ਰੋਮ (ਕੈਂਥ)-ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਵੱਲੋਂ ਇਟਲੀ ਭਰ ਦੀਆਂ ਸਮੂਹ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਜੱਥੇਬੰਦੀਆਂ, ਸੰਸਥਾਵਾਂ, ਸੁਸਾਇਟੀਆਂ ਨੂੰ ਸਾਂਝੇ ਤੌਰ ’ਤੇ ਅਪੀਲ ਕੀਤੀ ਹੈ ਕਿ ਇਟਲੀ ’ਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ, ਉਨ੍ਹਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਲਈ 23 ਮਈ 2021 ਦਿਨ ਐਤਵਾਰ ਨੂੰ ਦੁਪਹਿਰ 2:30 ਵਜੇ ਬੋਲੋਨੀਆ ਦੇ ਗੁਰੂਘਰ ਗੁਰਦੁਆਰਾ ਦਸਮੇਸ਼ ਦਰਬਾਰ ਸਿੱਖ ਟੈਂਪਲ ਕਸਲੇਕੀਓ ਦੀ ਰੇਨੋ ਵਿਖੇ ਵਿਸ਼ਾਲ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੀਟਿੰਗ ’ਚ ਸ਼ਾਮਿਲ ਹੋ ਕੇ ਤੁਸੀਂ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਲੈ ਸਕਦੇ ਹੋ। ਕਮੇਟੀ ਵਲੋਂ ਜੋ ਫਾਈਲ ਇਟਾਲੀਅਨ ਮਨਿਸਟਰੀ ’ਚ ਲਾਈ ਗਈ ਸੀ। ਉਹ ਫਾਈਲ ਹੁਣ ਆਖਰੀ ਮੁਕਾਮ ’ਤੇ ਜਾ ਚੁੱਕੀ ਹੈ, ਜਿਥੋਂ ਇਸ ਦੇ ਫ਼ੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਸਿੱਖ ਧਰਮ ਨੂੰ ਇਟਲੀ ਵਿਚ ਰਜਿਸਟਰਡ ਕਰਵਾਉਣ ਦੀ ਜੋ ਕਵਾਇਦ ਚੱਲ ਰਹੀ ਹੈ, ਸੰਨ 2015 ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ, ਜਦੋਂ ਹੋਂਦ ਵਿਚ ਆਈ ਸੀ, ਉਸ ਸਮੇਂ ਤੋਂ ਹੁਣ ਤੱਕ ਦੀਆਂ ਸਾਰੀਆਂ ਗਤੀਵਿਧੀਆਂ ਬਾਰੇ ਸੰਗਤਾਂ ਨੂੰ ਚਾਨਣਾ ਪਾਇਆ ਜਾਵੇਗਾ। ਸਿੱਖ ਧਰਮ ਸਭ ਦਾ ਸਾਂਝਾ ਹੈ, ਇਸ ਵਿਚ ਸਭ ਦੇ ਯੋਗਦਾਨ ਦੀ ਜ਼ਰੂਰਤ ਹੈ। ਇਕੱਲੇ ਕਿਸੇ ਪ੍ਰਧਾਨ ਜਾਂ ਕਮੇਟੀ ਦੇ ਘਰ ਦਾ ਕੰਮ ਨਹੀਂ, ਇਹ ਸਮੁੱਚੀ ਕੌਮ ਦੇ ਭਲੇ ਦਾ ਕਾਰਜ ਹੈ। ਜੇਕਰ ਇਟਲੀ ’ਚ ਸਿੱਖ ਧਰਮ ਰਜਿਸਟਰਡ ਹੋ ਜਾਂਦਾ ਹੈ ਤੇ ਉਸ ਦੇ ਨਾਲ ਸਾਬਤ ਸੂਰਤ ਗੁਰਸਿੱਖ ਵੀਰਾਂ ਨੂੰ ਦਰਪੇਸ਼ ਆਉਂਦੀਆ ਮੁਸ਼ਕਿਲਾਂ ਦਾ ਹੱਲ ਸਹਿਜੇ ਹੀ ਹੋ ਸਕਦਾ ਹੈ। ਸੋ ਸਭਨਾਂ ਗੁਰਸਿੱਖ ਵੀਰਾਂ, ਭੈਣਾਂ-ਭਰਾਵਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ 23 ਮਈ ਦਿਨ ਐਤਵਾਰ ਨੂੰ ਮੀਟਿੰਗ ਵਿਚ ਸ਼ਾਮਲ ਹੋ ਕੇ ਜਿਥੇ ਕਮੇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਵਿਸਥਾਰ ’ਚ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ, ਉਸ ਦੇ ਨਾਲ ਹੀ ਆਪਣੇ ਕੀਮਤੀ ਵਿਚਾਰ ਵੀ ਦਿਓ। ਸਭ ਦੇ ਵਿਚਾਰ ਸੁਣੇ ਜਾਣਗੇ, ਗੁਰੂ ਮਹਾਰਾਜ ਦੇ ਚਰਨਾਂ ’ਚ ਅਰਦਾਸ ਬੇਨਤੀ ਵੀ ਕਰੀਏ ਕਿ ਧੰਨ-ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਕੌਮ ਦੀ ਸਹਾਇਤਾ ਕਰਨ ਅਤੇ ਜੋ ਕਾਰਜ ਆਰੰਭੇ ਹੋਏ ਹਨ, ਉਨ੍ਹਾਂ ਵਿਚ ਜਲਦੀ ਕਾਮਯਾਬੀ ਪ੍ਰਾਪਤ ਹੋਵੇ।
ਅਮਰੀਕਾ : ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਦਾ ਫਰਿਜ਼ਨੋ ਵਿਖੇ ਹੋਇਆ ਸੁਆਗਤ
NEXT STORY