ਗੈਜੇਟ ਡੈਸਕ— ਗੂਗਲ ਡੁਓ ਹੁਣ ਆਪਣੇ ਯੂਜ਼ਰਜ਼ ਨੂੰ ਬਿਨ੍ਹਾਂ ਫੋਨ ਨੰਬਰ ਦੇ ਸਾਈਨ-ਇਨ ਕਰਨ ਦੀ ਸਹੂਲਤ ਦੇ ਰਹੀ ਹੈ। ਇਹ ਦਾਅਵਾ ਇਕ ਰਿਪੋਰਟ 'ਚ ਕੀਤਾ ਗਿਆ ਹੈ ਜਿਸ ਮੁਤਾਬਕ, ਇਹ ਸਹੂਲਤ ਸਿਰਫ ਐਂਡਰਾਇਡ ਟੈਬਲੇਟ 'ਤੇ ਹੀ ਮੁਹੱਈਆ ਹੋਵੇਗੀ। ਬਾਕੀ ਯੂਜ਼ਰਜ਼ ਨੂੰ ਗੂਗਲ ਡੁਓ ਖਾਤਾ ਬਣਾਉਣ ਲਈ ਅਜੇ ਵੀ ਫੋਨ ਨੰਬਰ ਦੀ ਲੋੜ ਪਵੇਗੀ। ਇਸ ਤੋਂ ਇਲਾਵਾ ਗੂਗਲ ਨੇ ਡੁਓ 'ਤੇ ਇਕ ਨਵਾਂ ਫੀਚਰ ਵੀ ਜਾਰੀ ਕੀਤਾ ਹੈ ਜਿਸ ਵਿਚ ਯੂਜ਼ਰਜ਼ ਆਪਣੇ ਈ-ਮੇਲ ਐਡਰੈੱਸ ਦੁਆਰਾ ਵੀ ਕੁਨੈਕਟ ਕਰ ਸਕਦੇ ਹਨ। ਇਹ ਫੀਚਰ ਭਾਰਤ 'ਚ ਐਕਟਿਵ ਹੋ ਗਿਆ ਹੈ ਜੋ ਕਿ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਲਈ ਜਾਰੀ ਕੀਤਾ ਗਿਆ ਹੈ।
ਐਂਡਰਾਇਡ ਪੁਲਿਸ ਦੀ ਰਿਪੋਰਟ ਮੁਤਾਬਕ, ਐਂਡਰਾਇਡ ਟੈਬਲੇਟ ਦੀ ਵਰਤੋਂ ਕਰਨ ਵਾਲੇ ਜੋ ਗੂਗਲ ਡੁਓ ਐਪ ਡਾਊਨਲੋਡ ਕਰਨ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਨੂੰ ਇਸ 'ਤੇ ਸਾਈਨ-ਅਪ ਕਰਨ ਲਈ ਵੈਰੀਫਿਕੇਸ਼ਨ ਲਈ ਫੋਨ ਨੰਬਰ ਦੇਣ ਦੀ ਲੋੜ ਨਹੀਂ ਹੋਵੇਗੀ, ਉਹ ਸਿਰਫ ਆਪਣੇ ਈ-ਮੇਲ ਐਡਰੈੱਸ ਦੀ ਮਦਦ ਨਾਲ ਹੀ ਖਾਤਾ ਬਣਾ ਸਕਦੇ ਹਨ।
ਹਾਲਾਂਕਿ ਗੂਗਲ ਡੁਓ ਐਪ ਪੂਰੀ ਤਰ੍ਹਾਂ ਤੁਹਾਡੇ ਟੈਬਲੇਟ 'ਚ ਕੰਮ ਕਰਨ ਲਈ ਤੁਹਾਡੇ ਕੋਲੋਂ ਤੁਹਾਡੀ ਕਾਨਟੈਕਟ ਲਿਸਟ, ਕੈਮਰਾ ਅਤੇ ਮਾਈਕ੍ਰੋਫੋਨ ਐਕਸੈਸ ਦੀ ਮੰਗ ਜ਼ਰੂਰ ਕਰੇਗੀ। ਰਿਪੋਰਟ ਮੁਤਾਬਕ, ਫੋਨ ਯੂਜ਼ਰਜ਼ ਲਈ ਇਹ ਨਿਯਮ ਨਹੀਂ ਹੈ। ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲਿਆਂ ਨੂੰ ਵੈਰੀਫਿਕੇਸ਼ਨ ਲਈ ਆਪਣਾ ਮੋਬਾਇਲ ਨੰਬਰ ਦੇਣਾ ਹੀ ਪਵੇਗਾ।
ਈ-ਮੇਲ ਐਡਰੈੱਸ ਰਾਹੀਂ ਸਾਈਨ-ਅਪ ਕਰਨ ਦਾ ਆਪਸ਼ਨ ਸਿਰਫ ਟੈਬਲੇਟ ਲਈ ਹੀ ਹੈ ਜੋ ਕਿ ਗੂਗਲ ਡੁਓ ਦੀ ਨਵੀਂ ਅਪਡੇਟ ਹੈ, ਜਿਸ ਦੀ ਮਦਦ ਨਾਲ ਯੂਜ਼ਰਜ਼ ਈ-ਮੇਲ ਐਡਰੈੱਸ ਦੀ ਮਦਦ ਨਾਲ ਵੀ ਐਪ 'ਤੇ ਕੁਨੈਕਟ ਕਰ ਸਕਦੇ ਹਨ। ਇਸ ਫੀਚਰ ਨੂੰ ਗੂਗਲ ਡੁਓ ਵਰਜ਼ਨ 87 ਲਈ ਰੋਲ ਆਊਟ ਕੀਤਾ ਗਿਆ ਹੈ ਜੋ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਹੀ ਭਾਰਤੀ ਯੂਜ਼ਰਜ਼ ਲਈ ਮੁਹੱਈਆ ਹੈ।
ਇਸੇ ਮਹੀਨੇ ਦੀ ਸ਼ੁਰੂਆਤ 'ਚ ਖਬਰ ਆਈ ਸੀ ਕਿ ਗੂਗਲ ਡੁਓ ਆਪਣੇ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ, ਜਿਸ ਵਿਚ ਗਰੁੱਪ ਕਾਲਿੰਗ ਫੀਚਰ 'ਚ ਜਲਦੀ ਹੀ 32 ਲੋਕਾਂ ਦੀ ਗਿਣਤੀ ਨੂੰ ਜੋੜਿਆ ਜਾਵੇਗਾ। ਫਿਲਹਾਲ, ਇਸ ਪਲੇਟਫਾਰਮ 'ਤੇ ਸਿਰਫ 12 ਲੋਕ ਹੀ ਇਕੱਠੇ ਗਰੁੱਪ ਵੀਡੀਓ ਕਾਲਿੰਗ ਕਰ ਸਕਦੇ ਹਨ। ਇਸ ਤੋਂ ਪਹਿਲਾਂ ਮਾਰਚ 'ਚ ਸਿਰਫ 8 ਲੋਕ ਹੀ ਇਕ ਗਰੁੱਪ 'ਚ ਵੀਡੀਓ ਕਾਲ ਦਾ ਹਿੱਸਾ ਬਣ ਸਕਦੇ ਸਨ, ਹਾਲਾਂਕਿ ਕੋਰੋਨਾਵਾਇਰਸ ਦੇ ਚਲਦੇ ਤਾਲਾਬੰਦੀ ਦੌਰਾਨ ਵਰਕ ਫਰਾਮ ਹੋਮ ਦੀ ਮੰਗ ਅਤੇ ਵੀਡੀਓ ਕਾਲਿੰਗ ਦੀ ਜ਼ਿਆਦਾ ਵਰਤੋਂ ਦੇਖ ਕੇ ਕੰਪਨੀ ਨੇ ਇਸ ਵਿਚ ਮੈਂਬਰਾਂ ਦੀ ਗਿਣਤੀ 'ਚ ਵਾਧਾ ਕੀਤਾ ਸੀ।
ਟਿਕਟਾਕ ਦੀ ਰੇਟਿੰਗ ਫਿਰ ਸੁਧਰੀ, ਗੂਗਲ ਨੇ ਇੰਝ ਕੀਤੀ ਮਦਦ
NEXT STORY