ਚੰਡੀਗੜ੍ਹ (ਬਿਊਰੋ) – ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕੜਾਕੇ ਦੀ ਠੰਡ 'ਚ ਵੀ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ। ਇਨ੍ਹਾਂ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨਾਲ ਪੰਜਾਬੀ ਕਲਾਕਾਰ ਭਾਈਚਾਰਾ ਦਿੱਲੀ ਦੀਆਂ ਬਰੂਹਾਂ 'ਤੇ ਡਟਿਆ ਹੋਇਆ ਹੈ। ਪਹਿਲੇ ਦਿਨ ਤੋਂ ਗਾਇਕ ਜੱਸ ਬਾਜਵਾ ਕਿਸਾਨਾਂ ਨਾਲ ਡਟੇ ਹੋਏ ਹਨ। ਹਾਲ ਹੀ 'ਚ ਜੱਸ ਬਾਜਵਾ ਦਾ ਨਵਾਂ ਗੀਤ 'ਦੇਖ ਦਿੱਲੀਏ' ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਜੱਸ ਬਾਜਵਾ 'ਦੇਖ ਦਿੱਲੀਏ' ਟਾਈਟਲ ਹੇਠ ਜੋਸ਼ੀਲਾ ਗੀਤ ਲੈ ਕੇ ਆਏ ਹਨ, ਜਿਸ 'ਚ ਉਨ੍ਹਾਂ ਨੇ ਲੱਖਾਂ ਮੁਸੀਬਤਾਂ ਝੱਲ ਰਹੇ ਦਿੱਲੀ ਦੀ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਬੁਲੰਦ ਹੌਂਸਲੇ ਨੂੰ ਬਿਆਨ ਕੀਤਾ ਹੈ। ਇਸ ਗੀਤ ਦੇ ਬੋਲ ਜੋਸ਼ ਨਾਲ ਭਰੇ ਹੋਏ ਹਨ, ਜੋ ਸਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰ ਰਹੇ ਹਨ। ਇਸ ਗੀਤ ਦੇ ਬੋਲ ਸਾਹਿਬ (Sahib) ਨੇ ਲਿਖੇ ਹਨ ਅਤੇ ਗੀਤ ਦਾ ਵੀਡੀਓ 'Jatt Castle' ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਦਾ ਵੀਡੀਓ ਕਿਸਾਨ ਪ੍ਰਦਰਸ਼ਨ 'ਚ ਹੀ ਸ਼ੂਟ ਕੀਤਾ ਗਿਆ ਹੈ। ਜੱਸ ਬਾਜਵਾ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ 'ਤੇ ਹੀ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਗੀਤ ਟਰੈਂਡਿੰਗ 'ਚ ਚੱਲ ਰਿਹਾ ਹੈ।
ਖੇਤੀ ਕਾਨੂੰਨਾਂ ਨੇ ਇਕੋ ਮੰਚ 'ਤੇ ਇਕੱਠਾ ਕੀਤਾ ਪੰਜਾਬੀ ਕਲਾਕਾਰ ਭਾਈਚਾਰਾ
ਤਾਲਾਬੰਦੀ 'ਚ ਇਕ ਹੋਰ ਆਫ਼ਤ ਖੇਤੀ ਕਾਨੂੰਨਾਂ ਕਰਕੇ ਆਈ। ਪੰਜਾਬ ਦੇ ਕਿਸਾਨਾਂ ਵਲੋਂ ਲੰਮੇ ਸਮੇਂ ਤੋਂ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਰੋਧ ਦਾ ਹਿੱਸਾ ਪੰਜਾਬੀ ਕਲਾਕਾਰ ਵੀ ਬਣੇ। ਪੰਜਾਬੀ ਕਲਾਕਾਰਾਂ ਨੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਵੱਡੇ ਪੱਧਰ 'ਤੇ ਆਮ ਲੋਕਾਂ ਤਕ ਕਿਸਾਨਾਂ ਦੀ ਗੱਲ ਪਹੁੰਚਾਉਣ 'ਚ ਮਦਦ ਕੀਤੀ ਤੇ ਉਨ੍ਹਾਂ ਦੇ ਹੱਕਾਂ ਲਈ ਖੜ੍ਹੇ ਹੋਣ ਦੀ ਸਲਾਹ ਦਿੱਤੀ। ਅੱਜ ਵੀ ਅਸੀਂ ਦੇਖਦੇ ਹਾਂ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ 'ਚ ਰੋਜ਼ਾਨਾ ਅਣਗਿਣਤ ਪੰਜਾਬੀ ਕਲਾਕਾਰ ਪਹੁੰਚ ਰਹੇ ਹਨ। ਜਿਨ੍ਹਾਂ ਕਲਾਕਾਰਾਂ ਦਾ ਕਦੇ ਆਪਸ 'ਚ ਵਿਵਾਦ ਸੀ, ਉਹ ਕਲਾਕਾਰ ਵੀ ਇਕ ਮੰਚ 'ਤੇ ਇਕੱਠੇ ਹੋ ਰਹੇ ਹਨ ਤੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਹਨ।
ਗੀਤਾਂ 'ਚ ਆਇਆ ਵੱਡਾ ਬਦਲਾਅ
ਤਾਲਾਬੰਦੀ ਤੇ ਕਿਸਾਨ ਅੰਦੋਲਨ ਕਰਕੇ ਪੰਜਾਬੀ ਗਾਇਕਾਂ ਦੇ ਗੀਤਾਂ 'ਚ ਵੀ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਜਿਥੇ ਤਾਲਾਬੰਦੀ ਕਰਕੇ ਕਈ ਗਾਇਕਾਂ ਨੇ ਘਰ 'ਚ ਹੀ ਘੱਟ ਬਜਟ 'ਚ ਮੋਬਾਇਲਾਂ 'ਤੇ ਗੀਤ ਬਣਾ ਕੇ ਰਿਲੀਜ਼ ਕੀਤੇ, ਉਥੇ ਕਿਸਾਨ ਅੰਦੋਲਨ 'ਤੇ ਹੁਣ ਤਕ ਸੈਂਕੜੇ ਦੀ ਗਿਣਤੀ 'ਚ ਗੀਤ ਰਿਲੀਜ਼ ਹੋ ਚੁੱਕੇ ਹਨ। ਇਨ੍ਹਾਂ ਗੀਤਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬੀ ਗਾਇਕ ਸਿਰਫ਼ ਹਥਿਆਰਾਂ ਵਾਲੇ ਗੀਤ ਹੀ ਨਹੀਂ ਗਾਉਂਦੇ, ਸਗੋਂ ਸਮਾਂ ਆਉਣ ’ਤੇ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ 'ਚ ਵੀ ਅੱਗੇ ਹੁੰਦੇ ਹਨ। ਉਂਝ ਵੀ ਪੰਜਾਬੀ ਕਲਾਕਾਰਾਂ ਬਾਰੇ ਇਹ ਧਾਰਨਾ ਬਣੀ ਹੋਈ ਸੀ ਕਿ ਉਹ ਆਮ ਲੋਕਾਂ ਦੇ ਹੱਕ ਦੀ ਗੱਲ ਨਹੀਂ ਕਰਦੇ ਪਰ ਇਸ ਧਾਰਨਾ ਨੂੰ ਇਸ ਸਾਲ ਪੰਜਾਬੀ ਗਾਇਕਾਂ ਨੇ ਗਲ਼ਤ ਸਾਬਿਤ ਕਰ ਦਿਖਾਇਆ ਹੈ।
ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ
ਦਿੱਲੀ ਦੀਆਂ ਹੱਦਾਂ 'ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਅੱਜ ਫਿਰ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਚਰਚਾ ਛਿੜੀ ਹੈ। ਦਿੱਲੀ ਦੇ ਸਿੰਘੂ, ਟਿਕਰੀ ਤੇ ਕੁੰਡਲੀ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
ਗੈਂਗਰੇਪ ਦੀਆਂ ਘਟਨਾਵਾਂ 'ਤੇ ਬੋਲੀ ਕੰਗਨਾ, ਸਾਊਦੀ ਅਰਬ ਤੋਂ ਸਿੱਖਿਆ ਲੈ ਕੇ ਫਾਂਸੀ 'ਤੇ ਲਟਕਾਉਣ ਦੀ ਕੀਤੀ ਪੈਰਵਾਈ
NEXT STORY