ਮੁੰਬਈ - ਮਸ਼ਹੂਰ ਫਿਲਮ ਅਤੇ ਟੀਵੀ ਅਦਾਕਾਰਾ ਸਨਾ ਖਾਨ, ਜਿਸ ਨੇ ਸਾਲ 2020 ਵਿਚ ਅਚਾਨਕ ਗਲੈਮਰ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ, ਇਕ ਵਾਰ ਫਿਰ ਚਰਚਾ ਵਿਚ ਹੈ। ਸਨਾ ਖਾਨ ਨੇ ਹਾਲ ਹੀ ਵਿਚ ਇਕ ਪੋਡਕਾਸਟ ਦੌਰਾਨ ਆਪਣੇ ਨਿਕਾਹ ਅਤੇ ਸ਼ੋਅਬਿਜ਼ ਛੱਡਣ ਦੇ ਫੈਸਲੇ ਬਾਰੇ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ। ਉਸ ਨੇ ਉਨ੍ਹਾਂ ਅਫਵਾਹਾਂ ਦਾ ਵੀ ਕਰਾਰਾ ਜਵਾਬ ਦਿੱਤਾ ਹੈ, ਜਿਨ੍ਹਾਂ ਵਿਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਸ ਦੇ ਪਤੀ ਮੁਫਤੀ ਅਨਸ ਸਈਦ ਨੇ ਉਸ ਦਾ 'ਬ੍ਰੇਨਵਾਸ਼' ਕੀਤਾ ਸੀ।
ਕੀ ਪਤੀ ਨੇ ਕੀਤਾ ਸੀ 'ਬ੍ਰੇਨਵਾਸ਼'?
ਸਨਾ ਖਾਨ ਨੇ ਉਨ੍ਹਾਂ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਕਿ ਮੁਫਤੀ ਅਨਸ ਨੇ ਉਸ ਨੂੰ ਬਾਲੀਵੁੱਡ ਛੱਡਣ ਲਈ ਮਜਬੂਰ ਕੀਤਾ ਸੀ। ਸਨਾ ਨੇ ਸਪੱਸ਼ਟ ਕੀਤਾ ਕਿ, "ਕੋਈ ਵੀ ਤੁਹਾਡਾ ਬ੍ਰੇਨਵਾਸ਼ ਨਹੀਂ ਕਰ ਸਕਦਾ। ਇਹ ਮੇਰੀ ਆਪਣੀ ਇੱਛਾ ਸੀ"। ਉਸ ਨੇ ਦੱਸਿਆ ਕਿ ਹਾਲਾਂਕਿ ਉਸ ਦੇ ਪਤੀ ਨੇ ਉਸ ਨੂੰ ਸਹੀ ਰਸਤਾ ਦਿਖਾਉਣ ਵਿਚ ਮਦਦ ਕੀਤੀ ਪਰ ਇੰਡਸਟਰੀ ਛੱਡਣ ਦਾ ਫੈਸਲਾ ਉਸ ਦਾ ਨਿੱਜੀ ਸੀ। ਸਨਾ ਮੁਤਾਬਕ, ਇਨਸਾਨ ਕੋਲ ਪੈਸਾ, ਸ਼ੋਹਰਤ ਅਤੇ ਸਨਮਾਨ ਸਭ ਕੁਝ ਹੋ ਸਕਦਾ ਹੈ, ਪਰ ਅੰਤ ਵਿਚ ਉਹ 'ਅੰਦਰੂਨੀ ਸ਼ਾਂਤੀ' ਦੀ ਤਲਾਸ਼ ਕਰਦਾ ਹੈ, ਜੋ ਉਸ ਨੂੰ ਇਸ ਮਾਰਗ 'ਤੇ ਮਿਲੀ।
ਨਿਕਾਹ ਨਾਲ ਜੁੜਿਆ ਇਕ ਵੱਡਾ ਰਾਜ਼
ਸਨਾ ਨੇ ਦੱਸਿਆ ਕਿ ਉਸ ਦਾ ਨਿਕਾਹ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਉਸ ਦੇ ਮਾਤਾ-ਪਿਤਾ ਤੋਂ ਇਲਾਵਾ ਕਿਸੇ ਨੂੰ ਵੀ ਇਸ ਬਾਰੇ ਪਤਾ ਨਹੀਂ ਸੀ। ਸਨਾ ਨੇ ਇਕ ਦਿਲਚਸਪ ਕਿੱਸਾ ਸਾਂਝਾ ਕਰਦਿਆਂ ਦੱਸਿਆ ਕਿ ਜਦੋਂ ਉਹ ਮਹਿੰਦੀ ਲਗਵਾ ਰਹੀ ਸੀ, ਤਾਂ ਮਹਿੰਦੀ ਲਗਾਉਣ ਵਾਲੀ ਕੁੜੀ ਨੇ ਲਾੜੇ ਦਾ ਨਾਮ ਪੁੱਛਿਆ ਸੀ। ਸਨਾ ਨੇ ਉਸ ਸਮੇਂ ਵੀ ਨਾਮ ਨਹੀਂ ਦੱਸਿਆ ਅਤੇ ਕਿਹਾ ਕਿ ਉਹ ਜਗ੍ਹਾ ਖਾਲੀ ਛੱਡ ਦੇਵੇ, ਨਾਮ ਬਾਅਦ ਵਿੱਚ ਲਿਖ ਲਿਆ ਜਾਵੇਗਾ।
ਸ਼ੋਅਬਿਜ਼ ਛੱਡਣ ਦਾ ਅਸਲ ਕਾਰਨ
ਸਾਲ 2020 ਵਿਚ ਕੋਵਿਡ ਦੌਰਾਨ ਸਨਾ ਨੇ ਸ਼ੋਅਬਿਜ਼ ਛੱਡਣ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਸ ਨੇ ਦੱਸਿਆ ਕਿ ਉਹ ਮਨੁੱਖਤਾ ਦੀ ਸੇਵਾ ਕਰਨਾ ਅਤੇ ਅੱਲ੍ਹਾ ਦੇ ਹੁਕਮਾਂ ਦੀ ਪਾਲਣਾ ਕਰਨਾ ਚਾਹੁੰਦੀ ਸੀ। ਸਨਾ ਅਨੁਸਾਰ, ਉਹ ਆਪਣੀ ਜ਼ਿੰਦਗੀ ਵਿਚ ਵੱਡੇ ਬਦਲਾਅ ਮਹਿਸੂਸ ਕਰ ਰਹੀ ਸੀ ਅਤੇ ਇਕ ਵੱਖਰੀ ਇਨਸਾਨ ਬਣ ਰਹੀ ਸੀ। ਅੱਜ ਉਹ ਆਪਣੇ ਫੈਸਲੇ ਤੋਂ ਬਹੁਤ ਖੁਸ਼ ਹੈ ਅਤੇ ਕਹਿੰਦੀ ਹੈ ਕਿ ਉਸ ਨੂੰ ਮੁਫਤੀ ਅਨਸ ਤੋਂ ਬਿਹਤਰ ਜੀਵਨ ਸਾਥੀ ਨਹੀਂ ਮਿਲ ਸਕਦਾ ਸੀ।
ਕਾਰਤਿਕ ਨੇ ਫਿਲਮ ਫਲਾਪ ਹੋਣ 'ਤੇ ਮੋੜੇ 15 ਕਰੋੜ? 'ਤੂ ਮੇਰੀ ਮੈਂ ਤੇਰਾ...' ਦੀ ਅਸਫਲਤਾ ਤੋਂ ਬਾਅਦ ਉੱਡੀਆਂ ਅਫਵਾਹਾਂ ਦੀ ਸੱਚਾਈ
NEXT STORY