ਨਵੀਂ ਦਿੱਲੀ- ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦਾ ਹਰ ਕੋਈ ਇੰਤਜ਼ਾਰ ਕਰ ਰਿਹਾ ਹੈ। ਅੰਬਾਨੀ ਪਰਿਵਾਰ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੀਆਂ ਰਸਮਾਂ ਦੀ ਸ਼ੁਰੂਆਤ ਗਰੀਬ ਲੜਕੀਆਂ ਦੇ ਸਮੂਹਿਕ ਵਿਆਹ ਨਾਲ ਸ਼ੁਰੂ ਕੀਤੀ ਹੈ। ਗਰੀਬ ਪਰਿਵਾਰਾਂ ਨਾਲ ਸਬੰਧਤ 50 ਤੋਂ ਵੱਧ ਜੋੜੇ ਮੁੰਬਈ ਤੋਂ ਲਗਭਗ 100 ਕਿਲੋਮੀਟਰ ਦੂਰ ਪਾਲਘਰ ਆਏ ਸਨ। ਰਿਲਾਇੰਸ ਕਾਰਪੋਰੇਟ ਪਾਰਕ ਵਿਖੇ ਸਮੂਹਿਕ ਵਿਆਹ ਕਰਵਾਇਆ ਗਿਆ।

ਇਸ ਸਮੂਹਿਕ ਵਿਆਹ 'ਚ ਲਾੜਾ-ਲਾੜੀ ਦੇ ਪੱਖ ਦੇ ਕਰੀਬ 800 ਲੋਕਾਂ ਨੇ ਭਾਗ ਲਿਆ। ਇਸ ਮੌਕੇ ਅੰਬਾਨੀ ਪਰਿਵਾਰ ਨੇ ਅਜਿਹੇ ਕਈ ਸਮੂਹਿਕ ਵਿਆਹ ਕਰਵਾਉਣ ਦਾ ਸੰਕਲਪ ਲਿਆ। ਨੀਤਾ ਅੰਬਾਨੀ ਅਤੇ ਮੁਕੇਸ਼ ਅੰਬਾਨੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਮੂਹਿਕ ਵਿਆਹ 'ਚ ਸ਼ਾਮਲ ਹੋਏ। ਅੰਬਾਨੀ ਪਰਿਵਾਰ ਨੇ ਨਵੇਂ ਵਿਆਹੇ ਜੋੜੇ ਨੂੰ ਵਧਾਈ ਦਿੱਤੀ। ਇਸ ਮੌਕੇ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਭਾਵੁਕ ਹੋ ਗਈ।

ਸਮੂਹਿਕ ਵਿਆਹ ਤੋਂ ਬਾਅਦ ਨੀਤਾ ਅੰਬਾਨੀ ਨੇ ਕਿਹਾ, 'ਅੱਜ ਇਨ੍ਹਾਂ ਸਾਰੇ ਜੋੜਿਆਂ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ। ਮੈਂ ਇੱਕ ਮਾਂ ਹਾਂ ਅਤੇ ਇੱਕ ਮਾਂ ਨੂੰ ਆਪਣੇ ਬੱਚਿਆਂ ਦੇ ਵਿਆਹ ਹੁੰਦੇ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਰਾਧਿਕਾ ਅਤੇ ਅਨੰਤ ਦੇ ਵਿਆਹ ਦੇ ਸਾਰੇ ਸ਼ੁਭ ਜਸ਼ਨ ਅੱਜ ਤੋਂ ਸ਼ੁਰੂ ਹੋ ਰਹੇ ਹਨ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਇੱਥੇ ਆਈ ਹਾਂ, ਉਨ੍ਹਾਂ ਦਾ ਜੀਵਨ ਖੁਸ਼ਹਾਲ ਹੋਵੇ।

ਅੰਬਾਨੀ ਪਰਿਵਾਰ ਵੱਲੋਂ, ਹਰੇਕ ਜੋੜੇ ਨੂੰ ਮੰਗਲਸੂਤਰ, ਵਿਆਹ ਦੀ ਮੁੰਦਰੀ ਅਤੇ ਨੱਕ ਦੇ ਕੋਕੇ ਸਮੇਤ ਬਹੁਤ ਸਾਰੇ ਸੋਨੇ ਅਤੇ ਚਾਂਦੀ ਦੇ ਗਹਿਣੇ ਭੇਟ ਕੀਤੇ ਗਏ। ਇਸ ਤੋਂ ਇਲਾਵਾ ਹਰੇਕ ਲਾੜੀ ਨੂੰ 1 ਲੱਖ 1 ਹਜ਼ਾਰ ਰੁਪਏ ਦਾ ਚੈੱਕ ਵੀ 'ਸਤ੍ਰੀਧਾਨ' ਵਜੋਂ ਦਿੱਤਾ ਗਿਆ।

ਇਸ ਦੇ ਨਾਲ ਹੀ ਇੱਕ ਸਾਲ ਲਈ ਲੋੜੀਂਦਾ ਕਰਿਆਨਾ ਅਤੇ ਘਰੇਲੂ ਸਮਾਨ ਵੀ ਤੋਹਫ਼ੇ 'ਚ ਦਿੱਤਾ ਗਿਆ, ਜਿਸ 'ਚ 36 ਤਰ੍ਹਾਂ ਦੇ ਲੋੜਵੰਦ ਸਮਾਨ ਜਿਵੇਂ ਭਾਂਡੇ, ਗੈਸ ਚੁੱਲ੍ਹੇ, ਮਿਕਸਰ, ਗੱਦੇ, ਸਿਰਹਾਣੇ ਆਦਿ ਸ਼ਾਮਿਲ ਹਨ। ਸਮੂਹਿਕ ਵਿਆਹ 'ਚ ਹਾਜ਼ਰ ਲੋਕਾਂ ਲਈ ਸ਼ਾਨਦਾਰ ਦਾਅਵਤ ਦਾ ਵੀ ਆਯੋਜਨ ਕੀਤਾ ਗਿਆ। ਸ਼ਾਮ ਨੂੰ ਹੋਏ ਸੱਭਿਆਚਾਰਕ ਪ੍ਰੋਗਰਾਮ 'ਚ ਵਾਰਲੀ ਕਬੀਲੇ ਵੱਲੋਂ ਰਵਾਇਤੀ ਤਰਪਾ ਨਾਚ ਪੇਸ਼ ਕੀਤਾ ਗਿਆ।

ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਐਮ.ਡੀ. ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਕਾਰੋਬਾਰੀ ਵੀਰੇਨ ਮਰਚੈਂਟ ਦੀ ਧੀ ਰਾਧਿਕਾ ਮਰਚੈਂਟ 12 ਜੁਲਾਈ ਨੂੰ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ 'ਚ ਵਿਆਹ ਦੇ ਬੰਧਨ 'ਚ ਬੱਝਣਗੇ।

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੀ ਰਸਮ 12 ਜੁਲਾਈ ਨੂੰ ਸ਼ੁਰੂ ਹੋਵੇਗੀ। ਪਹਿਲੀ ਰਸਮ ਸ਼ੁਭ ਵਿਆਹ ਜਾਂ ਵਿਆਹ ਦੀ ਰਸਮ ਹੋਵੇਗੀ। 13 ਜੁਲਾਈ ਸ਼ੁਭ ਦਿਹਾੜਾ ਹੋਵੇਗਾ। 14 ਜੁਲਾਈ ਨੂੰ ਮੰਗਲ ਉਤਸਵ ਜਾਂ ਵਿਆਹ ਦਾ ਰਿਸੈਪਸ਼ਨ ਹੋਵੇਗਾ। ਵਿਆਹ ਦਾ ਪਹਿਰਾਵਾ ਕੋਡ ਭਾਰਤੀ ਪਰੰਪਰਾਗਤ ਹੈ। ਇਹ ਸਾਰੇ ਸਮਾਰੋਹ ਬੀਕੇਸੀ ਸਥਿਤ ਜੀਓ ਵਰਲਡ ਸੈਂਟਰ 'ਚ ਆਯੋਜਿਤ ਕੀਤੇ ਜਾਣਗੇ।




ਜਦੋਂ ਮੂਸੇਵਾਲਾ ਨੇ ਸਟੇਜ 'ਤੇ ਜਾ ਕੇ ਸਰਤਾਜ ਨੂੰ ਟੇਕਿਆ ਸੀ ਮੱਥਾ, ਸਤਿੰਦਰ ਨੂੰ ਗਾਉਣ ਤੋਂ ਕਰ 'ਤਾ ਸੀ ਇਨਕਾਰ
NEXT STORY