ਨਿਊਯਾਰਕ : ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਭਾਰਤੀਆਂ ਨੂੰ ਕਈ ਵਾਰ ਜ਼ਲਾਲਤ ਭਰੇ ਦਿਨ ਬਤੀਤ ਕਰਨੇ ਪੈਂਦੇ ਹਨ ਅਤੇ ਆਪਣੇ ਹੀ ਰਿਸ਼ਤੇਦਾਰਾਂ ਵੱਲੋਂ ਕੀਤੀ ਕੁੱਟਮਾਰ ਚੁੱਪ-ਚਾਪ ਬਰਦਾਸ਼ਤ ਕਰਨੀ ਪੈਂਦੀ ਹੈ। ਸਿਰਫ ਇਥੇ ਹੀ ਬੱਸ ਨਹੀਂ ਮਿਹਨਤਾਨੇ ਦੇ ਇਵਜ਼ ਵਿਚ ਇਕ ਧੇਲਾ ਵੀ ਨਹੀਂ ਮਿਲਦਾ। ਇਸੇ ਕਿਸਮ ਦਾ ਮਾਮਲਾ ਨਿਊਯਾਰਕ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਗਰੌਸਰੀ ਸਟੋਰ ਵਿਚ ਕੰਮ ਕਰਦੇ 2 ਭਾਰਤੀਆਂ ਨਾਲ ਲੰਮੇ ਸਮੇਂ ਤੋਂ ਜਾਨਵਰਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਇਹ ਸਲੂਕ ਕਰਨ ਵਾਲਾ ਉਨ੍ਹਾਂ ਦਾ ਆਪਣਾ ਰਿਸ਼ਤੇਦਾਰ ਹੈ।
ਗਰੌਸਰੀ ਸਟੋਰ ’ਤੇ ਕੰਮ ਕਰਨ ਦੇ ਬਾਵਜੂਦ ਨਹੀਂ ਮਿਲਦਾ ਪੈਸਾ
‘ਟਾਈਮਜ਼ ਆਫ ਇੰਡੀਆ’ ਦੀ ਰਿਪੋਰਟ ਵਿਚ ਸੀ.ਸੀ.ਟੀ.ਵੀ. ਕੈਮਰੇ ਦੀਆਂ ਤਿੰਨ ਵੀਡੀਓਜ਼ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਗੁਜਰਾਤ ਦੇ ਗਾਂਧੀਨਗਰ ਇਲਾਕੇ ਨਾਲ ਸਬੰਧਤ ਗਰੌਸਰੀ ਸਟੋਰ ਮਾਲਕ ਨੇ ਆਪਣੇ ਮੁਲਾਜ਼ਮਾਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਰੱਖਿਆ ਹੋਇਆ ਹੈ। ਇਕ ਵੀਡੀਓ ਵਿਚ ਗਰੌਸਰੀ ਸਟੋਰ ਦਾ ਮਾਲਕ ਆਪਣੇ ਮੁਲਾਜ਼ਮਾਂ ਨੂੰ ਜ਼ਲੀਲ ਕਰਦਾ ਦੇਖਿਆ ਜਾ ਸਕਦਾ ਹੈ ਜਦਕਿ ਦੂਜੀ ਵੀਡੀਓ ਵਿਚ ਮਾਲਕ ਦੀ ਪਤਨੀ ਮੁਲਾਜ਼ਮਾਂ ਬਾਰੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੀ ਹੈ। ਤੀਜੀ ਵੀਡੀਓ ਵਿਚ ਗਰੌਸਰੀ ਸਟੋਰ ਦਾ ਮਾਲਕ ਆਪਣੇ ਮੁਲਾਜ਼ਮ ਦੀ ਪਿੱਠ ’ਤੇ ਲੱਤ ਮਾਰਦਾ ਹੈ ਅਤੇ ਉਹ ਵਿਚਾਰਾ ਵਿਲਕਦਾ ਹੋਇਆ ਇਕ ਪਾਸੇ ਚਲਿਆ ਜਾਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਬਾਲਟੀਮੋਰ ਪੁਲ ਹਾਦਸਾ: ਜਾਂਚ ਪੂਰੀ ਹੋਣ ਤੱਕ ਬੋਰਡ 'ਤੇ ਰਹੇਗਾ ਚਾਲਕ ਦਲ
ਰਿਪੋਰਟ ਵਿਚ ਇਕ ਆਡੀਓ ਕਲਿੱਪ ਦਾ ਜ਼ਿਕਰ ਵੀ ਕੀਤਾ ਗਿਆ ਹੈ ਜਿਸ ਵਿਚ ਗਰੌਸਰੀ ਸਟੋਰ ਮਾਲਕ ਦੀਆਂ ਗਾਲ੍ਹਾਂ ਸੁਣੀਆਂ ਜਾ ਸਕਦੀਆਂ ਹਨ। ਖੁਦ ਨੂੰ ਮਹਾਨ ਦੱਸਣ ਦੇ ਯਤਨ ਤਹਿਤ ਸਟੋਰ ਮਾਲਕ ਕਹਿੰਦਾ ਹੈ ਕਿ ਉਸ ਨੇ ਵੱਡਾ ਖਤਰਾ ਮੁੱਲ ਲੈ ਕੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਵਾਲਿਆਂ ਨੂੰ ਸਿਰਫ ਆਸਰਾ ਹੀ ਨਹੀਂ ਬਲਕਿ ਕੰਮ ਵੀ ਦਿੱਤਾ ਹੈ। ਗਰੌਸਰੀ ਸਟੋਰ ਮਾਲਕ ਨੂੰ ਨੇੜਿਉਂ ਜਾਣਨ ਵਾਲੇ ਇਕ ਸ਼ਖਸ ਨੇ ਦੱਸਿਆ ਕਿ ਇਹ ਪਰਿਵਾਰ ਤਕਰੀਬਨ ਇਕ ਦਹਾਕਾ ਪਹਿਲਾਂ ਅਮਰੀਕਾ ਆਇਆ ਸੀ ਅਤੇ ਯੂ-ਵੀਜ਼ਾ ਹਾਸਲ ਕਰ ਲਿਆ।
ਕੁੱਟਮਾਰ ਅਤੇ ਜ਼ਲੀਲ ਕਰਨ ਦੀਆਂ ਵੀਡੀਓ ਆਈਆਂ ਸਾਹਮਣੇ
ਅਮਰੀਕਾ ਵਿਚ ਯੂ-ਵੀਜ਼ਾ ਉਨ੍ਹਾਂ ਪ੍ਰਵਾਸੀਆਂ ਨੂੰ ਦਿੱਤਾ ਜਾਂਦਾ ਹੈ ਜੋ ਕੁਝ ਖਾਸ ਅਪਰਾਧਾਂ ਦੇ ਪੀੜਤ ਹੁੰਦੇ ਹਨ ਅਤੇ ਉਸ ਦਰਦ ਨੂੰ ਮਾਨਸਿਕ ਜਾਂ ਸਰੀਰਕ ਤੌਰ ’ਤੇ ਹੰਢਾਇਆ ਹੁੰਦਾ ਹੈ। ਰਿਪੋਰਟ ਮੁਤਾਬਕ ਤਕਰੀਬਨ ਛੇ ਸਾਲ ਪਹਿਲਾਂ ਪਰਿਵਾਰ ਨੇ ਗੁਜਰਾਤ ਤੋਂ ਆਪਣੇ ਇਕ ਰਿਸ਼ਤੇਦਾਰ ਨੂੰ ਸੱਦ ਲਿਆ ਅਤੇ ਉਹ ਵੀ ਗੈਰਕਾਨੂੰਨੀ ਤਰੀਕੇ ਨਾਲ ਹੀ ਅਮਰੀਕਾ ਦਾਖਲ ਹੋਇਆ। ਉਸ ਵੇਲੇ ਤੋਂ ਹੀ ਉਹ ਬੰਧੂਆ ਮਜ਼ਦੂਰਾਂ ਵਾਂਗ ਕੰਮ ਕਰ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਮੈਕਸੀਕੋ ਅਤੇ ਕੈਨੇਡਾ ਦੇ ਰਸਤੇ ਲੱਖਾਂ ਭਾਰਤੀ ਅਮਰੀਕਾ ਪੁੱਜ ਰਹੇ ਹਨ। ਪਿਛਲੇ ਪੰਜ ਸਾਲ ਦੌਰਾਨ ਬਾਰਡਰ ਏਜੰਟਾਂ ਵੱਲੋਂ ਰੋਕੇ ਭਾਰਤੀਆਂ ਦੀ ਗਿਣਤੀ 2 ਲੱਖ ਤੋਂ ਵੱਧ ਦੱਸੀ ਜਾ ਰਹੀ ਹੈ ਜਦਕਿ ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀਆਂ ਦੀ ਗਿਣਤੀ 7 ਲੱਖ ਤੋਂ ਟੱਪ ਚੁੱਕੀ ਹੈ। ਗੁਜਰਾਤ ਨਾਲ ਸਬੰਧਤ ਦੋ ਪਰਿਵਾਰਾਂ ਨੂੰ ਕੈਨੇਡਾ ਦੇ ਬਾਰਡਰ ’ਤੇ ਜਾਨ ਵੀ ਗਵਾਉਣੀ ਪਈ। ਇਕ ਪਰਿਵਾਰ ਮਾਇਨਸ 40 ਡਿਗਰੀ ਤਾਪਮਾਨ ਵਿਚ ਦਮ ਤੋੜ ਗਿਆ ਜਦਕਿ ਦੂਜੇ ਪਰਿਵਾਰ ਦੀ ਕਿਸ਼ਤੀ ਦਰਿਆ ਵਿਚ ਡੁੱਬ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮੈਕਸੀਕੋ ਨੇ ਹਿੰਸਾ ਪ੍ਰਭਾਵਿਤ ਹੈਤੀ ਤੋਂ 34 ਨਾਗਰਿਕ ਕੱਢੇ ਸੁਰੱਖਿਅਤ
NEXT STORY