ਇੰਟਰਨੈਸ਼ਨਲ ਡੈਸਕ (ਬਿਊਰੋ): ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਭਿਆਨਕ ਜੰਗ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ। ਦੋਵੇਂ ਦੇਸ਼ ਸ਼ਾਂਤੀ ਦੇ ਰਾਹ 'ਤੇ ਚੱਲਣ ਲਈ ਤਿਆਰ ਨਹੀਂ ਹਨ। ਅਜਿਹੇ 'ਚ ਫ਼ੌਜੀ ਅਤੇ ਨਾਗਰਿਕ ਵੱਡੀ ਗਿਣਤੀ ਵਿਚ ਮਾਰੇ ਜਾ ਰਹੇ ਹਨ। ਇਸ ਦੌਰਾਨ ਜੰਗ ਨਾਲ ਜੁੜੀਆਂ ਕਈ ਅਜਿਹੀਆਂ ਭਿਆਨਕ ਕਹਾਣੀਆਂ ਅਤੇ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜੋ ਹਰ ਕਿਸੇ ਨੂੰ ਹੈਰਾਨ ਕਰ ਰਹੀਆਂ ਹਨ। ਹਾਲ ਹੀ 'ਚ ਇਕ ਰੂਸੀ ਫ਼ੌਜੀ ਨਾਲ ਜੁੜੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ। ਫ਼ੌਜੀ ਦੀ ਛਾਤੀ ਵਿੱਚ ਇੱਕ ਜ਼ਿੰਦਾ ਬੰਬ ਦਾਖਲ ਹੋ ਗਿਆ, ਜਿਸ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ।
ਡੇਲੀ ਸਟਾਰ ਨਿਊਜ਼ ਵੈੱਬਸਾਈਟ ਦੀ ਰਿਪੋਰਟ ਦੇ ਅਨੁਸਾਰ ਨਿਕੋਲੇ ਪਾਸੇਂਕੋ ਰੂਸੀ ਫ਼ੌਜ ਵਿੱਚ ਇੱਕ ਜੂਨੀਅਰ ਸਾਰਜੈਂਟ ਹੈ ਜੋ ਯੂਕ੍ਰੇਨ ਵਿੱਚ ਤਾਇਨਾਤ ਹੈ। ਉਹ ਜੰਗ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। 10 ਨਵੰਬਰ ਨੂੰ ਰੂਸੀ ਰੱਖਿਆ ਮੰਤਰਾਲੇ ਨੇ ਉਸ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਉਸ ਨਾਲ ਕੀ ਹੋਇਆ ਸੀ। ਰਿਪੋਰਟ ਮੁਤਾਬਕ ਉਸ ਦੀ ਛਾਤੀ ਤੋਂ ਇਕ ਜ਼ਿੰਦਾ ਬੰਬ ਸਰੀਰ 'ਚ ਦਾਖਲ ਹੋਇਆ। ਬੰਬ ਉਸ ਦੀਆਂ ਪਸਲੀਆਂ ਅਤੇ ਫੇਫੜਿਆਂ ਨੂੰ ਪਾਰ ਕਰਦਾ ਹੋਇਆ ਰੀੜ੍ਹ ਦੀ ਹੱਡੀ ਤੱਕ ਪਹੁੰਚ ਗਿਆ ਅਤੇ ਦਿਲ ਦੇ ਬਹੁਤ ਨੇੜੇ ਪਹੁੰਚ ਗਿਆ।
ਚੁਣੌਤੀਪੂਰਨ ਰਿਹਾ ਆਪਰੇਸ਼ਨ
ਰੂਸੀ ਸਮਾਚਾਰ ਏਜੰਸੀ ਤਾਸ ਦੇ ਮੁਤਾਬਕ ਉਨ੍ਹਾਂ ਨੂੰ ਤੁਰੰਤ ਸੈਂਟਰਲ ਮਿਲਟਰੀ ਡਿਸਟ੍ਰਿਕਟ ਦੇ ਮੈਂਡ੍ਰਿਕ ਸੈਂਟਰਲ ਮਿਲਟਰੀ ਕਲੀਨਿਕਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਆਪ੍ਰੇਸ਼ਨ ਦੌਰਾਨ ਸਰੀਰ ਦੇ ਅੰਦਰ ਬੰਬ ਕਿਸੇ ਵੀ ਸਮੇਂ ਫਟ ਸਕਦਾ ਸੀ। ਅਜਿਹੇ 'ਚ ਆਪਰੇਸ਼ਨ ਕਰਨਾ ਕਾਫੀ ਚੁਣੌਤੀਪੂਰਨ ਸੀ। ਇਸ ਦੇ ਬਾਵਜੂਦ ਡਾਕਟਰਾਂ ਨੇ ਸੁਰੱਖਿਆ ਜੈਕਟਾਂ ਪਾ ਕੇ ਇਹ ਆਪਰੇਸ਼ਨ ਕੀਤਾ। ਉਹਨਾਂ ਨੇ ਆਪਣੇ ਮੈਡੀਕਲ ਕੱਪੜਿਆਂ ਹੇਠਾਂ ਇੱਕ ਸੁਰੱਖਿਆ ਜੈਕਟ ਪਾਈ ਅਤੇ ਇਸ ਮੁਸ਼ਕਲ ਸਰਜਰੀ ਨੂੰ ਸਫਲਤਾਪੂਰਵਕ ਪੂਰਾ ਕੀਤਾ।
ਸਫਲ ਆਪਰੇਸ਼ਨ
ਆਪਰੇਸ਼ਨ ਉਸੇ ਕਮਰੇ ਵਿੱਚ ਕੀਤਾ ਜਾਣਾ ਸੀ ਜਿੱਥੇ ਫ਼ੌਜੀ ਨੂੰ ਲਿਆ ਕੇ ਰੱਖਿਆ ਗਿਆ ਸੀ ਕਿਉਂਕਿ ਉਸ ਨੂੰ ਉੱਥੋਂ ਹਿਲਾਉਣਾ ਖ਼ਤਰਨਾਕ ਸਾਬਤ ਹੋ ਸਕਦਾ ਸੀ। ਸਰਜਰੀ ਸਫਲ ਰਹੀ ਅਤੇ ਹੁਣ ਫ਼ੌਜੀ ਨੂੰ ਮਾਸਕੋ ਦੇ ਇੱਕ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਆਪ੍ਰੇਸ਼ਨ ਤੋਂ ਠੀਕ ਬਾਅਦ ਵਿਅਕਤੀ ਨੇ ਸਥਾਨਕ ਮੀਡੀਆ ਨਾਲ ਵੀ ਗੱਲ ਕੀਤੀ। ਉਸ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਸੀ ਕਿ ਡਾਕਟਰ ਮੇਰੇ ਕਾਰਨ ਕਿਸੇ ਤਰ੍ਹਾਂ ਦੀ ਪਰੇਸ਼ਾਨੀ 'ਚ ਪੈਣ। ਉਹਨਾਂ ਨੇ ਬਾਡੀ ਆਰਮਰ ਪਹਿਨ ਕੇ ਬਹਾਦਰੀ ਨਾਲ ਇਹ ਆਪ੍ਰੇਸ਼ਨ ਕੀਤਾ ਅਤੇ ਅੱਜ ਮੈਂ ਜ਼ਿੰਦਾ ਬੈਠਾ ਹਾਂ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
23 ਸਾਲਾ ਭਾਰਤੀ ਮੂਲ ਦੀ ਨਬੀਲਾ ਸਈਦ ਨੇ ਅਮਰੀਕਾ 'ਚ ਰਚਿਆ ਇਤਿਹਾਸ
NEXT STORY