ਫਰਿਜ਼ਨੋ (ਗੁਰਿੰਦਰਜੀਤ ਸਿੰਘ ‘ਨੀਟਾ ਮਾਛੀਕੇ’) : 11 ਸਤੰਬਰ 2001 ਦੀ ਉਹ ਸਵੇਰ ਅੱਜ ਵੀ ਦੁਨੀਆ ਦੇ ਇਤਿਹਾਸ ਵਿੱਚ ਇੱਕ ਅਜਿਹੇ ਕਾਲੇ ਦਿਨ ਵਜੋਂ ਦਰਜ ਹੈ, ਜਿਸ ਦੀਆਂ ਯਾਦਾਂ 25 ਸਾਲ ਬਾਅਦ ਵੀ ਤਾਜ਼ਾ ਹਨ। ਇੱਕ ਪਲ ਵਿੱਚ ਹਜ਼ਾਰਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ ਬਦਲ ਗਈਆਂ ਅਤੇ ਇਸ ਘਟਨਾ ਨੇ ਨਾ ਸਿਰਫ਼ ਅਮਰੀਕਾ, ਸਗੋਂ ਪੂਰੀ ਦੁਨੀਆ ਦੀ ਸੋਚ, ਸੁਰੱਖਿਆ ਪ੍ਰਣਾਲੀ ਅਤੇ ਭਵਿੱਖ ਦੀ ਦਿਸ਼ਾ ਨੂੰ ਪ੍ਰਭਾਵਿਤ ਕੀਤਾ।
11 ਸਤੰਬਰ 2001 ਨੂੰ ਅਲ-ਕਾਇਦਾ ਨਾਲ ਸਬੰਧਤ 19 ਅੱਤਵਾਦੀਆਂ ਨੇ ਚਾਰ ਯਾਤਰੀ ਜਹਾਜ਼ ਹਾਈਜੈਕ ਕਰਕੇ ਅਮਰੀਕਾ ਉੱਤੇ ਯੋਜਨਾਬੱਧ ਅੱਤਵਾਦੀ ਹਮਲਾ ਕੀਤਾ। ਸਵੇਰੇ 8 ਵੱਜ ਕੇ 46 ਮਿੰਟ ’ਤੇ ਪਹਿਲਾ ਜਹਾਜ਼ ਨਿਊਯਾਰਕ ਸਥਿਤ ਵਰਲਡ ਟਰੇਡ ਸੈਂਟਰ ਦੇ ਨਾਰਥ ਟਾਵਰ ਨਾਲ ਟਕਰਾਇਆ। ਕੁਝ ਹੀ ਸਮੇਂ ਬਾਅਦ ਦੂਜਾ ਜਹਾਜ਼ ਸਾਊਥ ਟਾਵਰ ਨਾਲ ਜਾ ਟਕਰਾਇਆ। ਤੀਜਾ ਜਹਾਜ਼ ਵਰਜੀਨੀਆ ਦੇ ਆਰਲਿੰਗਟਨ ਸਥਿਤ ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਂਟਾਗਨ ਨਾਲ ਟਕਰਾਇਆ। ਚੌਥੇ ਜਹਾਜ਼, ਯੂਨਾਈਟਡ ਏਅਰਲਾਈਨਜ਼ ਫਲਾਈਟ 93, ਦੇ ਯਾਤਰੀਆਂ ਅਤੇ ਕਰੂ ਨੇ ਅੱਤਵਾਦੀਆਂ ਦਾ ਮੁਕਾਬਲਾ ਕੀਤਾ, ਜਿਸ ਤੋਂ ਬਾਅਦ ਜਹਾਜ਼ ਪੈਨਸਿਲਵੇਨੀਆ ਦੇ ਇੱਕ ਖੇਤ ਵਿੱਚ ਕਰੈਸ਼ ਹੋ ਗਿਆ।
ਕੁਝ ਘੰਟਿਆਂ ਦੇ ਅੰਦਰ ਵਾਪਰੇ ਇਸ ਕਹਿਰ ਨੇ 2,977 ਬੇਕਸੂਰ ਲੋਕਾਂ ਦੀ ਜਾਨ ਲੈ ਲਈ। ਮਰਨ ਵਾਲਿਆਂ ਵਿੱਚ ਦੁਨੀਆ ਦੇ 90 ਤੋਂ ਵੱਧ ਦੇਸ਼ਾਂ ਨਾਲ ਸਬੰਧਤ ਲੋਕ ਸ਼ਾਮਲ ਸਨ। ਸੈਂਕੜੇ ਫਾਇਰਫਾਈਟਰਾਂ, ਪੁਲਿਸ ਅਧਿਕਾਰੀਆਂ ਅਤੇ ਹੋਰ ਐਮਰਜੈਂਸੀ ਕਰਮਚਾਰੀਆਂ ਨੇ ਦੂਜਿਆਂ ਦੀਆਂ ਜਾਨਾਂ ਬਚਾਉਂਦਿਆਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਵਰਲਡ ਟਰੇਡ ਸੈਂਟਰ ਦੇ ਦੋਵੇਂ ਟਵਿਨ ਟਾਵਰ ਅੱਗ ਅਤੇ ਭਾਰੀ ਨੁਕਸਾਨ ਤੋਂ ਬਾਅਦ ਢਹਿ ਗਏ। ਜਿੱਥੇ ਕਦੇ ਅਸਮਾਨ ਨੂੰ ਛੂੰਹਦੀਆਂ ਇਮਾਰਤਾਂ ਖੜ੍ਹੀਆਂ ਸਨ, ਉੱਥੇ ਕੁਝ ਹੀ ਸਮੇਂ ਵਿੱਚ ਮਲਬੇ, ਧੂੰਏਂ ਅਤੇ ਦਰਦ ਦਾ ਮੰਜ਼ਰ ਸੀ। ਪਰ ਇਸ ਤਬਾਹੀ ਦੇ ਵਿਚਕਾਰ ਹਿੰਮਤ, ਇਨਸਾਨੀਅਤ ਅਤੇ ਇੱਕ-ਦੂਜੇ ਦੀ ਮਦਦ ਕਰਨ ਦੀਆਂ ਬੇਮਿਸਾਲ ਕਹਾਣੀਆਂ ਵੀ ਸਾਹਮਣੇ ਆਈਆਂ। ਹਮਲਿਆਂ ਪਿੱਛੇ ਅਲ-ਕਾਇਦਾ ਅਤੇ ਉਸ ਦੇ ਮੁਖੀ ਓਸਾਮਾ ਬਿਨ ਲਾਦੇਨ ਦੀ ਭੂਮਿਕਾ ਸਾਹਮਣੇ ਆਈ। ਲਗਭਗ 10 ਸਾਲ ਬਾਅਦ, 2 ਮਈ 2011 ਨੂੰ ਪਾਕਿਸਤਾਨ ਦੇ ਐਬਟਾਬਾਦ ਵਿੱਚ ਅਮਰੀਕੀ ਸਪੈਸ਼ਲ ਫੋਰਸਜ਼ ਦੀ ਕਾਰਵਾਈ ਦੌਰਾਨ ਬਿਨ ਲਾਦੇਨ ਮਾਰਿਆ ਗਿਆ।
ਅੱਜ ਉਸੇ ਧਰਤੀ ’ਤੇ ਜਿੱਥੇ ਕਦੇ ਟਵਿਨ ਟਾਵਰ ਖੜ੍ਹੇ ਸਨ, One World Trade Center ਅਮਰੀਕਾ ਦੇ ਹੌਸਲੇ ਅਤੇ ਮੁੜ ਖੜ੍ਹੇ ਹੋਣ ਦੀ ਤਾਕਤ ਦਾ ਪ੍ਰਤੀਕ ਬਣ ਕੇ ਅਸਮਾਨ ਨੂੰ ਛੂਹ ਰਿਹਾ ਹੈ। ਨੇੜੇ ਬਣਿਆ National September 11 Memorial ਉਨ੍ਹਾਂ ਹਜ਼ਾਰਾਂ ਜਾਨਾਂ ਦੀ ਯਾਦ ਨੂੰ ਸਦਾ ਜਿਊਂਦਾ ਰੱਖਦਾ ਹੈ, ਜੋ ਉਸ ਦਿਨ ਸਾਡੇ ਵਿਚੋਂ ਸਦਾ ਲਈ ਚਲੀਆਂ ਗਈਆਂ। 25 ਸਾਲ ਬੀਤ ਗਏ ਹਨ, ਪਰ 9/11 ਸਿਰਫ਼ ਇਤਿਹਾਸ ਦੀ ਇੱਕ ਤਾਰੀਖ ਨਹੀਂ ਬਣਿਆ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਨਫ਼ਰਤ ਅਤੇ ਅੱਤਵਾਦ ਦੀ ਕੀਮਤ ਹਮੇਸ਼ਾ ਬੇਕਸੂਰ ਇਨਸਾਨਾਂ ਨੂੰ ਚੁਕਾਉਣੀ ਪੈਂਦੀ ਹੈ।
ਅੱਜ 9/11 ਦੀ 25ਵੀਂ ਵਰ੍ਹੇਗੰਢ ਮੌਕੇ ਆਓ ਉਨ੍ਹਾਂ ਸਾਰੀਆਂ ਬੇਕਸੂਰ ਜਾਨਾਂ ਨੂੰ ਨਮਨ ਕਰੀਏ, ਉਨ੍ਹਾਂ ਬਹਾਦਰ ਫਾਇਰਫਾਈਟਰਾਂ, ਪੁਲਸ ਅਧਿਕਾਰੀਆਂ, ਮੈਡੀਕਲ ਕਰਮਚਾਰੀਆਂ ਅਤੇ ਆਮ ਨਾਗਰਿਕਾਂ ਨੂੰ ਸਲਾਮ ਕਰੀਏ, ਜਿਨ੍ਹਾਂ ਨੇ ਉਸ ਭਿਆਨਕ ਦਿਨ ਮਨੁੱਖਤਾ ਅਤੇ ਬਹਾਦਰੀ ਦੀ ਮਿਸਾਲ ਕਾਇਮ ਕੀਤੀ। ਦੁਆ ਹੈ ਕਿ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਮੁੜ ਕਦੇ 9/11 ਵਰਗੀ ਤ੍ਰਾਸਦੀ ਨਾ ਵਾਪਰੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਚੀਨੀ ਰਾਸ਼ਟਰਪਤੀ ਜਿਨਪਿੰਗ ਅੱਜ ਪਹੁੰਚਣਗੇ ਭਾਰਤ, PM ਮੋਦੀ ਨਾਲ ਕਰਨਗੇ ਦੁਵੱਲੀ ਗੱਲਬਾਤ
NEXT STORY