ਜਲੰਧਰ (ਬਿਊਰੋ) : ਭਾਰਤ ਬਨਾਮ ਪਾਕਿਸਤਾਨ ਵਿਚਕਾਰ ਹਾਈ ਵੋਲਟੇਜ ਮੈਚ ਹਮੇਸ਼ਾ ਹੀ ਦੇਖੇ ਗਏ ਹਨ। ਏਸ਼ੀਆ ਕੱਪ 2022 ਵਿਚ ਵੀ ਇਹੀ ਸਿਲਸਿਲਾ ਜਾਰੀ ਹੈ, ਜਿਸ ਵਿਚ ਪਹਿਲਾ ਮੈਚ ਟੀਮ ਇੰਡੀਆ ਦੀ ਜਿੱਤ ਹੋਈ ਸੀ, ਜਦੋਂਕਿ ਐਤਵਾਰ ਨੂੰ ਸੁਪਰ 4 ਦੇ ਦੂਜੇ ਮੈਚ ਵਿਚ ਪਾਕਿਸਤਾਨ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਇਸ ਮੈਚ ਵਿਚ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਪਾਕਿਸਤਾਨੀ ਖਿਡਾਰੀ ਆਸਿਫ ਅਲੀ ਦਾ ਆਸਾਨ ਕੈਚ ਛੱਡਿਆ। ਇਹ ਕੈਚ ਮੈਚ ਦਾ ਟਰਨਿੰਗ ਪੁਆਇੰਟ ਸਾਬਿਤ ਹੋਇਆ, ਜਿਸ ਕਾਰਨ ਭਾਰਤ ਹਾਰ ਗਿਆ। ਅਜਿਹੇ ਵਿਚ ਹੁਣ ਅਰਸ਼ਦੀਪ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੰਜਾਬੀ ਇੰਡਟਸਰੀ ਅਰਸ਼ਦੀਪ ਸਿੰਘ ਦੇ ਸਮਰਥਨ ਵਿਚ ਉੱਤਰ ਆਈ ਹੈ। ਕਈ ਕਲਾਕਾਰਾਂ ਨੇ ਸੋਸ਼ਲ ਮੀਡੀਆ 'ਤੇ ਪੋਸਟਾਂ ਸਾਂਝੀਆਂ ਕਰਕੇ ਅਰਸ਼ਦੀਪ ਦਾ ਸਮਰਥਨ ਕਰ ਰਹੇ ਹਨ।
ਪੰਜਾਬੀ ਫ਼ਿਲਮ ਤੇ ਬਾਲੀਵੁੱਡ ਇੰਡਸਟਰੀ ਦੇ ਅਦਾਕਾਰ ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕਰਕੇ ਅਰਸ਼ਦੀਪ ਦਾ ਹੌਸਲਾ ਵਧਾਇਆ। ਦਿਲਜੀਤ ਦੋਸਾਂਝ ਨੇ ਆਪਣੀ ਪੋਸਟ ਵਿਚ ਅਰਸ਼ਦੀਪ ਸਿੰਘ ਦੀ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਵਿਚ ਲਿਖਿਆ, "ਚੜ੍ਹਦੀ ਕਲਾ।"
ਉਥੇ ਹੀ ਗਾਇਕ ਜਸਬੀਰ ਜੱਸੀ ਨੇ ਟਵਿੱਟਰ 'ਤੇ ਪੋਸਟ ਪਾ ਕੇ ਅਰਸ਼ਦੀਪ ਸਿੰਘ ਦਾ ਹੌਸਲਾ ਵਧਾਇਆ। ਉਨ੍ਹਾਂ ਨੇ ਲਿਖਿਆ, "ਅਰਸ਼ਦੀਪ ਵੀਰੇ ਪਾਗਲ ਅਤੇ ਸਿਰਫਿਰੇ ਲੋਕਾਂ ਦੀ ਪਰਵਾਹ ਨਹੀਂ ਕਰਨੀ।"
ਅਦਾਕਾਰ ਤੇ ਗਾਇਕ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ 'ਤੇ ਅਰਸ਼ਦੀਪ ਦੀ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ਨਾਲ ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ, "ਵੀ ਲਵ ਯੂ ਅਰਸ਼ਦੀਪ ਸਿੰਘ।"
ਗਾਇਕ ਜੈਜ਼ੀ ਬੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਅਰਸ਼ਦੀਪ ਸਿੰਘ ਦੀ ਤਸਵੀਰ ਸ਼ੇਅਰ ਕੀਤੀ। ਕੈਪਸ਼ਨ ਵਿਚ ਉਨ੍ਹਾਂ ਲਿਖਿਆ, "ਸਟੇਅ ਸਟਰੌਂਗ ਮਿਸਟਰ ਸਿੰਘ, ਬਿਕਾਜ਼ ਯੂ ਆਰ ਬੋਰਨ ਕਿੰਗ।"
ਦੱਸ ਦਈਏ ਕਿ ਇਸ ਤੋਂ ਪਹਿਲਾਂ ਰਣਜੀਤ ਬਾਵਾ ਨੇ ਟਵਿੱਟਰ 'ਤੇ ਅਰਸ਼ਦੀਪ ਸਿੰਘ ਲਈ ਪੋਸਟ ਲਿਖ ਉਨ੍ਹਾਂ ਦਾ ਹੌਸਲਾ ਵਧਾਇਆ ਸੀ। ਉਨ੍ਹਾਂ ਨੇ ਸਿੰਘ ਨੂੰ ਟਰੋਲ ਕਰਨ ਵਾਲਿਆਂ ਨੂੰ ਕਿਹਾ, "ਉਸ ਨੂੰ ਬੁਰਾ ਬੋਲਣਾ ਬੰਦ ਕਰੋ। ਉਸ ਨੇ ਬਹੁਤ ਵਧੀਆ ਖੇਡਿਆ। ਹਾਰ ਜਿੱਤ ਤਾਂ ਚੱਲਦੀ ਰਹਿੰਦੀ ਆ। ਸਟੇਅ ਸਟਰੌਂਗ ਸਰਦਾਰ ਸਾਬ੍ਹ। ਪੰਜਾਬ ਤੋਂ ਬਹੁਤ ਸਾਰਾ ਪਿਆਰ ਤੇ ਪੌਜ਼ਟਿਵਿਟੀ।"
ਦੱਸਣਯੋਗ ਹੈ ਕਿ ਐਤਵਾਰ ਨੂੰ ਭਾਰਤ ਪਾਕਿਸਤਾਨ ਵਿਚਾਲੇ ਦੂਜਾ ਮੈਚ ਸੀ। ਭਾਰਤ ਨੇ ਬੱਲੇਬਾਜ਼ੀ ਵਿਚ ਕਮਾਲ ਦਿਖਾਇਆ। ਭਾਰਤ ਨੇ ਪਾਕਿ ਨੂੰ 181 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ 5 ਵਿਕਟਾਂ ਦੇ ਨੁਕਸਾਨ 'ਤੇ ਪਾਕਿ ਨੇ ਪੂਰਾ ਕੀਤਾ ਸੀ। ਇਸ ਮੈਚ ਵਿਚ ਅਰਸ਼ਦੀਪ ਸਿੰਘ ਨੇ ਇੱਕ ਕੈਚ ਛੱਡਿਆ, ਜਿਸ ਤੋਂ ਕ੍ਰਿਕੇਟ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ।
ਨੋਰਾ ਫਤੇਹੀ ਨੇ ਕਿਹਾ- ਮਾਧੁਰੀ ਦੀਕਸ਼ਿਤ ਨਾਲ ਜੱਜ ਦੀ ਕੁਰਸੀ ’ਤੇ ਬੈਠਣ ਦਾ ਸੁਫ਼ਨਾ ਪੂਰਾ ਹੋਇਆ
NEXT STORY