ਗੁਰਦਾਸਪੁਰ (ਹਰਮਨ) : ਫੋਕਲ ਪੁਆਇੰਟ ਗਜਨੀਪੁਰ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਇਕ ਮਹਿਲਾ ਦੀ ਇਲਾਜ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਬਲਵਿੰਦਰ ਸਿੰਘ ਪੁੱਤਰ ਅਜੀਤ ਸਿੰਘ, ਨਿਵਾਸੀ ਗਜਨੀਪੁਰ ਨੇ ਪੁਲਸ ਨੂੰ ਦੱਸਿਆ ਕਿ ਬੀਤੀ 28 ਫਰਵਰੀ ਦੀ ਸ਼ਾਮ ਕਰੀਬ 7:15 ਵਜੇ ਜਦੋਂ ਉਹ ਫੋਕਲ ਪੁਆਇੰਟ ਗਜਨੀਪੁਰ ਤੋਂ ਆਪਣੇ ਘਰ ਜਾ ਰਿਹਾ ਸੀ ਤਾਂ ਉਸ ਦੀ ਭਰਜਾਈ ਬਲਵਿੰਦਰ ਕੌਰ ਪਤਨੀ ਰਾਜਵਿੰਦਰ ਸਿੰਘ ਵੀ ਸੜਕ ਦੇ ਕਿਨਾਰੇ ਪੈਦਲ ਆਪਣੇ ਘਰ ਵੱਲ ਜਾ ਰਹੀ ਸੀ।
ਇਸ ਦੌਰਾਨ ਕਲਾਨੌਰ ਵਾਲੀ ਸਾਈਡ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਦੇ ਚਾਲਕ ਨੇ ਗਲਤ ਦਿਸ਼ਾ ਤੋਂ ਆ ਕੇ ਅਤੇ ਬਿਨਾਂ ਕੋਈ ਹਾਰਨ ਦਿੱਤੇ ਬਲਵਿੰਦਰ ਕੌਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਸਿਰ ਅਤੇ ਸਰੀਰ 'ਤੇ ਗੰਭੀਰ ਸੱਟਾਂ ਲੱਗੀਆਂ। ਜ਼ਖਮੀ ਮਹਿਲਾ ਨੂੰ ਤੁਰੰਤ ਸਵਾਰੀ ਦਾ ਪ੍ਰਬੰਧ ਕਰਕੇ ਗੁਰਦਾਸਪੁਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ਵਿਚ ਕਾਰ ਨੰਬਰ ਦੇ ਆਧਾਰ 'ਤੇ ਅਣਪਛਾਤੇ ਚਾਲਕ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਲਾਨੌਰ ’ਚ ਜੰਗਲੀ ਲੰਗੂਰ ਦੀ ਦਸਤਕ, ਦੁਕਾਨਦਾਰਾਂ ਤੇ ਬੱਚਿਆਂ ’ਚ ਦਹਿਸ਼ਤ ਦਾ ਮਾਹੌਲ
NEXT STORY