ਅਮਰੀਕਾ (ਬਿਊਰੋ) : ਮਸ਼ਹੂਰ ਅਮਰੀਕੀ ਰੈਪਰ ਟੇਕਆਫ ਦਾ ਹਿਊਸਟਨ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ 'ਗਰੈਮੀ ਐਵਾਰਡ ਨਾਮਜ਼ਦਗੀ' ਹਾਸਲ ਕਰ ਚੁੱਕਿਆ ਸੀ ਅਤੇ ਉਸ ਨੇ ਆਪਣੇ ਕਰੀਅਰ 'ਚ ਕਈ ਸੁਪਰਹਿੱਟ ਗੀਤ ਹਾਲੀਵੁੱਡ ਇੰਡਸਟਰੀ ਨੂੰ ਦਿੱਤੇ। ਉਹ 28 ਸਾਲ ਦੇ ਸਨ। ਟੇਕਆਫ ਦੇ ਇੱਕ ਪ੍ਰਤੀਨਿਧੀ ਨੇ ਉਸ ਦੀ ਹੱਤਿਆ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਗੋਲੀਬਾਰੀ ਦੀ ਘਟਨਾ ਝਗੜੇ ਤੋਂ ਬਾਅਦ ਹੋਈ ਹੈ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਟੇਕਆਫ ਨੂੰ ਸਿਰ 'ਚ ਜਾਂ ਉਸ ਦੇ ਸਿਰ ਦੇ ਨੇੜੇ ਗੋਲੀ ਮਾਰੀ ਗਈ ਸੀ, ਜਿਸ ਕਾਰਨ ਰੈਪਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।

ਡਾਈਸ ਗੇਮ ਦੌਰਾਨ ਹੋਇਆ ਸੀ ਝਗੜਾ
ਖ਼ਬਰਾਂ ਮੁਤਾਬਕ, ਡਾਈਸ ਗੇਮ ਦੌਰਾਨ ਝਗੜਾ ਹੋਇਆ ਸੀ ਅਤੇ ਇਸ ਤੋਂ ਬਾਅਦ ਟੇਕਆਫ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਸ ਦੇ ਨਾਲ ਹੀ Fox5 ਨੇ ਆਪਣੀ ਰਿਪੋਰਟ 'ਚ ਕਿਹਾ ਕਿ ਸ਼ੂਟਿੰਗ ਦੌਰਾਨ ਬੌਲਿੰਗ ਐਲੀ 'ਚ ਕਰੀਬ 50 ਲੋਕ ਮੌਜੂਦ ਸਨ।

ਇਸ ਘਟਨਾ 'ਚ ਦੋ ਹੋਰ ਲੋਕ ਵੀ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਪੁਲਸ ਵੱਲੋਂ ਮੁਲਜ਼ਮਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਕਤਲ ਤੋਂ ਪਹਿਲਾਂ ਤਸਵੀਰ ਕੀਤੀ ਸੀ ਪੋਸਟ
ਦੱਸ ਦੇਈਏ ਕਿ ਸ਼ੂਟਿੰਗ ਤੋਂ ਕੁਝ ਘੰਟੇ ਪਹਿਲਾਂ ਟੇਕਆਫ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਬੌਲਿੰਗ ਐਲੀ 'ਚ ਆਪਣੀ ਤਸਵੀਰ ਪੋਸਟ ਕੀਤੀ ਸੀ। ਉਸ ਨੇ ਇੱਕ ਦਿਨ ਪਹਿਲਾਂ ਆਪਣੇ ਨਵੇਂ ਗੀਤ 'ਮੇਸੀ' ਦਾ ਵੀਡੀਓ ਜਾਰੀ ਕੀਤਾ ਸੀ।

ਦੱਸਣਯੋਗ ਹੈ ਕਿ ਟੇਕਆਫ ਦਾ ਜਨਮ 18 ਜੂਨ 1994 ਨੂੰ ਹੋਇਆ ਸੀ। ਅਟਲਾਂਟਾ ਦੇ ਮਿਗੋਸ ਨੇ ਆਪਣੇ 2013 ਦੇ ਹਿੱਟ ਗੀਤ 'ਵਰਸਾਚੇ' ਨੂੰ ਪ੍ਰਮੁੱਖਤਾ ਦਿੱਤੀ ਸੀ, ਜਿਸ ਨੂੰ ਡਰੇਕ ਨੇ ਰੀਮਿਕਸ ਕੀਤਾ ਸੀ। ਇਸ ਦੇ ਨਾਲ-ਨਾਲ ਰੈਪਰ ਨੂੰ ਆਪਣੀ ਪਹਿਲੀ ਐਲਬਮ 'ਯੰਗ ਰਿਚ ਨੇਸ਼ਨ' ਲਈ ਵੀ ਜਾਣਿਆ ਜਾਂਦਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਕੈਨੇਡਾ ਜਾਣ ਦੇ ਚਾਹਵਾਨ ਖਿੱਚ ਲੈਣ ਤਿਆਰੀਆਂ, ਹਰ ਸਾਲ 5 ਲੱਖ ਪ੍ਰਵਾਸੀਆਂ ਨੂੰ ਮਿਲਣਗੇ ਵੀਜ਼ੇ
NEXT STORY