ਇੰਡੀਆਨਾ (ਰਾਜ ਗੋਗਨਾ) - ਅਮਰੀਕਾ ਦੇ ਇੰਡੀਆਨਾ ਸਟੇਟ ਪੁਲਸ ਨੇ ਇੰਟਰਸਟੇਟ-70 ’ਤੇ ਨਿਯਮਤ ਟ੍ਰੈਫਿਕ ਨਿਰੀਖਣ ਦੌਰਾਨ ਵੱਡੀ ਕਾਰਵਾਈ ਕਰਦਿਆਂ ਕੈਲੀਫੋਰਨੀਆ ਦੇ ਦੋ ਵਪਾਰਕ ਟਰੱਕ ਡਰਾਈਵਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਟਰੱਕ ਵਿਚੋਂ ਲਗਭਗ 309 ਪੌਂਡ ਕੋਕੀਨ ਬਰਾਮਦ ਕੀਤੀ ਹੈ, ਜਿਸ ਦੀ ਅੰਦਾਜ਼ੀ ਕੀਮਤ ਕਰੀਬ 7 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ, ਜਿਸਦੀ ਭਾਰਤੀ ਕਰੰਸੀ ਅਨੁਸਾਰ ਇਸ ਦੀ ਕੀਮਤ 63 ਕਰੋੜ ਰੁਪਏ ਤੋਂ ਵੱਧ ਬਣਦੀ ਹੈ।
ਪੁਲਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ 25 ਸਾਲਾ ਗੁਰਪ੍ਰੀਤ ਸਿੰਘ (ਨਿਵਾਸੀ ਫ੍ਰਿਜ਼ਨੋ, ਕੈਲੀਫੋਰਨੀਆ) ਅਤੇ 30 ਸਾਲਾ ਜਸਵੀਰ ਸਿੰਘ (ਨਿਵਾਸੀ ਸਾਂਤਾ ਕਲਾਰਾ, ਕੈਲੀਫੋਰਨੀਆ) ਵਜੋਂ ਹੋਈ ਹੈ। ਦੋਵੇਂ ਡਰਾਈਵਰ ਅਤੇ ਸਹਿ-ਡਰਾਈਵਰ ਵਜੋਂ ਕੰਮ ਕਰ ਰਹੇ ਸਨ। ਦੋਹਾਂ ਉੱਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਲਗਾਏ ਗਏ ਹਨ, ਜੋ ਇੰਡੀਆਨਾ ਰਾਜ ਦੇ ਕਾਨੂੰਨ ਅਧੀਨ 2 ਨੰਬਰ ਦਾ ਅਪਰਾਧ ਮੰਨਿਆ ਜਾਂਦਾ ਹੈ।
ਇਹ ਜਬਤੀ 3 ਜਨਵਰੀ ਨੂੰ ਦੁਪਹਿਰ ਕਰੀਬ 1.30 ਵਜੇ ਹੋਈ, ਜਦੋਂ ਇੱਕ ਸਟੇਟ ਟਰੂਪਰ ਨੇ ਆਵਾਜਾਈ ਵਿਭਾਗ ਦੀ ਮਿਆਰੀ ਪਾਲਣਾ ਜਾਂਚ ਤਹਿਤ I-70 ’ਤੇ 41 ਮੀਲ ਮਾਰਕਰ ਦੇ ਨੇੜੇ ਪੂਰਬ ਵੱਲ ਜਾ ਰਹੇ ਇੱਕ ਨੀਲੇ ਰੰਗ ਦੇ ਇੰਟਰਨੈਸ਼ਨਲ ਸੈਮੀ ਟਰੈਕਟਰ-ਟ੍ਰੇਲਰ ਨੂੰ ਰੋਕਿਆ। ਜਾਂਚ ਦੌਰਾਨ ਟਰੂਪਰ ਨੇ ਡਰਾਈਵਰ ਦੇ ਵਿਹਾਰ ਵਿੱਚ ਸ਼ੱਕੀ ਸੰਕੇਤ ਵੇਖੇ, ਜਿਸ ਕਾਰਨ ਹੋਰ ਗਹਿਰੀ ਜਾਂਚ ਸ਼ੁਰੂ ਕੀਤੀ ਗਈ।
ਮੌਕੇ ’ਤੇ ਕੇ-9 ਯੂਨਿਟ ਨੂੰ ਬੁਲਾਇਆ ਗਿਆ, ਜਿਸ ਨੇ ਵਾਹਨ ਬਾਰੇ ਸਕਾਰਾਤਮਕ ਸੰਕੇਤ ਦਿੱਤਾ। ਇਸ ਤੋਂ ਬਾਅਦ ਟਰੱਕ ਦੀ ਤਲਾਸ਼ੀ ਲਈ ਗਈ, ਜਿਸ ਦੌਰਾਨ ਟਰੱਕ ਦੇ ਸਲੀਪਰ ਬਰਥ ਅੰਦਰੋਂ ਵੱਡੀ ਮਾਤਰਾ ਵਿੱਚ ਕੋਕੀਨ ਬਰਾਮਦ ਹੋਈ। ਦੱਸਿਆ ਜਾ ਰਿਹਾ ਹੈ ਕਿ ਇਹ ਟਰੱਕ ਮਿਸੂਰੀ ਤੋਂ ਰਿਚਮੰਡ, ਇੰਡੀਆਨਾ ਵੱਲ ਜਾ ਰਿਹਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਆਰੋਪੀਆਂ ਨੂੰ ਬਿਨਾਂ ਕਿਸੇ ਘਟਨਾ ਦੇ ਹਿਰਾਸਤ ਵਿੱਚ ਲਿਆ ਗਿਆ। ਇਸ ਦੇ ਨਾਲ ਹੀ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ (ICE) ਵੱਲੋਂ ਦੋਹਾਂ ਉੱਤੇ ਦੇਸ਼ ਨਿਕਾਲੇ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
ਮੈਂ ਉਡੀਕ ਕਰ ਰਿਹਾ ਹਾਂ, ਮੈਨੂੰ ਫੜ੍ਹ ਕੇ ਦਿਖਾਓ...ਮਾਦੁਰੋ ਪਿੱਛੋਂ ਹੁਣ ਇਸ ਦੇਸ਼ ਦੇ ਰਾਸ਼ਟਰਪਤੀ ਨੇ ਟਰੰਪ ਨੂੰ ਲਲਕਾਰਿਆ
NEXT STORY