ਮੁੰਬਈ (ਬਿਊਰੋ)– ਸੁੰਦਰਤਾ ਪ੍ਰਤੀਯੋਗਿਤਾ ਫੇਮਿਨਾ ਮਿਸ ਇੰਡੀਆ ਨੂੰ ਆਪਣੀ ਜੇਤੂ ਮਿਲ ਗਈ ਹੈ। 19 ਸਾਲਾ ਨੰਦਿਨੀ ਗੁਪਤਾ ਨੇ ਮਿਸ ਇੰਡੀਆ 2023 ਦਾ ਖਿਤਾਬ ਜਿੱਤ ਲਿਆ ਹੈ। ਨੰਦਿਨੀ ਗੁਪਤਾ ਰਾਜਸਥਾਨ ਦੀ ਰਹਿਣ ਵਾਲੀ ਹੈ। ਉਹ ਦੇਸ਼ ਦੀ 59ਵੀਂ ਮਿਸ ਇੰਡੀਆ ਚੁਣੀ ਗਈ ਸੀ। ਇਸ ਖ਼ਾਸ ਮੌਕੇ ’ਤੇ ਸਾਬਕਾ ਮਿਸ ਇੰਡੀਆ ਸਿਨੀ ਸ਼ੈੱਟੀ ਨੇ ਨੰਦਿਨੀ ਨੂੰ ਤਾਜ ਪਹਿਨਾਇਆ।

ਕਾਲੇ ਗਾਊਨ ’ਚ ਨੰਦਨੀ ਨੇ ਆਪਣੀ ਖ਼ੂਬਸੂਰਤੀ ਤੇ ਆਤਮ-ਵਿਸ਼ਵਾਸ ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ ਸੀ। ਜਿਥੇ ਰਾਜਸਥਾਨ ਦੀ ਨੰਦਿਨੀ ਗੁਪਤਾ ਨੂੰ ਮਿਸ ਇੰਡੀਆ ਦਾ ਤਾਜ ਪਹਿਨਾਇਆ ਗਿਆ, ਉਥੇ ਦਿੱਲੀ ਦੀ ਸ਼੍ਰੇਆ ਪੂੰਜਾ ਪਹਿਲੀ ਰਨਰਅੱਪ ਤੇ ਮਣੀਪੁਰ ਦੀ ਥੌਨਾਓਜਮ ਸਟ੍ਰੇਲਾ ਲੁਵਾਂਗ ਦੂਜੀ ਰਨਰਅੱਪ ਰਹੀ।

ਸੁੰਦਰਤਾ ਮੁਕਾਬਲੇ ’ਚ ਦੇਸ਼ ਭਰ ਦੀਆਂ ਕੁੜੀਆਂ ਨੇ ਹਿੱਸਾ ਲਿਆ ਸੀ ਪਰ ਨੰਦਨੀ ਨੇ ਸਾਰਿਆਂ ਨੂੰ ਪਛਾੜ ਕੇ ‘ਖ਼ੂਬਸੂਰਤੀ ਦਾ ਤਾਜ’ ਜਿੱਤ ਲਿਆ ਹੈ। ਸਿਰਫ 19 ਸਾਲ ਦੀ ਉਮਰ ’ਚ ਮਿਸ ਇੰਡੀਆ ਬਣ ਕੇ ਨੰਦਿਨੀ ਕਈ ਮੁਟਿਆਰਾਂ ਲਈ ਪ੍ਰੇਰਨਾ ਸਰੋਤ ਬਣ ਚੁੱਕੀ ਹੈ। ਮਿਸ ਇੰਡੀਆ ਬਣਨ ਤੋਂ ਬਾਅਦ ਨੰਦਿਨੀ ਹੁਣ ਮਿਸ ਵਰਲਡ ਦੇ ਅਗਲੇ ਸੀਜ਼ਨ ’ਚ ਦੇਸ਼ ਦੀ ਨੁਮਾਇੰਦਗੀ ਕਰੇਗੀ।

ਮਿਸ ਇੰਡੀਆ 2023 ਨੰਦਿਨੀ ਗੁਪਤਾ ਰਾਜਸਥਾਨ ਦੇ ਕੋਟਾ ਸ਼ਹਿਰ ਦੀ ਵਸਨੀਕ ਹੈ। ਉਸ ਨੇ ਬਿਜ਼ਨੈੱਸ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੈ। ਮਿਸ ਇੰਡੀਆ ਆਰਗੇਨਾਈਜ਼ੇਸ਼ਨ ਮੁਤਾਬਕ ਨੰਦਿਨੀ ਪ੍ਰਿਅੰਕਾ ਚੋਪੜਾ ਨੂੰ ਆਪਣਾ ਆਈਡਲ ਮੰਨਦੀ ਹੈ। ਉਹ ਅਦਾਕਾਰਾ ਤੋਂ ਕਾਫੀ ਪ੍ਰੇਰਿਤ ਹੈ।

ਇਸ ਵਾਰ ਮਨੀਪੁਰ ’ਚ ਫੇਮਿਨਾ ਮਿਸ ਇੰਡੀਆ ਦਾ ਆਯੋਜਨ ਕੀਤਾ ਗਿਆ। ਕਾਰਤਿਕ ਆਰੀਅਨ ਤੇ ਅਨਨਿਆ ਪਾਂਡੇ ਨੇ ਮਿਸ ਇੰਡੀਆ 2023 ਇਵੈਂਟ ’ਚ ਧਮਾਕੇਦਾਰ ਪ੍ਰਦਰਸ਼ਨ ਨਾਲ ਗੰਢ ਬੰਨ੍ਹ ਲਈ, ਜਦਕਿ ਮਨੀਸ਼ ਪੌਲ ਤੇ ਭੂਮੀ ਪੇਡਨੇਕਰ ਨੇ ਸ਼ੋਅ ਨੂੰ ਹੋਸਟ ਕੀਤਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵਿਧੁਤ ਜੰਮਵਾਲ ਨੇ ਕੀਤਾ ਥ੍ਰਿਲਰ ‘ਆਈ. ਬੀ. 71’ ਦਾ ਐਲਾਨ, ਰਿਲੀਜ਼ ਡੇਟ ਤੋਂ ਵੀ ਚੁੱਕਿਆ ਪਰਦਾ
NEXT STORY