ਫਰੀਦਕੋਟ (ਰਾਜਨ) : ਫਰੀਦਕੋਟ ਜ਼ਿਲ੍ਹੇ ਵਿਚ ਅਪਰਾਧਿਕ ਅਨਸਰਾਂ, ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਸਟ੍ਰੀਟ ਕਰਾਈਮ ਖ਼ਿਲਾਫ਼ ਸਾਲ 2025 ਦੌਰਾਨ ਸਖ਼ਤ ਤੇ ਲਗਾਤਾਰ ਕਾਰਵਾਈ ਕੀਤੀ ਗਈ। ਇਸ ਦਾ ਨਤੀਜਾ ਇਹ ਰਿਹਾ ਕਿ ਜ਼ਿਲ੍ਹੇ ਵਿਚ ਅਪਰਾਧ ਦਰ ਵਿਚ ਕਰੀਬ 31 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ। ਪਿਛਲੇ ਸਾਲ 1209 ਮੁਕੱਦਮਿਆਂ ਦੇ ਮੁਕਾਬਲੇ ਸਾਲ 2025 ਵਿੱਚ ਸਿਰਫ਼ 837 ਮੁਕੱਦਮੇ ਦਰਜ ਹੋਏ। ਸਾਲ 2025 ਦੌਰਾਨ ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਫਰੀਦਕੋਟ ਪੁਲਸ ਦੀਆਂ ਟੀਮਾਂ ਨੇ ਨਸ਼ਿਆਂ ਖ਼ਿਲਾਫ਼ ਇਤਿਹਾਸਿਕ ਕਾਰਵਾਈ ਕਰਦਿਆਂ 866 ਮੁਕੱਦਮੇ ਦਰਜ ਕਰਕੇ 1334 ਮੁਲਜ਼ਮ ਗ੍ਰਿਫ਼ਤਾਰ ਕੀਤੇ। ਇਸ ਦੌਰਾਨ 29 ਕਿਲੋ 688 ਗ੍ਰਾਮ ਹੈਰੋਇਨ, 21 ਕੁਇੰਟਲ ਤੋਂ ਵੱਧ ਪੋਸਤ, 26 ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ/ਕੈਪਸੂਲ, 7 ਕਿਲੋ ਤੋਂ ਵੱਧ ਅਫੀਮ, ਆਈਸ ਡਰੱਗ, 27 ਕਿਲੋ ਗਾਂਜਾ ਅਤੇ ਲਗਭਗ 17 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਨਸ਼ਾ ਤਸਕਰਾਂ ਵੱਲੋਂ ਨਸ਼ਿਆਂ ਦੀ ਕਮਾਈ ਨਾਲ ਬਣਾਈ ਗਈ 4 ਕਰੋੜ 94 ਲੱਖ ਰੁਪਏ ਤੋਂ ਵੱਧ ਕੀਮਤ ਦੀ ਜਾਇਦਾਦ ਸਬੰਧਿਤ ਅਥਾਰਟੀ ਦੀ ਮਨਜ਼ੂਰੀ ਉਪਰੰਤ ਫਰੀਜ਼ ਕਰਵਾਈ ਗਈ, ਜੋ ਜ਼ਿਲ੍ਹੇ ਵਿੱਚ ਪਹਿਲੀ ਵਾਰ ਹੋਇਆ।
ਫਰੀਦਕੋਟ ਪੁਲਸ ਵੱਲੋਂ ਐਕਸਟੋਰਸ਼ਨ ਅਤੇ ਗੈਂਗਸਟਰ ਨੈਟਵਰਕ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਗਈ। ਸਾਰੇ ਐਕਸਟੋਰਸ਼ਨ ਕੇਸ ਸਫ਼ਲਤਾਪੂਰਵਕ ਟਰੇਸ ਕਰਕੇ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ। ਵਿਦੇਸ਼ ਅਧਾਰਿਤ ਅਪਰਾਧੀਆਂ ਅਤੇ ਉਨ੍ਹਾਂ ਦੇ ਗੁਰਗਿਆਂ ਸਮੇਤ 22 ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਭੇਜਿਆ ਗਿਆ। ਸਟ੍ਰੀਟ ਕਰਾਈਮ, ਲੁੱਟ ਅਤੇ ਖੋਹ ਦੇ ਮਾਮਲਿਆਂ ਵਿਚ ਰਿਕਾਰਡ ਤੋੜ ਰਿਕਵਰੀ ਦਰਜ ਕਰਦਿਆਂ ਖੋਹ ਵਿੱਚ ਲਗਭਗ 97 ਫੀਸਦੀ ਅਤੇ ਆਮ ਚੋਰੀ ਵਿੱਚ 100 ਫੀਸਦੀ ਰਿਕਵਰੀ ਕੀਤੀ ਗਈ। ਸਾਲ 2025 ਦੌਰਾਨ ਸਾਈਬਰ ਠੱਗੀ ਦੇ ਮਾਮਲਿਆਂ ਵਿੱਚ ਵੀ ਤੁਰੰਤ ਕਾਰਵਾਈ ਕਰਦਿਆਂ 82 ਲੱਖ ਰੁਪਏ ਦੇ ਕਰੀਬ ਰਕਮ ਪੀੜਤਾਂ ਨੂੰ ਵਾਪਸ ਕਰਵਾਈ ਗਈ ਅਤੇ 280 ਗੁੰਮ ਹੋਏ ਮੋਬਾਇਲ ਫੋਨ ਰਿਕਵਰ ਕਰਕੇ ਮਾਲਕਾਂ ਨੂੰ ਸੌਂਪੇ ਗਏ।
ਇਸ ਤੋਂ ਇਲਾਵਾ, ਜਨਤਾ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਲਈ 5187 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ ਅਤੇ 2060 ਤਫ਼ਤੀਸ਼ ਅਧੀਨ ਕੇਸਾਂ ਨੂੰ ਸਫ਼ਲਤਾਪੂਰਵਕ ਹੱਲ ਕਰਕੇ ਫਰੀਦਕੋਟ ਜ਼ਿਲ੍ਹੇ ਦੇ ਇਤਿਹਾਸ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ ਗਿਆ। ਪੁਲਸ ਵੈਲਫੇਅਰ ਅਤੇ ਆਧੁਨਿਕੀਕਰਨ ਵੱਲ ਵੀ ਕਦਮ ਚੁੱਕਦਿਆਂ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ, ਹਾਈ-ਟੈਕ ਕਾਨਫਰੰਸ ਹਾਲ ਅਤੇ ਆਧੁਨਿਕ ਤਕਨੀਕੀ ਸਾਜੋ-ਸਮਾਨ ਨਾਲ ਥਾਣਿਆਂ ਨੂੰ ਲੈਸ ਕੀਤਾ ਗਿਆ।
ਪੰਜਾਬ 'ਚ ਮਾਘੀ ਮੇਲੇ 'ਤੇ 11 ਸਾਲਾਂ ਬਾਅਦ ਸਜੇਗਾ 'ਆਪ ਦਾ ਮੰਚ', ਭਾਜਪਾ ਪਹਿਲੀ ਵਾਰ ਠੋਕੇਗੀ ਤਾਲ
NEXT STORY