ਅਦਾਕਾਰਾ ਤਮੰਨਾ ਭਾਟੀਆ ਦੀ ਫ਼ਿਲਮ ‘ਬਬਲੀ ਬਾਊਂਸਰ’ ਆਖਰ 23 ਸਤੰਬਰ ਨੂੰ ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ ’ਤੇ ਰਿਲੀਜ਼ ਹੋ ਗਈ ਹੈ। ਫ਼ਿਲਮ ਇੱਕ ਉਸ ਮਹਿਲਾ ਬਾਊਂਸਰ ਦੀ ਕਹਾਣੀ ਦੱਸਦੀ ਹੈ ਜੋ ਇੱਕ ਮਹਿਲਾ ਬਾਊਂਸਰ ਦੇ ਸੰਘਰਸ਼ ਨੂੰ ਦਰਸਾਉਂਦੀ ਹੈ। ਇਸ ਦੀ ਕਹਾਣੀ ਇੱਕ ਪਿੰਡ ਦੀ ਹੈ ਜਿੱਥੇ ਮੁੰਡੇ ਬਾਊਂਸਰ ਬਣਦੇ ਹਨ। ਉੱਥੇ ਉਸ ਨੂੰ ਟ੍ਰੇਨਿੰਗ ਦੇਣ ਵਾਲੇ ਪਹਿਲਵਾਨ ਯਾਨੀ ਸੌਰਭ ਸ਼ੁਕਲਾ ਦੀ ਬੇਟੀ ਬਬਲੀ ਹੈ ਜੋ ਵੱਡੇ-ਵੱਡੇ ਪਹਿਲਵਾਨਾਂ ਨੂੰ ਚਿੱਤ ਕਰਦੀ ਹੈ। ਫ਼ਿਲਮ ਦਾ ਨਿਰਦੇਸ਼ਨ ਮਧੁਰ ਭੰਡਾਰਕਰ ਨੇ ਕੀਤਾ ਹੈ। ਫ਼ਿਲਮ ਵਿਚ ਤਮੰਨਾ ਲੇਡੀ ਬਾਊਂਸਰ ਦਾ ਕਿਰਦਾਰ ਨਿਭਾਅ ਰਹੀ ਹੈ। ਤਮੰਨਾ ਅਤੇ ਮਧੁਰ ਭੰਡਾਰਕਰ ਨੇ ਪ੍ਰਮੋਸ਼ਨ ਲਈ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਫ਼ਿਲਮ ਨੂੰ ਲੈ ਕੇ ਕਿਵੇਂ ਮਹਿਸੂਸ ਕਰ ਰਹੇ ਹੋ ਤੁਸੀਂ?
ਮੈਂ ਬਹੁਤ ਐਕਸਾਈਟੇਡ ਹਾਂ ਅਤੇ ਨਾਲ ਹੀ ਨਰਵਸ ਵੀ। ਇਹ ਕਿਸੇ ਵੀ ਅਦਾਕਾਰ ਲਈ ਸੁਪਨਿਆਂ ਦੀ ਭੂਮਿਕਾ ਵਰਗਾ ਹੁੰਦਾ ਹੈ। ਸੰਕਲਪ ਬਿਲਕੁਲ ਨਵਾਂ ਹੈ, ਕਿਉਂਕਿ ਅਸੀਂ ਭਾਰਤ ਵਿਚ, ਸ਼ਾਇਦ ਵਿਸ਼ਵ ਪੱਧਰ ’ਤੇ ਵੀ ਇੱਕ ਮਹਿਲਾ ਬਾਊਂਸਰ ਦੀ ਕਹਾਣੀ ਨਹੀਂ ਸੁਣੀ ਹੈ। ਮਧੁਰ ਸਰ ਇਸ ਤੱਥ ਲਈ ਮਸ਼ਹੂਰ ਹਨ ਕਿ ਉਹ ਸਿਰਫ ਉਹੀ ਵਿਸ਼ਾ ਚੁਣਦੇ ਹਨ ਜਿਸ ਨੂੰ ਕਿਸੇ ਨੇ ਛੂਹਿਆ ਨਹੀਂ ਹੈ। ‘ਬਬਲੀ ਬਾਊਂਸਰ’ ਤੋਂ ਪਹਿਲਾਂ ਉਨ੍ਹਾਂ ਦੀਆਂ ਸਾਰੀਆਂ ਫ਼ਿਲਮਾਂ ਡਰਾਮਾ ਆਧਾਰਿਤ ਰਹੀਆਂ ਹਨ। ਇਸ ਕਿਰਦਾਰ ਲਈ ਮੈਨੂੰ ਹਰਿਆਣਵੀ ਭਾਸ਼ਾ ਸਿੱਖਣੀ ਪਈ, ਜਿਸ ਦਾ ਐਕਸੇਂਟ ਅਤੇ ਭਾਸਾ ਬਹੁਤ ਵੱਖਰੀ ਹੈ। ਹਾਲਾਂਕਿ ਮੈਨੂੰ ਤਾਮਿਲ ਅਤੇ ਤੇਲਗੂ ਭਾਸ਼ਾਵਾਂ ਦੀ ਸਮਝ ਸੀ ਪਰ ਹਰਿਆਣਵੀ ਬੋਲਣਾ ਮੇਰੇ ਲਈ ਇੱਕ ਚੁਣੌਤੀ ਸੀ। ਇਸ ਫ਼ਿਲਮ ਤੋਂ ਬਾਅਦ ਜੇ ਲੋਕ ਮੈਨੂੰ ਹਰਿਆਣਵੀ ਸਮਝਣ ਲੱਗਦੇ ਹਨ ਤਾਂ ਮੇਰੇ ਤੋਂ ਜ਼ਿਆਦਾ ਖੁਸ਼ ਕੋਈ ਹੋਰ ਨਹੀਂ ਹੋਵੇਗਾ।
ਕੀ ਤੁਹਾਨੂੰ ਕਦੇ ਲੱਗਾ ਕਿ ਇਹ ਇੱਕ ਬੋਲਡ ਬਦਲ ਸੀ?
ਬਿਲਕੁਲ ਵੀ ਨਹੀਂ, ਕਿਉਂਕਿ 17 ਸਾਲਾਂ ਦੇ ਆਪਣੇ ਫ਼ਿਲਮੀ ਕਰੀਅਰ ਵਿਚ ਮੈਂ ਬਹੁਤ ਕਮਰਸ਼ੀਅਲ ਸਿਨੇਮਾ ਕੀਤਾ । ਮੈਂ ਸਮਝਦੀ ਹਾਂ ਕਿ ਕਮਰਸ਼ੀਅਲ ਸਿਨੇਮਾ ਦੀ ਤਾਕਤ ਕੀ ਹੈ, ਕਿਉਂਕਿ ਮੈਂ ਡਾਂਸ, ਰੋਮਾਂਸ ਸਭ ਕੁਝ ਵੀ ਕੀਤਾ ਹੈ। ਇੱਕ ਅਭਿਨੇਤਾ ਦੀ ਹਮੇਸ਼ਾ ਇਹ ਇੱਛਾ ਹੁੰਦੀ ਹੈ ਕਿ ਉਹ ਹਰ ਰੋਜ਼ ਕੁਝ ਨਵਾਂ ਕਰੇ, ਕੁਝ ਅਜਿਹਾ ਚੁਣੌਤੀਪੂਰਨ ਕਰੇ ਜੋ ਉਸ ਨੂੰ ਡਰਾਵੇ, ਨਰਵਸ ਕਰ ਦੇਵੇ। ਮੈਨੂੰ ਯਾਦ ਹੈ ਕਿ ਫ਼ਿਲਮ ਦੀ ਸ਼ੂਟਿੰਗ ਦੇ ਪਹਿਲੇ ਦਿਨ ਮੈਨੂੰ ਕੁਝ ਪਤਾ ਨਹੀਂ ਸੀ । ਮੈਂ ਉਸ ਰਾਤ ਸੌਂ ਵੀ ਨਹੀਂ ਸਕੀ ਸੀ ਪਰ ਮਧੁਰ ਸਰ ਨੇ ਸੈੱਟ ’ਤੇ ਅਜਿਹਾ ਸੁਹਾਵਣਾ ਮਾਹੌਲ ਬਣਾਈ ਰੱਖਿਆ ਕਿ ਮੈਨੂੰ ਲੱਗਦਾ ਹੈ ਕਿ ਬਬਲੀ ਦਾ ਜਨਮ ਉਸ ਮਾਹੌਲ ਕਾਰਣ ਹੋਇਆ ਹੈ। ਮੇਰਾ ਤਾਂ ਮਧੁਰ ਜੀ ਨੇ ਕੋਈ ਕੰਮ ਵੀ ਨਹੀਂ ਦੇਖਿਆ ਸੀ ਅਤੇ ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਮੈਨੂੰ ਇਸ ਰੋਲ ਲਈ ਚੁਣਿਆ ਹੈ।
ਬਬਲੀ ਬਾਊਂਸਰ ਦਾ ਕਿਹੋ ਜਿਹਾ ਪ੍ਰਭਾਵ ਪਵੇਗਾ?
ਮੈਨੂੰ ਲੱਗਦਾ ਹੈ ਕਿ ਇਹ ਜੈਂਡਰ ਬਰਾਬਰੀ ਦੀ ਗੱਲ ਹੈ ਅਤੇ ਇਸ ਦਾ ਹਰ ਖੇਤਰ ਵਿਚ ਹੋਣਾ ਬਹੁਤ ਜ਼ਰੂਰੀ ਹੈ। ਕਈ ਅਜਿਹੇ ਪੇਸ਼ੇ ਹਨ ਜੋ ਮਰਦ ਕੇਂਦਰਿਤ ਹਨ। ਉੱਥੇ ਮਰਦਾਂ ਨੂੰ ਜ਼ਿਆਦਾ ਕੰਮ ਮਿਲਦਾ ਹੈ ਪਰ ਔਰਤਾਂ ਵੀ ਇਹ ਕਿੱਤਾ ਬੜੀ ਆਸਾਨੀ ਨਾਲ ਹਾਸਿਲ ਕਰ ਸਕਦੀਆਂ ਹਨ। ਉਹ ਪਰਿਵਾਰ ਨੂੰ ਜੋੜੀ ਰੱਖਦੀਆਂ ਹਨ ਤੇ ਹਰ ਕੰਮ ਇੱਕੱਠਾ ਕਰ ਸਕਦੀਆਂ ਹਨ। ਇਹ ਫ਼ਿਲਮ ਹਰ ਕਿਸੇ ਨੂੰ ਵੱਖਰੇ ਤਰੀਕੇ ਨਾਲ ਪ੍ਰਭਾਵਿਤ ਕਰੇਗੀ।
ਕੀ ਇਸ ਵਿਚ ਕੋਈ ਸਮਾਜਿਕ ਸੰਦੇਸ਼ ਹੈ?
ਇਹ ਬਹੁਤ ਵਧੀਆ ਸੁਨੇਹਾ ਦਿੰਦੀ ਹੈ। ਇਹ ਇੱਕ ਛੋਟੇ ਜਿਹੇ ਪਿੰਡ ਵਿਚ ਰਹਿਣ ਵਾਲੀ ਇੱਕ ਕੁੜੀ ਦੀ ਕਹਾਣੀ ਹੈ। ਉਹ ਇੱਕ ਸ਼ਹਿਰ ਵਿਚ ਆ ਕੇ ਇੱਕ ਅਜਿਹਾ ਕੰਮ ਕਰ ਲੈਂਦੀ ਹੈ ਜੋ ਆਮ ਕੁੜੀਆਂ ਨਹੀਂ ਕਰਦੀਆਂ। ਉਹ ਇੱਕ ਬਹੁਤ ਹੀ ਖੁਸ਼ਮਿਜਾਜ਼ ਕੁੜੀ ਹੈ, ਬਹੁਤ ਹੀ ਬਾਈਬ੍ਰੇਂਟ, ਬੋਲਡ, ਖੁੱਲ੍ਹੇ ਦਿਮਾਗ ਵਾਲੀ ਅਤੇ ਇਹੋ ਗੱਲ ਹੈ ਜੋ ‘ਬਬਲੀ’ ਨੂੰ ਬਬਲੀ ਬਣਾਉਂਦੀ ਹੈ। ਫ਼ਿਲਮ ਦਾ ਸੰਦੇਸ਼ ਹੈ ਕਿ ਜੇ ਕੁੜੀਆਂ ਨੂੰ ਘਰੋਂ ਸਹਿਯੋਗ ਮਿਲੇ ਤਾਂ ਉਹ ਹਰ ਖੇਤਰ ਵਿਚ ਆਪਣੇ ਜੌਹਰ ਦਿਖਾ ਸਕਦੀਆਂ ਹਨ, ਬਲਕਿ ਇਕੱਠੇ ਕਈ ਕੰਮ ਕਰ ਸਕਦੀਆਂ ਹਨ।
ਕੀ ਇਸ ਲਈ ਤੁਸੀਂ ਕੋਈ ਖਾਸ ਤਿਆਰੀ ਕੀਤੀ ?
ਮੈਂ ਬਹੁਤ ਸਾਰਾ ਭਾਰ ਚੁੱਕਿਆ, ਮੇਰੇ ਵਰਕਆਊਟ ਬਦਲ ਗਏ ਕਿਉਂਕਿ ਮੈਂ ਅਸਲ ਵਿਚ ਤਾਕਤਵਰ ਬਣਨਾ ਸੀ। ਜੇ ਮੈਂ ਤਾਕਤਵਰ ਨਾ ਹੁੰਦੀ ਤਾਂ ਮੈਂ ਬੁਲੇਟ ਚਲਾਉਣ ਦੇ ਯੋਗ ਨਹੀਂ ਹੁੰਦੀ। ਬੁਲੇਟ ਇੱਕ ਬਹੁਤ ਭਾਰੀ ਬਾਈਕ ਹੈ। ਤੁਸੀਂ ਉਸ ਬਾਈਕ ਨੂੰ ਐਵੇਂ ਹੀ ਨਹੀਂ ਚਲਾ ਸਕਦੇ। ਬਿਨ੍ਹਾਂ ਤਾਕਤ ਦੇ ਲੋਕਾਂ ਨੂੰ ਵੀ ਨਹੀਂ ਚੁੱਕ ਸਕਦੀ ਸੀ ਜੋ ਮੈਂ ਨਿਰਦੇਸ਼ਕ ਦੇ ਕਹਿਣ ’ਤੇ ਸੈੱਟ ’ਤੇ ਕੀਤਾ ਸੀ। ‘ਬਬਲੀ’ ਦੀ ਬਦੌਲਤ ਮੈਂ ਸਰੀਰਕ ਤੌਰ ’ਤੇ ਬਹੁਤ ਤਾਕਤਵਰ ਹੋ ਗਈ।
ਤੁਸੀਂ ਸਾਊਥ ਅਤੇ ਹਿੰਦੀ ਸਿਨੇਮਾ ਵਿਚ ਬਹੁਤ ਸਫਲ ਰਹੇ ਹੋ, ਕੀ ਤੁਹਾਡੀ ਕੋਈ ਹੋਰ ਤਮੰਨਾ ਹੈ?
ਮੈਂ ਹਿੰਦੀ ਫ਼ਿਲਮਾਂ ਵਿਚ ਓਨਾ ਨਾਮ ਨਹੀਂ ਕਮਾਇਆ ਜਿੰਨਾ ਸਾਊਥ ਦੀਆਂ ਫ਼ਿਲਮਾਂ ਕਰ ਕੇ ਕਮਾਇਆ ਹੈ ਪਰ ਮੈਨੂੰ ਲੱਗਦਾ ਹੈ ਕਿ ‘ਬਬਲੀ’ ਤੋਂ ਬਾਅਦ ਇਹ ਮੇਰੀ ਸ਼ੁਰੂਆਤ ਹੈ। ਇਹ ਇੱਕ ਜਾਣ-ਪਛਾਣ ਹੈ ਕਿ ਮੈਂ ਇੱਕ ਅਦਾਕਾਰ ਵਜੋਂ ਕੀ ਕਰ ਸਕਦੀ ਹਾਂ।
ਮਧੁਰ ਭੰਡਾਰਕਰ
‘ਬਬਲੀ ਬਾਊਂਸਰ’ ਲਈ ਕੀ ਤਮੰਨਾ ਹੀ ਤੁਹਾਡੀ ਪਹਿਲੀ ਪਸੰਦ ਸੀ?
ਇਹ ਸਕ੍ਰਿਪਟ ਮੇਰੇ ਕੋਲ 3 ਸਾਲ ਪਹਿਲਾਂ ਦੀ ਸੀ ਜਦੋਂ ਅਸੀਂ ਸੋਚਿਆ ਕਿ ਅਸੀਂ ਇਸਨੂੰ ਬਣਾਵਾਂਗੇ। ਫਿਰ ਮਹਾਂਮਾਰੀ ਆਈ ਤਾਂ ਮਹਿਸੂਸ ਹੋਇਆ ਕਿ ਫ਼ਿਲਮ ਇੰਡਸਟਰੀ ਖੁਦ ਹੀ ਰੁਕ ਗਈ ਹੈ। ਇੰਡਸਟਰੀ ਨੂੰ ਲੈ ਕੇ ਕਾਫੀ ਖਬਰਾਂ ਵੀ ਆਈਆਂ ਪਰ ਉਸ ਤੋਂ ਬਾਅਦ ਜਦੋਂ ਸਭ ਕੁਝ ਖੁੱਲ੍ਹ ਗਿਆ ਤਾਂ ਅਸੀਂ ਮੁੜ ਵਿਚਾਰ ਕੀਤਾ। ਫਿਰ ਜਦੋਂ ਹੌਟਸਟਾਰ ਨੇ ਇਹ ਵਿਸ਼ਾ ਸੁਣਿਆ ਤਾਂ ਉਨ੍ਹਾਂ ਨੂੰ ਇਹ ਬਹੁਤ ਪਸੰਦ ਆਇਆ। ਉਨ੍ਹਾਂ ਨੂੰ ਲੱਗਾ ਕਿ ਮੌਜੂਦਾ ਮਾਹੌਲ ਵਿਚ ਇਹ ਇੱਕ ਚੰਗੀ ਪਰਿਵਾਰਕ ਫ਼ਿਲਮ ਬਣ ਸਕਦੀ ਹੈ। ਫਿਰ ਕਲਾਕਾਰਾਂ ਲਈ ਨਾਮ ਸੁਝਾਏ ਗਏ। ਜਦੋਂ ਤਮੰਨਾ ਨਾਲ ਗੱਲ ਕੀਤੀ ਗਈ ਤਾਂ ਉਸ ਨੂੰ ਸਾਰਾ ਨਰੇਸ਼ਨ ਪਸੰਦ ਆਇਆ। ਜਿਸ ਤਰ੍ਹਾਂ ਉਸ ਨੇ ਭੂਮਿਕਾ ਨਿਭਾਈ ਹੈ, ਉਸ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਅਤੇ ਉਸ ਨੇ ਫ਼ਿਲਮ ਨੂੰ ਇਕ ਵੱਖਰੇ ਪੱਧਰ ’ਤੇ ਪਹੁੰਚਾਇਆ।
ਕੀ ਫ਼ਿਲਮਾਂ ਦਰਸ਼ਕਾਂ ਦੇ ਮਾਈਂਡ ਸੈਟ ਨੂੰ ਬਦਲਣ ਦੀ ਤਾਕਤ ਰੱਖਦੀਆਂ ਹਨ?
ਯਕੀਨਨ, ਇਹ ਬਹੁਤ ਚੰਗੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ। ਇੱਕ ਪ੍ਰਭਾਵ ਆਉਂਦਾ ਹੈ ਭਾਵੇਂ ਇਹ ਸ਼ੈਲੀ ਹੋਵੇ ਜਾਂ ਡਾਇਲਾਗ। ਇਹ ਕਈ ਸਾਲਾਂ ਤੋਂ ਹੋ ਰਿਹਾ ਹੈ। ਲੋਕ ਰਾਜੇਸ਼ ਖੰਨਾ ਜੀ ਅਤੇ ਅਮਿਤਾਭ ਜੀ ਦੀ ਨਕਲ ਕਰਦੇ ਸਨ। ਉਨ੍ਹਾਂ ਦੇ ਹੇਅਰ ਸਟਾਈਲ, ਕੱਪੜੇ, ਸਾਧਨਾ ਕੱਟ ਜੋ ਅੱਜ ਵੀ ਮਸ਼ਹੂਰ ਹੈ, ਇਹ ਹਮੇਸ਼ਾ ਹੁੰਦਾ ਰਿਹਾ ਹੈ। ਸਾਨੂੰ ਭਾਰਤੀਆਂ ਨੂੰ ਹਮੇਸ਼ਾ ਹੀ ਫ਼ਿਲਮਾਂ ਅਤੇ ਕ੍ਰਿਕਟ ਨਾਲ ਪਿਆਰ ਰਿਹਾ ਹੈ। ਜੇ ਅਸੀਂ ਗੀਤ ਸੁਣਦੇ ਹਾਂ ਤਾਂ ਫ਼ਿਲਮ ਦਾ ਤਾਂ ਲੋਕਾਂ ’ਤੇ ਪ੍ਰਭਾਵ ਪੈਂਦਾ ਹੀ ਹੈ।
ਬਬਲੀ ਦਾ ਕਿਹੋ ਜਿਹਾ ਪ੍ਰਭਾਵ ਹੋਵੇਗਾ?
ਬਬਲੀ ਬਾਊਂਸਰ ਦਾ ਪ੍ਰਭਾਵ ਜ਼ਰੂਰ ਦੇਖਣ ਨੂੰ ਮਿਲੇਗਾ। ਆਉਣ ਵਾਲੇ ਤਿੰਨ-ਚਾਰ ਸਾਲਾਂ ਵਿਚ ਹੋਰ ਮਹਿਲਾ ਬਾਊਂਸਰ ਸ਼ਾਮਿਲ ਹੋਣਗੀਆਂ ਅਤੇ ਕਲੱਬ ਮਰਦ ਬਾਊਂਸਰਾਂ ਦੀ ਥਾਂ ਮਹਿਲਾ ਬਾਊਂਸਰਾਂ ਨੂੰ ਰੱਖਣਾ ਸ਼ੁਰੂ ਕਰ ਦੇਣਗੇ।
ਬਬਲੀ ਬਾਊਂਸਰ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ?
ਫ਼ਿਲਮ ਨੂੰ ਦੇਖਣ ਤੋਂ ਬਾਅਦ ਲੋਕ ਕਹਿਣਗੇ ਕਿ ਇਸ ਦਾ ਪਾਰਟ-2 ਹੋਣਾ ਚਾਹੀਦਾ ਹੈ, ਕਿਉਂਕਿ ਇਹ ਫ਼ਿਲਮ ਬਹੁਤ ਵਧੀਆ ‘ਨਾਟ ਪੇ’ ਖਤਮ ਹੁੰਦੀ ਹੈ। ਕਈ ਸਾਲਾਂ ਬਾਅਦ ਅਜਿਹੀ ਫ਼ਿਲਮ ਆਵੇਗੀ ਜਿਸ ਨੂੰ ਤੁਸੀਂ ਇਕੱਠੇ ਬੈਠ ਕੇ ਦੇਖ ਸਕਦੇ ਹੋ, ਇਸ ਨੂੰ ਕਿਸੇ ਨਾਲ ਵੀ ਬੈਠ ਕੇ ਦੇਖ ਸਕਦੇ ਹੋ।
ਪਰਿਵਾਰ ਨਾਲ ਪਹਾੜਾਂ ਦੀ ਸੈਰ ਕਰਨ ਨਿਕਲੇ ਸ਼ਾਹੀਰ ਸ਼ੇਖ, ਦਾਦੀ ਨਾਲ ਭੇੜਾਂ ਨੂੰ ਦੇਖ ਰਹੀ ਧੀ ਅਨਾਇਆ
NEXT STORY