ਮੁੰਬਈ (ਬਿਊਰੋ)– ‘ਬਿੱਗ ਬੌਸ 17’ ਦਾ ਗ੍ਰੈਂਡ ਫਿਨਾਲੇ ਬੀਤੀ ਰਾਤ ਸਮਾਪਤ ਹੋ ਗਿਆ। ਸਟੈਂਡ ਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਨੇ ਜੇਤੂ ਦਾ ਖਿਤਾਬ ਜਿੱਤਿਆ। ਨਾਲ ਹੀ ਆਪਣੇ ਹੱਥ ’ਚ ਚਮਕਦੀ ਟਰਾਫੀ ਚੁੱਕੀ। ਮੁਨੱਵਰ, ਜੋ ਵਿਜੇਤਾ ਬਣਿਆ, ਨੇ ਇਨਾਮੀ ਰਾਸ਼ੀ ਵਜੋਂ 50 ਲੱਖ ਰੁਪਏ ਪ੍ਰਾਪਤ ਕੀਤੇ ਤੇ ਨਾਲ ਹੀ ਉਸ ਨੂੰ ਇਕ ਬਿਲਕੁਲ ਨਵੀਂ ਕਾਰ ਵੀ ਦਿੱਤੀ ਗਈ। ਮੁਨੱਵਰ ਨੂੰ ਅਭਿਸ਼ੇਕ ਕੁਮਾਰ ਨੂੰ ਪਿੱਛੇ ਛੱਡ ਕੇ ਜੇਤੂ ਦਾ ਤਾਜ ਪਹਿਨਾਇਆ ਗਿਆ। ਡੋਂਗਰੀ ਨਿਵਾਸੀ ਮੁਨੱਵਰ ਫਾਰੂਕੀ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਜਸ਼ਨ ਦਾ ਮਾਹੌਲ ਹੈ। ਵਿਜੇਤਾ ਬਣਨ ਤੋਂ ਬਾਅਦ ਮੁਨੱਵਰ ਦਾ ਪਹਿਲਾ ਇੰਟਰਵਿਊ ਵੀ ਸਾਹਮਣੇ ਆਇਆ ਹੈ, ਜਿਸ ’ਚ ਉਹ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਤੇ ਆਪਣੇ ਉਤਾਰ-ਚੜ੍ਹਾਅ ਭਰੇ ਸਫ਼ਰ ਬਾਰੇ ਖੁੱਲ੍ਹ ਕੇ ਗੱਲ ਕਰਦੇ ਨਜ਼ਰ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਮਰਹੂਮ ਮੂਸੇਵਾਲਾ ਦੇ ਦੋਸਤ ਭਾਨੇ ਸਿੱਧੂ ਦਾ ਪਟਿਆਲਾ ਪੁਲਸ ਨੇ ਕਰਵਾਇਆ ਮੈਡੀਕਲ, ਜਾਣੋ ਕੀ ਹੈ ਮਾਮਲਾ
ਮਾਂ ਨੂੰ ਸਮਰਪਿਤ ਕੀਤੀ ਟਰਾਫੀ
ਮੁਨੱਵਰ ਫਾਰੂਕੀ ਨੇ ‘ਬਿੱਗ ਬੌਸ 17’ ਦੀ ਟਰਾਫੀ ਨੂੰ ਚੁੱਕਣ ਦਾ ਤਜਰਬਾ ਸਾਂਝਾ ਕੀਤਾ ਤੇ ਕਿਹਾ, ‘‘ਇਹ ਅਹਿਸਾਸ ਅਸਲ ਸੀ, ਜਿਸ ਤਰ੍ਹਾਂ ਦਾ ਮੇਰਾ ਸਫ਼ਰ ਰਿਹਾ ਹੈ, ਉਹ ਪਲ ਅਜਿਹਾ ਸੀ ਕਿ ਮੈਂ ਉਸ ਟਰਾਫੀ ਦੇ ਭਾਰ ਨੂੰ ਮਹਿਸੂਸ ਕਰ ਸਕਦਾ ਸੀ। ਇਸ ਟਰਾਫੀ ਦੀ ਮੈਨੂੰ ਬਹੁਤ ਕੀਮਤ ਚੁਕਾਉਣੀ ਪਈ ਪਰ ਇਹ ਇਸ ਦੇ ਲਾਇਕ ਹੈ। ਅਖੀਰ ’ਚ ਜੋ ਮਹੱਤਵਪੂਰਨ ਸੀ ਉਹ ਸਿਰਫ਼ ਟਰਾਫੀ ਨੂੰ ਘਰ ਲਿਜਾਣਾ ਨਹੀਂ, ਸਗੋਂ ਬਹੁਤ ਸਾਰੀਆਂ ਚੀਜ਼ਾਂ ਸਨ।’’ ਟਰਾਫੀ ਆਪਣੀ ਮਾਂ ਨੂੰ ਸਮਰਪਿਤ ਕਰਦਿਆਂ ਮੁਨੱਵਰ ਨੇ ਖ਼ੂਬਸੂਰਤ ਕਵਿਤਾ ਵੀ ਸੁਣਾਈ।
ਨਿੱਜੀ ਜ਼ਿੰਦਗੀ ਨੂੰ ਖਿੱਚਿਆ ਜਾਣਾ ਠੀਕ ਨਹੀਂ
ਸ਼ੋਅ ’ਚ ਆਪਣੀ ਨਿੱਜੀ ਜ਼ਿੰਦਗੀ ਨੂੰ ਖਿੱਚੇ ਜਾਣ ’ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ‘ਬਿੱਗ ਬੌਸ 17’ ਦੇ ਵਿਜੇਤਾ ਨੇ ਕਿਹਾ, ‘‘ਮੇਰੀ ਨਿੱਜੀ ਜ਼ਿੰਦਗੀ ਨੂੰ ਇਸ ਹੱਦ ਤੱਕ ਸ਼ੋਅ ’ਚ ਖਿੱਚਿਆ ਜਾਣਾ ਠੀਕ ਨਹੀਂ ਸੀ ਪਰ ਚੀਜ਼ਾਂ ਮੇਰੇ ਵੱਸ ’ਚ ਨਹੀਂ ਸਨ। ਇਹ ਅਜਿਹੀ ਸਥਿਤੀ ਸੀ, ਜਿਸ ਦਾ ਮੈਂ ਸਾਹਮਣਾ ਨਹੀਂ ਕਰਨਾ ਚਾਹੁੰਦਾ ਸੀ ਪਰ ਮੇਰੇ ਕੋਲ ਕੋਈ ਵਿਕਲਪ ਨਹੀਂ ਸੀ। ਮੈਂ ਜੋ ਕੀਤਾ, ਉਸ ’ਤੇ ਮੈਨੂੰ ਮਾਣ ਨਹੀਂ ਹੈ ਪਰ ਮੈਨੂੰ ਹੁਣ ਅੱਗੇ ਵਧਣਾ ਹੈ ਤੇ ਚੀਜ਼ਾਂ ਨੂੰ ਬਿਹਤਰ ਬਣਾਉਣਾ ਹੈ। ਮੈਨੂੰ ਖ਼ੁਸ਼ੀ ਹੈ ਕਿ ਮੁਨੱਵਰ ਇਥੋਂ ਇਕ ਹੋਰ ਚੰਗੇ ਵਿਅਕਤੀ ਦੇ ਰੂਪ ’ਚ ਘਰ ਜਾ ਰਿਹਾ ਹੈ।’’
ਮਾਨਸਿਕ ਤੌਰ ’ਤੇ ਟੁੱਟ ਗਏ ਸਨ
ਜਦੋਂ ਮੁਨੱਵਰ ਤੋਂ ਪੁੱਛਿਆ ਗਿਆ ਕਿ ਕੀ ਇਸ ਘਟਨਾ ਨੇ ਉਸ ਨੂੰ ਮਾਨਸਿਕ ਤੌਰ ’ਤੇ ਵੀ ਪ੍ਰਭਾਵਿਤ ਕੀਤਾ ਹੈ ਤਾਂ ਮੁਨੱਵਰ ਨੇ ਖ਼ੁਲਾਸਾ ਕੀਤਾ, ‘‘ਮੈਂ ਮਾਨਸਿਕ ਤੌਰ ’ਤੇ ਬਹੁਤ ਟੁੱਟ ਗਿਆ ਹਾਂ, ਕੋਈ ਵੀ ਦਿਨ ਅਜਿਹਾ ਨਹੀਂ ਸੀ, ਜਦੋਂ ਮੈਂ ਕੰਬਲ ਦੇ ਹੇਠਾਂ ਜਾਂ ਬਾਥਰੂਮ ’ਚ ਨਾ ਰੋਇਆ ਹੋਵਾਂ। ਮੈਂ ਬਹੁਤ ਬੇਵੱਸ ਮਹਿਸੂਸ ਕਰ ਰਿਹਾ ਸੀ, ਇਹ ਮੈਨੂੰ ਮਾਨਸਿਕ ਤੌਰ ’ਤੇ ਵੀ ਪ੍ਰਭਾਵਿਤ ਕਰ ਰਿਹਾ ਸੀ ਪਰ ਮੈਂ ਦ੍ਰਿੜ੍ਹ ਸੀ ਕਿ ਮੈਨੂੰ ਇਸ ਦਾ ਸਾਹਮਣਾ ਕਰਨਾ ਪਵੇਗਾ।’’
ਪਹਿਲਾਂ ਆਪਣੇ ਆਪ ਨੂੰ ਸੈਟਲ ਕਰਨ ਦੀ ਲੋੜ
ਮੁਨੱਵਰ ਘਰ ਵਾਪਸ ਜਾਣ ਲਈ ਬਹੁਤ ਉਤਸ਼ਾਹਿਤ ਸੀ ਪਰ ਇਸ ਤੋਂ ਪਹਿਲਾਂ ਉਸ ਨੇ ਇਹ ਵੀ ਸਾਂਝਾ ਕੀਤਾ ਕਿ ਕੀ ਉਹ ਹੁਣ ਜ਼ਿੰਦਗੀ ’ਚ ਸੈਟਲ ਹੋਣ ਬਾਰੇ ਸੋਚ ਰਿਹਾ ਹੈ। ‘ਬਿੱਗ ਬੌਸ 17’ ਦੇ ਜੇਤੂ ਨੇ ਕਿਹਾ, ‘‘ਸਭ ਤੋਂ ਪਹਿਲਾਂ ਮੈਨੂੰ ਆਪਣੇ ਆਪ ਨੂੰ ਸੈਟਲ ਕਰਨ ਦੀ ਲੋੜ ਹੈ, ਮੈਂ ਹੁਣ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ। ਮੇਰੇ ਕੋਲ ਠੀਕ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਹਨ।’’ ਮੁਨੱਵਰ ਨੇ ਔਰਤਾਂ ਨਾਲ ਧੋਖਾਧੜੀ ਦੇ ਦੋਸ਼ ’ਤੇ ਆਪਣੀ ਚੁੱਪੀ ਤੋੜਦਿਆਂ ਕਿਹਾ, ‘‘ਜਿਥੋਂ ਤੱਕ ਘਰ ’ਚ ਬਣਾਏ ਗਏ ਰਿਸ਼ਤੇ ਦਾ ਸਵਾਲ ਹੈ, ਮੈਂ ਉਨ੍ਹਾਂ ਨੂੰ ਜਾਰੀ ਰੱਖਣਾ ਚਾਹਾਂਗਾ। ਇਹ ਸਾਰੇ ਟੈਗ ਮੈਨੂੰ ਬਹੁਤ ਪ੍ਰੇਸ਼ਾਨ ਕਰਦੇ ਹਨ ਪਰ ਜੇ ਤੁਸੀਂ ਕੁਝ ਗਲਤ ਕੀਤਾ ਹੈ ਤਾਂ ਤੁਹਾਨੂੰ ਇਸ ਦੀ ਸਜ਼ਾ ਮਿਲੇਗੀ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮਰਹੂਮ ਮੂਸੇਵਾਲਾ ਦੇ ਦੋਸਤ ਭਾਨੇ ਸਿੱਧੂ ਦਾ ਪਟਿਆਲਾ ਪੁਲਸ ਨੇ ਕਰਵਾਇਆ ਮੈਡੀਕਲ, ਜਾਣੋ ਕੀ ਹੈ ਮਾਮਲਾ
NEXT STORY