ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਮੀਡੀਆ ਹਾਊਸਾਂ ‘ਪੰਜਾਬ ਕੇਸਰੀ’ ਅਤੇ ‘ਜੱਗ ਬਾਣੀ’ ਵਿਰੁੱਧ ਕੀਤੀ ਗਈ ਕਾਰਵਾਈ ਦੀ ਸਖ਼ਤ ਨਿਖੇਦੀ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ‘ਆਪ’ ਦੀਆਂ ਕਾਰਵਾਈਆਂ ਪ੍ਰੈੱਸ ਦੀ ਆਜ਼ਾਦੀ ਬਾਰੇ ਗੰਭੀਰ ਚਿੰਤਾਵਾਂ ਪੈਦਾ ਕਰ ਰਹੀਆਂ ਹਨ ਅਤੇ ਰਾਜ ਦੀ ਸ਼ਕਤੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।
ਬਾਜਵਾ ਨੇ ਟਵੀਟ ਕਰਦਿਆਂ ਕਿਹਾ ਕਿ ਸਿਰਫ਼ ਇਸ ਲਈ ਮੀਡੀਆ ਹਾਊਸਾਂ ਨੂੰ ਨਿਸ਼ਾਨਾ ਬਣਾਉਣਾ ਕਿਉਂਕਿ ਉਹ ਸਰਕਾਰੀ ਲੀਹਾਂ 'ਤੇ ਚੱਲਣ ਤੋਂ ਇਨਕਾਰ ਕਰਦੇ ਹਨ, ਪੱਤਰਕਾਰੀ ਪ੍ਰਤੀ ਚਿੰਤਾਜਨਕ ਅਸਹਿਣਸ਼ੀਲਤਾ ਨੂੰ ਦਰਸਾਉਂਦਾ ਹੈ। ਮੀਡੀਆ ਗਰੁੱਪ ਦੀ ਮਲਕੀਅਤ ਵਾਲੇ ਹੋਟਲ ਦੇ ਇੱਕ ਹਿੱਸੇ ਨੂੰ ਢਾਹੁਣ ਦੀ ਕਾਰਵਾਈ 'ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਅਪੀਲ ਦਾਇਰ ਕਰਨ ਲਈ ਵਾਜਬ ਸਮਾਂ ਵੀ ਨਾ ਦੇਣਾ ਪ੍ਰਬੰਧਕੀ ਜ਼ੋਰ-ਜ਼ਬਰਦਸਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕੋਈ ਕਾਨੂੰਨੀ ਪ੍ਰਕਿਰਿਆ ਨਹੀਂ, ਸਗੋਂ ਦਬਾਅ ਪਾਉਣ ਦੇ ਹੱਥਕੰਡੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਲਈ ਹੁਣ ਇਹ ਸਥਿਤੀ ਬਣ ਗਈ ਹੈ ਕਿ ਜਾਂ ਤਾਂ ਉਨ੍ਹਾਂ ਦੀਆਂ ਗੱਲਾਂ ਮੰਨੋ ਜਾਂ ਫਿਰ ਨੁਕਸਾਨ ਝੱਲਣ ਲਈ ਤਿਆਰ ਰਹੋ। ਬਾਜਵਾ ਅਨੁਸਾਰ, ਇਹ ‘ਆਪ’ ਪੰਜਾਬ ਵੱਲੋਂ ਮੀਡੀਆ ਦੀ ਜ਼ੁਬਾਨਬੰਦੀ ਦਾ ਇੱਕ ਪਰੇਸ਼ਾਨ ਕਰਨ ਵਾਲਾ ਪੈਟਰਨ ਹੈ, ਜਿਸ ਵਿੱਚ ਵਿਰੋਧੀ ਆਵਾਜ਼ਾਂ ਵਿਰੁੱਧ ਕਾਰਵਾਈ ਕਰਕੇ ਨੈਰੇਟਿਵ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੰਤ ਵਿੱਚ ਬਾਜਵਾ ਨੇ ਚੇਤਾਵਨੀ ਦਿੱਤੀ ਕਿ ਲੋਕਤੰਤਰ ਇੱਕ ਸੁਤੰਤਰ ਪ੍ਰੈੱਸ ਸਿਰ ਹੀ ਪ੍ਰਫੁੱਲਤ ਹੁੰਦਾ ਹੈ ਅਤੇ ਪੰਜਾਬ ਦੇ ਲੋਕ ਇਹ ਸਭ ਕੁਝ ਦੇਖ ਰਹੇ ਹਨ।

"ਸੱਤਾ ਦੇ ਨਸ਼ੇ 'ਚ ਚੂਰ ਹੈ 'ਆਪ' ਸਰਕਾਰ", ਰਾਜਾ ਵੜਿੰਗ ਨੇ 'ਪੰਜਾਬ ਕੇਸਰੀ' ਗਰੁੱਪ 'ਤੇ ਹੋਈ ਕਾਰਵਾਈ ਦੀ ਕੀਤੀ ਨਿਖੇਧੀ
NEXT STORY