤ ਦੀ ਗੱਲ ਜ਼ਰੂਰ ਹੁੰਦੀ ਹੈ। ਜਦੋਂ ਮੈਂ ਇਸ ਫ਼ਿਲਮ ਦੀ ਕਹਾਣੀ ਪੜ੍ਹੀ ਤਾਂ ਮੈਨੂੰ ਇਹ ਬਹੁਤ ਪਸੰਦ ਆਈ, ਉਦੋਂ ਹੀ ਸੋਚਿਆ ਕਿ ਇਹ ਤਾਂ ਜ਼ਰੂਰ ਕਰਨੀ ਹੈ।
ਸਵਾਲ– ਤੁਹਾਡੇ ਕਿਰਦਾਰ ’ਚ ਕੀ ਵੱਖਰਾ ਹੈ?
ਜਵਾਬ– ਮੈਂ ਦੱਸਣਾ ਚਾਹਾਂਗਾ ਕਿ ਮੈਂ ਅੱਜ ਤਕ ਅਜਿਹਾ ਕਿਰਦਾਰ ਨਿਭਾਇਆ ਹੀ ਨਹੀਂ। ਜਦੋਂ ਮੈਨੂੰ ਪਤਾ ਲੱਗਾ ਕਿ ਮੇਰਾ ਕਿਰਦਾਰ ਕਸ਼ਮੀਰੀ ਅੱਤਵਾਦੀ ਦਾ ਹੈ ਤਾਂ ਮੈਂ ਸਰ ਨੂੰ ਕਿਹਾ ਕਿ ਜੇਕਰ ਮੇਰਾ ਕਿਰਦਾਰ ਯੂ. ਪੀ., ਐੱਮ. ਪੀ. ਦਾ ਨਹੀਂ ਹੋ ਸਕਦਾ ਤਾਂ ਸਰ ਨੇ ਇਨਕਾਰ ਕਰ ਦਿੱਤਾ ਤਾਂ ਪਹਿਲਾਂ ਮੈਂ ਭਾਸ਼ਾ ਵੱਲ ਧਿਆਨ ਦਿੱਤਾ ਤੇ ਉਥੋਂ ਦੀਆਂ ਗਾਲ੍ਹਾਂ ਵੀ ਸਿੱਖੀਆਂ। ਮੈਂ ਇਸ ਫ਼ਿਲਮ ਦਾ ਹਿੱਸਾ ਬਣ ਕੇ ਖ਼ੁਸ਼ ਹਾਂ।
ਆਰ. ਮਾਧਵਨ
ਸਵਾਲ– ਇਸ ਫ਼ਿਲਮ ਬਾਰੇ ਕੁਝ ਦੱਸੋ?
ਜਵਾਬ– ਜਿਸ ਤਰ੍ਹਾਂ ਟਰੇਲਰ ਕੱਟਿਆ ਗਿਆ ਹੈ, ਉਹ ਬਹੁਤ ਉਲਝਣ ਵਾਲਾ ਹੈ। ਮੈਨੂੰ ਸਮਝ ਨਹੀਂ ਆ ਰਹੀ ਕਿ ਕੌਣ ਕਿਸ ਨੂੰ ਧੋਖਾ ਦੇ ਰਿਹਾ ਹੈ। ਇਸ ਫ਼ਿਲਮ ਦੀ ਖ਼ਾਸੀਅਤ ਇਹ ਹੈ ਕਿ ਜੋ ਦਿਸ ਰਿਹਾ ਹੈ, ਉਹ ਨਹੀਂ ਹੈ। ਇਸ ਦੀ ਕਹਾਣੀ ਬਹੁਤ ਸਰਲ ਤੇ ਸਾਧਾਰਨ ਹੈ। ਤੁਹਾਨੂੰ ਇਹ ਫ਼ਿਲਮ ਬਹੁਤ ਪਸੰਦ ਆਵੇਗੀ ਤੇ ਬਿਲਕੁਲ ਵੀ ਧੋਖਾ ਨਹੀਂ ਦੇਵੇਗੀ।
ਸਵਾਲ– ਤੁਹਾਡੀਆਂ ਫ਼ਿਲਮਾਂ ਦੀ ਚੋਣ ਬਿਲਕੁਲ ਵੱਖਰੀ ਹੈ। ਸਕ੍ਰਿਪਟ ਦੀ ਚੋਣ ਕਿਵੇਂ ਕਰਦੇ ਹੋ?
ਜਵਾਬ– ਮਾਧਵਨ ਹੱਸਦੇ ਹੋਏ ਕਹਿੰਦੇ ਹਨ, ਦੇਖੋ, ਨਾ ਤਾਂ ਮੈਂ ਰਿਤਿਕ ਦੀ ਤਰ੍ਹਾਂ ਡਾਂਸ ਕਰ ਸਕਦਾ ਹਾਂ ਤੇ ਨਾ ਹੀ ਭਾਈ ਵਾਂਗ ਮਾਰ ਸਕਦਾ ਹਾਂ, ਇਸ ਲਈ ਮੇਰੇ ਕੋਲ ਬਦਲਵੀਂ ਇਕ ਕਹਾਣੀ ਹੁੰਦੀ ਹੈ। ਮੈਂ ਇਕ ਅਜਿਹੀ ਕਹਾਣੀ ਦੇਖਦਾ ਹਾਂ, ਜੋ ਮੈਨੂੰ ਲੋਕਾਂ ਦੇ ਮਨਾਂ ’ਚ ਜ਼ਿੰਦਾ ਰੱਖੇ। ਮੈਂ ਬਹੁਤ ਧਿਆਨ ਦਿੰਦਾ ਹਾਂ ਕਿ ਮੇਰੀ ਕਹਾਣੀ ਕਾਫੀ ਵੱਖਰੀ ਰਹੇ।
ਸਵਾਲ– ਓ. ਟੀ. ਟੀ. ਦੇ ਆਉਣ ਤੋਂ ਬਾਅਦ ਦਰਸ਼ਕਾਂ ਦੀਆਂ ਉਮੀਦਾਂ ਬਦਲ ਗਈਆਂ ਹਨ। ਤੁਸੀਂ ਉਸ ਨੂੰ ਕਿਵੇਂ ਮੈਚ ਕਰ ਪਾਉਂਦੇ ਹੋ?
ਜਵਾਬ– ਲੋਕਾਂ ਨੂੰ ਲੱਗਦਾ ਹੈ ਕਿ ਅਦਾਕਾਰੀ ਤਾਂ ਅਦਾਕਾਰੀ ਹੀ ਹੁੰਦੀ ਹੈ, ਭਾਵੇਂ ਫ਼ਿਲਮਾਂ ਲਈ ਕਰੀਏ ਜਾਂ ਓ. ਟੀ. ਟੀ. ਲਈ। ਮੈਂ ਕਈ ਅਜਿਹੇ ਲੋਕਾਂ ਨੂੰ ਮਿਲਿਆ, ਜੋ ਕਹਿੰਦੇ ਸਨ ਕਿ ਫ਼ਿਲਮ ਬਣਾਉਂਦੇ ਹਾਂ ਚੱਲ ਗਈ ਤਾਂ ਠੀਕ ਹੈ ਨਹੀਂ ਤਾਂ ਓ. ਟੀ. ਟੀ. ’ਤੇ ਕੱਢ ਦੇਵਾਂਗੇ ਪਰ ਅਜਿਹਾ ਬਿਲਕੁਲ ਹੋ ਹੀ ਨਹੀਂ ਸਕਦਾ।
ਓ. ਟੀ. ਟੀ. ਲਈ ਕੰਮ ਕਰਨਾ ਬਹੁਤ ਔਖਾ ਹੈ। ਭਾਰਤ ’ਚ ਓ. ਟੀ. ਟੀ. ਲਈ ਕੰਮ ਕਰਨਾ ਤੇ ਵਿਦੇਸ਼ਾਂ ’ਚ ਸੀਰੀਅਲਾਂ ’ਚ ਕੰਮ ਕਰਨ ’ਚ ਬਹੁਤ ਫਰਕ ਹੈ। ਇਥੇ ਜੇਕਰ ਤੁਸੀਂ ਇਕ ਵੈੱਬ ਸੀਰੀਜ਼ ’ਚ ਕੰਮ ਕਰ ਰਹੇ ਹੋ ਤੇ ਇਸ ’ਚ 8 ਐਪੀਸੋਡਸ ਹਨ। ਇਕ ਐਪੀਸੋਡ 40 ਮਿੰਟ ਦਾ ਹੈ ਤਾਂ ਇਹ 4 ਫ਼ਿਲਮਾਂ ਦੇ ਬਰਾਬਰ ਹੋ ਜਾਂਦਾ ਹੈ। ਪੈਸਾ ਤੁਹਾਨੂੰ ਓਨਾ ਹੀ ਮਿਲੇਗਾ ਪਰ ਬਾਹਰ ਤੁਹਾਨੂੰ ਸੀਰੀਅਲ ਦਾ ਇੰਨਾ ਪੈਸਾ ਦੇ ਦਿੰਦੇ ਹਨ ਕਿ ਤੁਹਾਡਾ ਗੁਜ਼ਾਰਾ ਹੋ ਜਾਵੇ।
ਡਾਇਰੈਕਟਰ ਅਲੀ ਅੱਬਾਸ ਜ਼ਫਰ ਦੇ ਘਰ ਆਈਆਂ ਖੁਸ਼ੀਆਂ, ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ
NEXT STORY