ਐਂਟਰਟੇਨਮੈਂਟ ਡੈਸਕ - ਅਭਿਨੇਤਾ, ਲੇਖਕ ਤੇ ਨਿਰਦੇਸ਼ਕ ਕੁਣਾਲ ਖੇਮੂ ਹੁਣ ਇਕ ਨਵੇਂ ਰੂਪ ਵਿਚ ਦਰਸ਼ਕਾਂ ਦੇ ਸਾਹਮਣੇ ਹਨ। ਉਹ ਪਹਿਲੀ ਵਾਰ ਇਕ ਰਿਐਲਿਟੀ ਸ਼ੋਅ ਨੂੰ ਹੋਸਟ ਕਰਦੇ ਨਜ਼ਰ ਆ ਰਹੇ ਹਨ। ਐਮਾਜ਼ੋਨ ਪ੍ਰਾਈਮ ਵੀਡੀਓ ਦਾ ਨਵਾਂ ਰਿਐਲਿਟੀ ਸ਼ੋਅ ‘ਦ ਅਲਾਇੰਸ’ 26 ਜੂਨ ਤੋਂ ਸ਼ੁਰੂ ਹੋ ਚੁੱਕਾ ਹੈ। ਇਸ ਸ਼ੋਅ ਵਿਚ ਹੋਸਟ ਬਣੇ ਕੁਣਾਲ ਖੇਮੂ ਨੇ ਆਪਣੇ ਹੋਸਟ ਬਣਨ ਦੇ ਤਜਰਬੇ, ਸ਼ੋਅ ਦੇ ਅਨੋਖੇ ਫਾਰਮੈਟ, ਰਿਐਲਿਟੀ ਸ਼ੋਅਜ਼ ਨੂੰ ਲੈ ਕੇ ਆਪਣੀ ਸੋਚ ਸਮੇਤ ਕਈ ਪਹਿਲੂਆਂ ਬਾਰੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
Q ਪਹਿਲੀ ਵਾਰ ਕਿਸੇ ਰਿਐਲਿਟੀ ਸ਼ੋਅ ਨੂੰ ਹੋਸਟ ਕਰ ਕੇ ਕਿਹੋ ਜਿਹਾ ਲੱਗ ਰਿਹਾ ਹੈ?
-ਅਜੇ ਤਾਂ ਸਿੱਖ ਰਿਹਾ ਹਾਂ। ਮੈਂ ਅਜੇ ਬਸ ਇਕ-ਦੋ ਐਪੀਸੋਡ ਹੀ ਹੋਸਟ ਕੀਤੇ ਹਨ ਪਰ ਮਜ਼ਾ ਬਹੁਤ ਆ ਰਿਹਾ ਹੈ। ਹਾਲਾਂਕਿ ਇਹ ਮੇਰੇ ਲਈ ਬਿਲਕੁਲ ਵੱਖਰੀ ਦੁਨੀਆ ਹੈ। ਜੇਕਰ ਕ੍ਰਿਕਟ ਦੀ ਭਾਸ਼ਾ ਵਿਚ ਕਹਾਂ ਤਾਂ ਜਿਵੇਂ ਟੈਸਟ, ਵਨਡੇ ਤੇ ਟੀ-20 ਇਕੋ ਖੇਡ ਦੇ ਵੱਖ-ਵੱਖ ਫਾਰਮੈਟ ਹੁੰਦੇ ਹਨ ਪਰ ਇੱਥੇ ਤਾਂ ਮੈਨੂੰ ਅਜਿਹਾ ਲੱਗ ਰਿਹਾ ਹੈ ਕਿ ਖੇਡ ਹੀ ਬਦਲ ਗਈ ਹੈ। ਇਸ ਦੀ ਟ੍ਰੇਨਿੰਗ ਵੱਖਰੀ ਹੈ, ਕੰਮ ਕਰਨ ਦਾ ਤਰੀਕਾ ਵੱਖਰਾ ਹੈ ਅਤੇ ਪੂਰੀ ਸੋਚ ਵੀ ਵੱਖਰੀ ਹੈ ਪਰ ਜੋ ਉਤਸ਼ਾਹ ਹੈ, ਉਹ ਉਸੇ ਤਰ੍ਹਾਂ ਦਾ ਹੀ ਹੈ ਕਿਉਂਕਿ ਮੈਂ ਪਹਿਲਾਂ ਕਦੇ ਅਜਿਹਾ ਨਹੀਂ ਕੀਤਾ। ਮੈਂ ਵੀ ਸਿੱਖ ਰਿਹਾ ਹਾਂ ਕਿ ਕੈਮਰੇ ਦੇ ਪਿੱਛੇ ਕਿਸ ਤਰ੍ਹਾਂ ਇਕ ਰਿਐਲਿਟੀ ਸ਼ੋਅ ਬਣਦਾ ਹੈ। ਪਹਿਲੀ ਵਾਰ ਕੰਟੈਸਟੈਂਟਸ ਦੇ ਬਿਲਕੁਲ ਸਾਹਮਣੇ ਖੜ੍ਹੇ ਹੋ ਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰਨਾ, ਉਨ੍ਹਾਂ ਦੇ ਰਿਐਕਸ਼ਨ ਦੇਖਣਾ, ਇਹ ਸਭ ਆਪਣੇ-ਆਪ ਵਿਚ ਨਵਾਂ ਤਜਰਬਾ ਹੈ। ਮੈਨੂੰ ਹਮੇਸ਼ਾ ਤੋਂ ਹੋਸਟਿੰਗ ਵਿਚ ਦਿਲਚਸਪੀ ਸੀ ਅਤੇ ਹੁਣ ਉਸ ਨੂੰ ਖੁਦ ਮਹਿਸੂਸ ਕਰਨ ਦਾ ਮੌਕਾ ਮਿਲਿਆ ਹੈ। ਜਦੋਂ ਪੂਰਾ ਸ਼ੋਅ ਖਤਮ ਹੋਵੇਗਾ ਤਾਂ ਹੀ ਸ਼ਾਇਦ ਮੈਂ ਬਿਹਤਰ ਤਰੀਕੇ ਨਾਲ ਦੱਸ ਸਕਾਂਗਾ ਕਿ ਇਹ ਸਫ਼ਰ ਕਿਹੋ ਜਿਹਾ ਰਿਹਾ ਪਰ ਫਿਲਹਾਲ ਮੈਂ ਇਸ ਦਾ ਪੂਰਾ ਆਨੰਦ ਲੈ ਰਿਹਾ ਹਾਂ।
Q ਇਹ ਮੌਕਾ ਤੁਹਾਨੂੰ ਕਿਵੇਂ ਮਿਲਿਆ? ਤੁਸੀਂ ਤਾਂ ਕਦੇ ਹੋਸਟਿੰਗ ਦੀ ਗੱਲ ਵੀ ਨਹੀਂ ਕੀਤੀ ਸੀ?
-ਮੈਨੂੰ ਨਹੀਂ ਲੱਗਦਾ ਕਿ ਮੈਂ ਕਦੇ ਕਿਸੇ ਰਿਐਲਿਟੀ ਸ਼ੋਅ ਦਾ ਕੰਟੈਸਟੈਂਟ ਵੀ ਬਣ ਸਕਦਾ ਹਾਂ। ਮੈਂ ਬਹੁਤ ਜ਼ਿਆਦਾ ਦੇਰ ਤੱਕ ਇਕੋ ਜਗ੍ਹਾ ਬੰਦ ਰਹਿ ਹੀ ਨਹੀਂ ਸਕਦਾ। ਮੈਨੂੰ ਘੁੰਮਣਾ-ਫਿਰਨਾ ਪਸੰਦ ਹੈ। ਜੇਕਰ ਕੋਈ ਮੈਨੂੰ ਕਹੇ ਕਿ ਇੱਥੇ ਹੀ ਬੈਠਾ ਰਹਿ ਜਾਂ ਕਿਤੇ ਨਾ ਜਾ ਤਾਂ ਮੇਰੇ ਲਈ ਬਹੁਤ ਮੁਸ਼ਕਲ ਹੋ ਜਾਵੇਗਾ। ਜਦੋਂ ਐਮਾਜ਼ੋਨ ਪ੍ਰਾਈਮ ਵੀਡੀਓ ਅਤੇ ਬਨੀਜੇ ਏਸ਼ੀਆ ਮੇਰੇ ਕੋਲ ਇਹ ਸ਼ੋਅ ਲੈ ਕੇ ਆਏ ਤਾਂ ਮੈਂ ਉਨ੍ਹਾਂ ਨੂੰ ਇਹੀ ਪੁੱਛਿਆ ਕਿ ਆਖਰ ਉਨ੍ਹਾਂ ਨੇ ਮੇਰੇ ਵਿਚ ਅਜਿਹਾ ਕੀ ਦੇਖਿਆ ਕਿ ਮੈਂ ਇਸ ਸ਼ੋਅ ਨੂੰ ਹੋਸਟ ਕਰ ਸਕਦਾ ਹਾਂ। ਉਸ ਵੇਲੇ ਉਨ੍ਹਾਂ ਨੇ ਬਹੁਤ ਵਧੀਆ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਅੱਜਕੱਲ ਰਿਐਲਿਟੀ ਸ਼ੋਅਜ਼ ਬਹੁਤ ਹਨ ਪਰ ਉਹ ਇਸ ਸਪੇਸ ਵਿਚ ਕੁਝ ਨਵਾਂ ਕਰਨਾ ਚਾਹੁੰਦੇ ਸਨ। ਇਹ ਫਾਰਮੈਟ ਭਾਰਤ ਵਿਚ ਪਹਿਲੀ ਵਾਰ ਆ ਰਿਹਾ ਹੈ, ਇਸ ਲਈ ਉਨ੍ਹਾਂ ਨੂੰ ਇਕ ਵੱਖਰੀ ਤਰ੍ਹਾਂ ਦੀ ਐਨਰਜੀ ਵਾਲਾ ਹੋਸਟ ਚਾਹੀਦਾ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਮੈਂ ਇਹ ਕਰ ਸਕਦਾ ਹਾਂ ਤਾਂ ਅਸੀਂ ਸਭ ਮਿਲ ਕੇ ਸਿੱਖਦੇ ਹਾਂ। ਉਂਝ ਵੀ ਇਹ ਪ੍ਰਾਈਮ ਵੀਡੀਓ ਦਾ ਪਹਿਲਾ ਵੱਡਾ ਨਾਨ-ਫਿਕਸ਼ਨ ਰਿਐਲਿਟੀ ਸ਼ੋਅ ਹੈ ਅਤੇ ਇਸ ਫਾਰਮੈਟ ਵਿਚ ਬਨੀਜੇ ਵੀ ਪਹਿਲੀ ਵਾਰ ਕੰਮ ਕਰ ਰਿਹਾ ਹੈ। ਜਾਂ ਤਾਂ ਅਸੀਂ ਬਹੁਤ ਚੰਗਾ ਕਰਾਂਗੇ ਜਾਂ ਫਿਰ ਬਹੁਤ ਕੁਝ ਸਿੱਖਾਂਗੇ।
ਇਹ ਲੋਕਾਂ ਦੀਆਂ ਭਾਵਨਾਵਾਂ, ਦੋਸਤੀ ਤੇ ਰਿਸ਼ਤਿਆਂ ਦਾ ਸ਼ੋਅ ਹੈ
Q ‘ਦ ਅਲਾਇੰਸ’ ਵਿਚ ਅਜਿਹਾ ਕੀ ਹੈ ਜੋ ਇਸ ਨੂੰ ਦੂਜੇ ਸ਼ੋਅਜ਼ ਤੋਂ ਵੱਖਰਾ ਬਣਾਉਂਦਾ ਹੈ?
-ਸਭ ਤੋਂ ਪਹਿਲਾਂ ਮੈਂ ਇਸ ਦੇ ਉੱਪਰੋਂ ਥੋੜ੍ਹਾ ਪ੍ਰੈਸ਼ਰ ਹਟਾਉਣਾ ਚਾਹਾਂਗਾ ਕਿਉਂਕਿ ਜੇਕਰ ਅਸੀਂ ਕਹਿੰਦੇ ਹਾਂ ਕਿ ਇਹ ਵੱਖਰਾ ਹੈ ਤਾਂ ਲੋਕ ਤੁਰੰਤ ਪੁੱਛਦੇ ਹਨ ਕਿ ਇਸ ਵਿਚ ਨਵਾਂ ਕੀ ਹੈ? ਆਖਰ ਇਹ ਵੀ ਤਾਂ ਇਕ ਰਿਐਲਿਟੀ ਸ਼ੋਅ ਹੀ ਹੈ। ਇਹ ਲੋਕਾਂ ਦੀਆਂ ਭਾਵਨਾਵਾਂ, ਦੋਸਤੀ ਤੇ ਰਿਸ਼ਤਿਆਂ ਦਾ ਸ਼ੋਅ ਹੈ ਪਰ ਇਸ ਦਾ ਪੂਰਾ ਫਾਰਮੈਟ ਵੱਖਰਾ ਹੈ। ਇੱਥੇ ਤੁਸੀਂ ਇਕੱਲੇ ਨਹੀਂ ਆਉਂਦੇ ਸਗੋਂ ਜੋੜੀ ਬਣਾ ਕੇ ਆਉਂਦੇ ਹੋ। ਇਹ ਜੋੜੀ ਤੁਹਾਡੀ ਦੋਸਤੀ ਦੀ ਹੋ ਸਕਦੀ ਹੈ ਜਾਂ ਅਸਲ ਜ਼ਿੰਦਗੀ ਦੇ ਕਿਸੇ ਰਿਸ਼ਤੇ ਦੀ ਪਰ ਘਰ ਵਿਚ ਦਾਖਲ ਹੁੰਦੇ ਹੀ ਸਭ ਤੋਂ ਪਹਿਲਾਂ ਉਹੀ ਜੋੜੀਆਂ ਟੁੱਟ ਜਾਂਦੀਆਂ ਹਨ। ਇਸ ਤੋਂ ਬਾਅਦ ਤੁਹਾਨੂੰ ਨਵੀਂ ਅਲਾਇੰਸ ਬਣਾਉਣੀ ਪੈਂਦੀ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਅਲਾਇੰਸ ਹਰ ਹਫ਼ਤੇ ਬਦਲਦੀ ਰਹਿੰਦੀ ਹੈ। ਮਤਲਬ ਜਿਨ੍ਹਾਂ ਲੋਕਾਂ ਨਾਲ ਅੱਜ ਤੁਸੀਂ ਖੇਡ ਰਹੇ ਹੋ, ਅਗਲੇ ਹਫ਼ਤੇ ਉਹੀ ਤੁਹਾਡੇ ਵਿਰੋਧੀ ਵੀ ਹੋ ਸਕਦੇ ਹਨ। ਇਸ ਤੋਂ ਇਲਾਵਾ ਇੱਥੇ ਵੱਖ-ਵੱਖ ਤਰ੍ਹਾਂ ਦੇ ਚੈਲੰਜ ਹੋਣਗੇ। ਇਨ੍ਹਾਂ ਦੇ ਆਧਾਰ ’ਤੇ ਹੀ ਤੁਹਾਡੀ ਟੀਮ ਦੀ ਰੈਂਕਿੰਗ ਤੈਅ ਹੋਵੇਗੀ। ਜਿਹੜੀ ਟੀਮ ਪਹਿਲੇ ਨੰਬਰ ’ਤੇ ਆਵੇਗੀ, ਸਿਰਫ਼ ਉਹੀ ਸੁਰੱਖਿਅਤ ਰਹੇਗੀ। ਬਾਕੀ ਸਾਰਿਆਂ ਨੂੰ ਸਰਵਾਈਵ ਕਰਨ ਲਈ ਫਿਰ ਮੁਕਾਬਲਾ ਕਰਨਾ ਪਵੇਗਾ। ਇਕ ਹੋਰ ਖਾਸ ਗੱਲ ਇਹ ਹੈ ਕਿ ਇੱਥੇ ਐਲੀਮੀਨੇਸ਼ਨ ਦਰਸ਼ਕ ਜਾਂ ਹੋਸਟ ਤੈਅ ਨਹੀਂ ਕਰਨਗੇ। ਇਹ ਪੂਰੀ ਤਰ੍ਹਾਂ ਗੇਮ, ਅਲਾਇੰਸ ਅਤੇ ਖਿਡਾਰੀਆਂ ਦੀ ਕਾਰਗੁਜ਼ਾਰੀ ’ਤੇ ਨਿਰਭਰ ਕਰੇਗਾ।
Q ਤੁਹਾਨੂੰ ਖੁਦ ਇਸ ਪੂਰੇ ਫਾਰਮੈਟ ਨੂੰ ਸਮਝਣ ਵਿਚ ਕਿੰਨਾ ਸਮਾਂ ਲੱਗਿਆ?
-ਪਹਿਲੀ ਵਾਰ ਜਦੋਂ ਮੈਨੂੰ ਪੂਰਾ ਫਾਰਮੈਟ ਦੱਸਿਆ ਗਿਆ ਤਾਂ ਮੈਂ ਵੀ ਥੋੜ੍ਹਾ ਕਨਫਿਊਜ਼ ਹੋ ਗਿਆ ਸੀ। ਸਕੂਲ ਵਿਚ ਕਹਿੰਦੇ ਸੀ ਨਾ ਕਿ ਲਿਖੋਗੇ ਤਾਂ ਯਾਦ ਹੋਵੇਗਾ, ਬਿਲਕੁਲ ਉਵੇਂ ਹੀ ਹੋਇਆ। ਜਦੋਂ ਮੈਂ ਦੋ-ਤਿੰਨ ਵਾਰ ਇਸ ਨੂੰ ਸੁਣਿਆ, ਫਿਰ ਕੰਟੈਸਟੈਂਟਸ ਨੂੰ ਸਮਝਾਇਆ, ਤਾਂ ਜਾ ਕੇ ਮੈਨੂੰ ਖੁਦ ਵੀ ਪੂਰੀ ਤਰ੍ਹਾਂ ਸਮਝ ਆਇਆ। ਕਈ ਵਾਰ ਦੂਜਿਆਂ ਨੂੰ ਸਮਝਾਉਂਦੇ-ਸਮਝਾਉਂਦੇ ਖੁਦ ਵੀ ਚੀਜ਼ਾਂ ਜ਼ਿਆਦਾ ਚੰਗੀ ਤਰ੍ਹਾਂ ਸਮਝ ਵਿਚ ਆ ਜਾਂਦੀਆਂ ਹਨ।
Q ਟ੍ਰੇਲਰ ਵਿਚ ਜਿਹੜੀਆਂ ਜੋੜੀਆਂ ਦਿਖਾਈਆਂ ਗਈਆਂ ਹਨ, ਉਨ੍ਹਾਂ ਵਿਚੋਂ ਕਿਹੜੀ ਸਭ ਤੋਂ ਅਖੀਰ ਤੱਕ ਜਾਵੇਗੀ?
-ਸੱਚ ਦੱਸਾਂ ਤਾਂ ਪਹਿਲੇ ਦਿਨ ਮੈਨੂੰ ਵੀ ਲੱਗਿਆ ਸੀ ਕਿ ਅਜੇ ਤਾਂ ਸ਼ੁਰੂਆਤ ਹੈ, ਹੌਲੀ-ਹੌਲੀ ਚੀਜ਼ਾਂ ਬਦਲਣਗੀਆਂ ਪਰ ਪਹਿਲੇ 15 ਮਿੰਟਾਂ ਵਿਚ ਹੀ ਸਭ ਕੁਝ ਬਦਲ ਗਿਆ। ਇਸ ਲਈ ਮੈਂ ਕੋਈ ਭਵਿੱਖਬਾਣੀ ਬਿਲਕੁਲ ਨਹੀਂ ਕਰ ਸਕਦਾ।
Q ਇਸ ਸ਼ੋਅ ਵਿਚ ਕਿਸ ਤਰ੍ਹਾਂ ਦੇ ਟਾਸਕ ਦੇਖਣ ਨੂੰ ਮਿਲਣਗੇ?
-ਇੱਥੇ ਸਿਰਫ਼ ਗੱਲਬਾਤ ਜਾਂ ਡਰਾਮਾ ਨਹੀਂ ਹੋਵੇਗਾ। ਇੱਥੇ ਫਿਜ਼ੀਕਲ ਚੈਲੰਜ ਵੀ ਹੋਣਗੇ, ਮੈਂਟਲ ਚੈਲੰਜ ਵੀ ਹੋਣਗੇ ਅਤੇ ਇਮੋਸ਼ਨਲ ਚੈਲੰਜ ਵੀ। ਕਈ ਟਾਸਕ ਅਜਿਹੇ ਹੋਣਗੇ ਜਿਨ੍ਹਾਂ ਵਿਚ ਤੁਹਾਨੂੰ ਆਪਣੀ ਟੀਮ ਨਾਲ ਰਣਨੀਤੀ ਬਣਾਉਣੀ ਪਵੇਗੀ। ਤੁਹਾਨੂੰ ਤੈਅ ਕਰਨਾ ਪਵੇਗਾ ਕਿ ਕਿਸ ਮੈਂਬਰ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਜਾਵੇ। ਹਰ ਖਿਡਾਰੀ ਦੀ ਤਾਕਤ ਤੇ ਕਮਜ਼ੋਰੀ ਦੀ ਸਹੀ ਵਰਤੋਂ ਕਰਨੀ ਪਵੇਗੀ। ਇਸ ਤੋਂ ਇਲਾਵਾ ਵੱਡੇ-ਵੱਡੇ ਸਟੰਟ ਅਤੇ ਫਿਜ਼ੀਕਲ ਟੈਸਟ ਵੀ ਹੋਣਗੇ, ਜਿਨ੍ਹਾਂ ਲਈ ਖਾਸ ਟੀਮ ਕੰਮ ਕਰ ਰਹੀ ਹੈ।
Q ਇੱਥੇ ਸਭ ਤੋਂ ਵੱਡਾ ਖ਼ਤਰਾ ਦੁਸ਼ਮਣ ਤੋਂ ਹੋਵੇਗਾ ਜਾਂ ਦੋਸਤ ਤੋਂ?
-ਦੋਵਾਂ ਤੋਂ ਹੋ ਸਕਦਾ ਹੈ ਕਿਉਂਕਿ ਇੱਥੇ ਰਿਸ਼ਤੇ ਹਰ ਹਫ਼ਤੇ ਬਦਲਦੇ ਹਨ। ਅੱਜ ਜਿਹੜਾ ਤੁਹਾਡਾ ਦੋਸਤ ਹੈ, ਕੱਲ ਉਹ ਦੂਜੀ ਅਲਾਇੰਸ ਵਿਚ ਜਾ ਕੇ ਤੁਹਾਡਾ ਮੁਕਾਬਲਾ ਕਰੇਗਾ। ਕਦੇ ਤੁਹਾਡੀ ਆਪਣੀ ਪਸੰਦ ਕਰ ਕੇ ਤਾਂ ਕਦੇ ਗੇਮ ਕਰ ਕੇ, ਤੁਹਾਨੂੰ ਉਨ੍ਹਾਂ ਹੀ ਲੋਕਾਂ ਖ਼ਿਲਾਫ਼ ਖੇਡਣਾ ਪਵੇਗਾ ਜਿਨ੍ਹਾਂ ਨਾਲ ਤੁਸੀਂ ਪਹਿਲਾਂ ਸੀ।
24 ਘੰਟੇ ਕੈਮਰਿਆਂ ਦੇ ਵਿਚਕਾਰ ਰਹਿਣਾ ਮੇਰੇ ਲਈ ਮੁਮਕਿਨ ਨਹੀਂ
Q ਜੇਕਰ ਤੁਹਾਨੂੰ ਕਿਸੇ ਰਿਐਲਿਟੀ ਸ਼ੋਅ ਵਿਚ ਕੰਟੈਸਟੈਂਟ ਬਣਨਾ ਪਵੇ ਤਾਂ ਕਿਸ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੋਗੇ?
-ਮੈਂ ਤਾਂ ਜਾਵਾਂਗਾ ਹੀ ਨਹੀਂ। ਮੈਨੂੰ ਬਹੁਤ ਡਰ ਲੱਗਦਾ ਹੈ ਅਜਿਹੇ ਸ਼ੋਅਜ਼ ਤੋਂ। ਉਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਕੋਈ ਕਹੇ ਕਿ ਸੋਚੋ ਤੁਹਾਡੀ 10 ਹਜ਼ਾਰ ਕਰੋੜ ਦੀ ਲਾਟਰੀ ਲੱਗ ਗਈ ਹੈ। ਮੈਂ ਅਜਿਹੇ ਸੁਪਨੇ ਨਹੀਂ ਦੇਖਦਾ। ਮੈਂ ਕਿਸੇ ਰਿਐਲਿਟੀ ਸ਼ੋਅ ਵਿਚ ਕੰਟੈਸਟੈਂਟ ਬਣਨਾ ਹੀ ਨਹੀਂ ਹੈ। ਉੱਥੇ ਹਰ ਵੇਲੇ ਕੋਈ ਨਾ ਕੋਈ ਤੁਹਾਨੂੰ ਦੱਸ ਰਿਹਾ ਹੁੰਦਾ ਹੈ ਕਿ ਕਦੋਂ ਉੱਠਣਾ ਹੈ, ਕੀ ਕਰਨਾ ਹੈ, ਕਿੱਥੇ ਜਾਣਾ ਹੈ। ਮੈਂ ਅਜਿਹਾ ਇਨਸਾਨ ਨਹੀਂ ਹਾਂ। ਮੈਨੂੰ ਆਜ਼ਾਦੀ ਪਸੰਦ ਹੈ। ਇਸ ਤੋਂ ਇਲਾਵਾ 24 ਘੰਟੇ ਕੈਮਰੇ ਤੁਹਾਨੂੰ ਰਿਕਾਰਡ ਕਰ ਰਹੇ ਹੁੰਦੇ ਹਨ। ਹਰ ਵੇਲੇ ਲੋਕ ਤੁਹਾਨੂੰ ਜੱਜ ਕਰ ਰਹੇ ਹੁੰਦੇ ਹਨ। ਜਦੋਂ ਤੁਸੀਂ ਸ਼ੋਅ ’ਚੋਂ ਬਾਹਰ ਨਿਕਲਦੇ ਹੋ ਤਾਂ ਪਤਾ ਲੱਗਦਾ ਹੈ ਕਿ ਦੁਨੀਆ ਨੇ ਤੁਹਾਡੇ ਬਾਰੇ ਕੀ-ਕੀ ਸੋਚਿਆ। ਇਹ ਆਸਾਨ ਨਹੀਂ ਹੈ। ਇਸ ਲਈ ਮੈਂ ਉਨ੍ਹਾਂ ਲੋਕਾਂ ਦੀ ਬਹੁਤ ਇੱਜ਼ਤ ਕਰਦਾ ਹਾਂ ਜੋ ਅਜਿਹੇ ਸ਼ੋਅ ਵਿਚ ਹਿੱਸਾ ਲੈਂਦੇ ਹਨ।
ਵਿਆਹ ਦੇ ਬੰਧਨ 'ਚ ਬੱਝੀ ਦੁਨੀਆ ਦੀ ਮਸ਼ਹੂਰ ਗਾਇਕਾ ! ਇਸ ਸਟਾਰ ਖਿਡਾਰੀ ਨੂੰ ਚੁਣਿਆ ਜੀਵਨਸਾਥੀ
NEXT STORY