ਢਾਕਾ (ਭਾਸ਼ਾ)— ਬੰਗਲਾਦੇਸ਼ ਦੀ ਯੂਨੀਵਰਸਿਟੀ ਵਿਚ ਝੜਪਾਂ ਤੋਂ ਬਾਅਦ ਸੋਮਵਾਰ ਨੂੰ ਦੇਸ਼ ਭਰ ਵਿਚ ਹਜ਼ਾਰਾਂ ਵਿਦਿਆਰਥੀਆਂ ਨੇ ਧਰਨਾ ਦਿੱਤਾ ਅਤੇ ਪ੍ਰਦਰਸ਼ਨ ਕੀਤਾ। ਯੂਨੀਵਰਸਿਟੀ ਵਿਚ ਹੋਈਆਂ ਝੜਪਾਂ ਵਿਚ 100 ਲੋਕ ਜ਼ਖਮੀ ਹੋ ਗਏ ਸਨ। ਸਰਕਾਰੀ ਨੌਕਰੀਆਂ ਵਿਚ ਵਿਸ਼ੇਸ਼ ਸਮੂਹ ਦੇ ਪੱਖ 'ਚ ਭੇਦਭਾਵ ਦਾ ਦੋਸ਼ ਲਾਉਂਦੇ ਹੋਏ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੂੰ ਤਿਤਰ-ਬਿਤਰ ਕਰਨ ਲਈ ਪੁਲਸ ਨੇ ਰਬੜ ਦੀਆਂ ਗੋਲੀਆਂ ਚਲਾਈਆਂ ਅਤੇ ਹੰਝੂ ਗੈਸ ਦੇ ਗੋਲੇ ਛੱਡੇ। ਬੰਗਲਾਦੇਸ਼ ਵਿਚ ਤਕਰੀਬਨ ਇਕ ਦਹਾਕੇ ਤੋਂ ਸੱਤਾਧਾਰੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਜਿਨ੍ਹਾਂ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਇਹ ਉਨ੍ਹਾਂ 'ਚੋਂ ਇਕ ਹੈ।
ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਨੇਤਾਵਾਂ ਨਾਲ ਇਕ ਮੰਤਰੀ ਦੇ ਮੁਲਾਕਾਤ ਕਰਨ ਦੀ ਸੰਭਾਵਨਾ ਹੈ। ਮੀਡੀਆ ਵਿਚ ਆਈਆਂ ਖਬਰਾਂ ਵਿਚ ਕਿਹਾ ਗਿਆ, ਚਿਟਗਾਂਵ, ਖੁਲਨਾ, ਰਾਜਸ਼ਾਹੀ, ਰੰਗਪੁਰ, ਸਿਲਹਟ ਅਤੇ ਸਾਵਾਰ ਵਿਚ ਸਰਕਾਰੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਜਮਾਤਾਂ ਦਾ ਬਾਈਕਾਟ ਕਰ ਕੇ ਧਰਨਾ ਦਿੱਤਾ ਅਤੇ ਪ੍ਰਦਰਸ਼ਨ ਕੀਤਾ। ਕੱਲ ਰਾਤ ਸ਼ੁਰੂ ਹੋਈਆਂ ਝੜਪਾਂ ਅੱਜ ਤੜਕੇ ਤੱਕ ਜਾਰੀ ਸਨ ਅਤੇ ਢਾਕਾ ਯੂਨੀਵਰਸਿਟੀ ਜੰਗ ਦਾ ਮੈਦਾਨ ਬਣਿਆ ਹੋਇਆ ਹੈ। ਪੁਲਸ ਇੰਸਪੈਕਟਰ ਬੱਚੂ ਮਿਆਂ ਨੇ ਦੱਸਿਆ ਕਿ 100 ਤੋਂ ਵਧ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਦਾ ਇਲਾਜ ਹਸਪਤਾਲ 'ਚ ਕੀਤਾ ਜਾ ਰਿਹਾ ਹੈ ਅਤੇ ਉਹ ਖਤਰੇ ਤੋਂ ਬਾਹਰ ਹਨ।
ਉਨ੍ਹਾਂ ਨੇ ਦੱਸਿਆ ਕਿ ਹਿੰਸਾ ਦੇ ਸੰਬੰਧ ਵਿਚ 15 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਦੇ ਇਕ ਨੇਤਾ ਹਸਨ ਅਲ ਮਾਮੂਨ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ਹੈ ਕਿ ਉੱਚ ਅਹੁਦਿਆਂ ਦੀਆਂ ਨੌਕਰੀਆਂ ਲਈ ਰਿਜ਼ਰਵੇਸ਼ਨ ਨੂੰ ਘੱਟ ਕਰ ਕੇ 10 ਫੀਸਦੀ ਕਰ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਇਹ ਰਿਜ਼ਰਵੇਸ਼ਨ ਭੇਦਭਾਵਪੂਰਨ ਹੈ। ਰਿਜ਼ਰਵੇਸ਼ਨ ਵਿਵਸਥਾ ਕਾਰਨ 56 ਫੀਸਦੀ ਨੌਕਰੀਆਂ ਦੇਸ਼ ਦੀ ਜਨਸੰਖਿਆ ਦੇ 5 ਫੀਸਦੀ ਲੋਕਾਂ ਲਈ ਰੱਖ ਦਿੱਤੀ ਜਾਂਦੀ ਹੈ ਅਤੇ 95 ਫੀਸਦੀ ਲੋਕ ਬਾਕੀ 44 ਫੀਸਦੀ ਨੌਕਰੀਆਂ ਲਈ ਜੱਦੋ-ਜਹਿਦ ਕਰਦੇ ਹਨ।
...ਜਦੋਂ ਅਚਾਨਕ ਇਤਿਹਾਸਿਕ ਇਮਾਰਤ ਨਾਲ ਟਕਰਾਇਆ ਤੇਲ ਟੈਂਕਰ ਜਹਾਜ਼
NEXT STORY