ਜਲੰਧਰ (ਜ. ਬ.)- ਪੰਜਾਬੀ ਫਿਲਮ ‘ਸਰਬਾਲਾ ਜੀ’ ਦੁਨੀਆ ਭਰ ’ਚ ਕੱਲ ਭਾਵ 18 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ’ਚ ਗਿੱਪੀ ਗਰੇਵਾਲ, ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਮਨਦੀਪ ਕੁਮਾਰ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਇੰਦਰਜੀਤ ਮੋਗਾ ਵੱਲੋਂ ਲਿਖੀ ਗਈ ਹੈ। ਫਿਲਮ ਟਿਪਸ ਫਿਲਮਜ਼ ਦੇ ਕੁਮਾਰ ਤੌਰਾਨੀ ਤੇ ਗੀਰਿਸ਼ ਤੌਰਾਨੀ ਵੱਲੋਂ ਪ੍ਰੋਡਿਊਜ਼ ਕੀਤਾ ਗਿਆ ਹੈ। ਫਿਲਮ ਦੀ ਸਟਾਰ ਕਾਸਟ ਨਾਲ ਫਿਲਮ ਸਬੰਧੀ ਖ਼ਾਸ ਗੱਲਬਾਤ ਕੀਤੀ ਗਈ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–
ਸਵਾਲ– ਵਿਆਹ ਦੇ ਇੰਨੇ ਸਾਲਾਂ ਬਾਅਦ ਤੁਹਾਨੂੰ ਸਰਬਾਲਾ ਬਣਨ ਦਾ ਮੌਕਾ ਮਿਲਿਆ ਹੈ। ਕਿਵੇਂ ਦਾ ਤਜਰਬਾ ਰਿਹਾ?
ਗਿੱਪੀ ਗਰੇਵਾਲ– ਤਜਰਬਾ ਬਹੁਤ ਵਧੀਆ ਰਿਹਾ। ਮੈਂ ਜਦੋਂ ਕਹਾਣੀ ਵੀ ਨਹੀਂ ਸੁਣੀ ਸੀ, ਉਦੋਂ ਵਨ ਲਾਈਨਰ ਹੀ ਸੁਣਿਆ ਸੀ ਤੇ ਮੈਨੂੰ ਲੱਗਾ ਸੀ ਕਿ ਇਹ ਫਿਲਮ ਕਰਨੀ ਚਾਹੀਦੀ ਹੈ। ਇਸ ਦਾ ਕਾਰਨ ਇਹ ਸੀ ਕਿ ਮੈਨੂੰ ਲੱਗਦਾ ਹੈ ਕਿ ਪੰਜਾਬੀ ਸਿਨੇਮਾ ’ਚ ਮਲਟੀ ਸਟਾਰਰ ਫਿਲਮਾਂ ਨਹੀਂ ਬਣਦੀਆਂ ਪਰ ਇਨ੍ਹਾਂ ਫਿਲਮਾਂ ਦੀ ਪੰਜਾਬੀ ਸਿਨੇਮਾ ਨੂੰ ਬਹੁਤ ਲੋੜ ਹੈ।
ਸਵਾਲ– ਸ਼ੂਟਿੰਗ ਦੌਰਾਨ ਸੈੱਟ ’ਤੇ ਕਿਵੇਂ ਦਾ ਮਾਹੌਲ ਸੀ?
ਐਮੀ ਵਿਰਕ– ਸਾਡੇ ਸਾਰਿਆਂ ਦੇ ਮਨ ’ਚ ਸੀ ਕਿ ਮਲਟੀ ਸਟਾਰਰ ਫਿਲਮ ਬਣਨੀ ਚਾਹੀਦੀ ਹੈ। ਮੈਂ ਗਿੱਪੀ ਭਾਅ ਜੀ ਨੂੰ ਫਿਲਮ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਮਿਲਿਆ ਵੀ ਸੀ। ਸੈੱਟ ਦਾ ਮਾਹੌਲ ਵੀ ਵਿਆਹ ਵਾਲਾ ਹੁੰਦਾ ਸੀ ਕਿਉਂਕਿ ਸਾਰੇ ਹੀ ਫਿਲਮ ਜਗਤ ਦੇ ਸੁਪਰਸਟਾਰ ਇਸ ਫਿਲਮ ਦਾ ਹਿੱਸਾ ਹਨ। ਅਸੀਂ ਵਿਆਹ ਵਾਂਗ ਹੀ ਇਸ ਫਿਲਮ ਦੀ ਸ਼ੂਟਿੰਗ ਕੀਤੀ ਤੇ ਆਨੰਦ ਮਾਣਿਆ।
ਸਵਾਲ– ਸਹਿ-ਕਲਾਕਾਰਾਂ ਨਾਲ ਟਿਊਨਿੰਗ ਕਿਵੇਂ ਦੀ ਰਹੀ?
ਸਰਗੁਣ ਮਹਿਤਾ– ਮੈਂ ਜਦੋਂ ਪਹਿਲੀ ਵਾਰ ਫਿਲਮ ਸੁਣੀ ਸੀ, ਉਦੋਂ ਹੀ ਮੈਨੂੰ ਪਤਾ ਲੱਗ ਗਿਆ ਸੀ ਕਿ ਫਿਲਮ ਦਾ ਮਾਹੌਲ ਇਕ ਤਿਉਹਾਰ ਵਾਂਗ ਹੋਣ ਵਾਲਾ ਹੈ। ਸਾਰਿਆਂ ਨਾਲ ਟਿਊਨਿੰਗ ਵੀ ਬਹੁਤ ਵਧੀਆ ਹੈ। ਪਤਾ ਹੀ ਨਹੀਂ ਲੱਗਾ ਕਿ ਫਿਲਮ ਕਦੋਂ ਖ਼ਤਮ ਹੋ ਗਈ। ਫਿਲਮ ’ਚ ਹਾਸਾ-ਖੇਡਾਂ, ਪਿਆਰ-ਮੁਹੱਬਤ ਤੇ ਫੈਮਿਲੀ ਡਰਾਮਾ ਭਰਪੂਰ ਦੇਖਣ ਨੂੰ ਮਿਲਣ ਵਾਲਾ ਹੈ। ਮੈਂ ਪਹਿਲਾਂ ਹੀ ਆਪਣੇ ਸਹਿ-ਕਲਾਕਾਰਾਂ ਨਾਲ ਕੰਮ ਕੀਤਾ ਹੋਇਆ ਹੈ। ਇਨ੍ਹਾਂ ਨਾਲ ਕੋਈ ਫਿਲਮ ਕਰਨੀ ਹੋਰ ਵੀ ਸੌਖੀ ਹੋ ਜਾਂਦੀ ਹੈ।
ਸਵਾਲ– ਅਸਲ ਜ਼ਿੰਦਗੀ ’ਚ ਤੁਸੀਂ ਕਿਵੇਂ ਦੇ ਹੋ ਤੇ ਫਿਲਮ ’ਚ ਕਿਵੇਂ ਦਾ ਕਿਰਦਾਰ ਦੇਖਣ ਨੂੰ ਮਿਲਣ ਵਾਲਾ ਹੈ?
ਨਿਮਰਤ ਖਹਿਰਾ– ਅਸਲ ਜ਼ਿੰਦਗੀ ਦਾ ਇਸ ਫਿਲਮ ਨਾਲ ਕੋਈ-ਲੈਣਾ ਦੇਣਾ ਨਹੀਂ ਹੈ ਪਰ ਇਸ ਫਿਲਮ ’ਚ ਮੈਂ ਤੁਹਾਨੂੰ ਅੜਬ ਲੱਗ ਰਹੀ ਹਾਂ ਪਰ ਮੇਰੇ ਕਿਰਦਾਰ ਦੇ ਹੋਰ ਬਹੁਤ ਸਾਰੇ ਰੰਗ ਫਿਲਮ ’ਚ ਤੁਹਾਨੂੰ ਦੇਖਣ ਨੂੰ ਮਿਲਣਗੇ। ਜਦੋਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗੇਗੀ।
ਸਵਾਲ– ਫਿਲਮ ਦਾ ਵਿਸ਼ਾ ਚੁਣਨਾ ਕਿੰਨਾ ਕੁ ਮੁਸ਼ਕਿਲ ਹੁੰਦਾ ਹੈ?
ਗਿੱਪੀ ਗਰੇਵਾਲ– ਵਿਸ਼ਾ ਚੁਣਨਾ ਅੱਜ-ਕੱਲ ਇੰਨਾ ਮੁਸ਼ਕਿਲ ਨਹੀਂ ਹੈ ਕਿਉਂਕਿ ਵਿਸ਼ੇ ਅੱਜ ਦੇ ਸਮੇਂ ’ਚ ਬਹੁਤ ਸਾਰੇ ਹਨ ਪਰ ਦਰਸ਼ਕਾਂ ਦਾ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਨੇ ਕੀ ਪਸੰਦ ਕਰਨਾ ਹੈ ਤੇ ਕੀ ਨਹੀਂ। ਫਿਲਮ ਅਸੀਂ ਦਰਸ਼ਕਾਂ ਲਈ ਬਣਾਉਂਦੇ ਹਾਂ, ਜੋ ਉਹ ਪਾਸ ਕਰਦੇ ਹਨ ਉਹ ਵਧੀਆ ਹੈ ਤੇ ਜੋ ਉਹ ਨਹੀਂ ਪਾਸ ਕਰਦੇ, ਉਹ ਨਹੀਂ ਵਧੀਆ।
ਸਵਾਲ– ਇਸ ਫਿਲਮ ’ਚ ਤੁਸੀਂ ਨੈਚੁਰਲ ਐਕਟਿੰਗ ਕੀਤੀ ਜਾਂ ਕਿਰਦਾਰ ਲਈ ਕੁਝ ਵੱਖਰਾ ਕਰਨਾ ਪਿਆ?
ਐਮੀ ਵਿਰਕ– ਇਸ ਰੰਗ ’ਚ ਤੁਸੀਂ ਮੈਨੂੰ ਪਹਿਲਾਂ ਹੀ ਦੇਖਿਆ ਹੋਇਆ ਹੈ। ਇਸ ਕਰਕੇ ਹੋ ਸਕਦਾ ਹੈ ਕਿ ਕਿਰਦਾਰ ਮਿਲਦੇ-ਜੁਲਦੇ ਲੱਗਦੇ ਹੋਣ। ਨੈਚੁਰਲ ਐਕਟਿੰਗ ਲੋਕ ਕਹਿੰਦੇ ਹਨ ਪਰ ਮੈਨੂੰ ਜਾਂ ਤਾਂ ਕਰਨੀ ਨਹੀਂ ਆਉਂਦੀ ਜਾਂ ਫਿਰ ਨੈਚੁਰਲ ਐਕਟਿੰਗ ਕੀਤੀ ਹੀ ਇੰਝ ਜਾਂਦੀ ਹੈ। ਬਹੁਤ ਔਖਾ ਨਹੀਂ ਸੀ ਫਿਲਮ ’ਚ ਐਕਟਿੰਗ ਕਰਨਾ। ਜਦੋਂ ਟੀਮ ਸੁਲਝੀ ਹੋਈ ਮਿਲੇ ਤਾਂ ਕੋਈ ਕੰਮ ਔਖਾ ਲੱਗਦਾ ਹੀ ਨਹੀਂ ਹੈ।
ਸਵਾਲ– ਤੁਹਾਡਾ ਵੀ ਇਕ ਸਰਬਾਲਾ ਸੀ ਕੰਵਰ, ਜਿਸ ਦਾ ਤੁਸੀਂ ਜ਼ਿਕਰ ਕੀਤਾ ਸੀ। ਕੀ ਉਹ ਲੱਭਾ ਤੁਹਾਨੂੰ?
ਗਿੱਪੀ ਗਰੇਵਾਲ– ਜੀ ਹਾਂ, ਉਹ ਮਿਲ ਗਿਆ, ਉਹ ਥਾਈਲੈਂਡ ਘੁੰਮਣ ਗਿਆ ਸੀ, ਉਸ ਨੇ ਉਥੇ ਵਿਆਹ ਹੀ ਕਰਵਾ ਲਿਆ। ਹੁਣ ਤਾਂ ਉਹ ਉਥੇ ਪੱਕਾ ਹੀ ਹੋ ਗਿਆ। ਪੰਜਾਬ ’ਚੋਂ ਉਹ ਕੱਟ ਆਫ ਹੋ ਗਿਆ ਸੀ। ਹੁਣ ਲੱਭ ਗਿਆ, ਉਸ ਦੇ ਉਥੇ ਨਿੱਕੇ ਨਿਆਣੇ ਵੀ ਹਨ।
ਸਲਮਾਨ ਖਾਨ ਨੇ ਦਰਸ਼ਕਾਂ ਨੂੰ ਕੀਤੀ ਸੋਨਾਕਸ਼ੀ ਸਿਨਹਾ ਦੀ ਫਿਲਮ 'ਨਿਕਿਤਾ ਰਾਏ' ਦੇਖਣ ਦੀ ਅਪੀਲ
NEXT STORY