ਲੰਡਨ (ਰਾਜਵੀਰ ਸਮਰਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਲਗਾਤਾਰ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਇਕ ਅਹਿਮ ਮੀਟਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਆਗੂਆਂ ਕੁਲਵੰਤ ਸਿੰਘ, ਹਰਜੀਤ ਸਿੰਘ ਸਰਪੰਚ, ਹਰਮੀਤ ਸਿੰਘ ਗਿੱਲ ,ਗੁਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ । ਮੀਟਿੰਗ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਕ ਬੇਨਤੀਨਾਮਾ ਲਿਖ ਕੇ ਕੁਝ ਮੰਗਾਂ ਕੀਤੀਆਂ ਗਈਆਂ ।
ਇਹ ਵੀ ਪੜ੍ਹੋ : ਅਮਰੀਕਾ ਦੇ ਹਿਊਸਟਨ ’ਚ ਗੋਲੀਆਂ ਚੱਲਣ ਨਾਲ ਮਚੀ ਹਫੜਾ-ਦਫੜੀ, ਹੋਈਆਂ 3 ਮੌਤਾਂ
ਇਨ੍ਹਾਂ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਗਿੱਲ ਨੇ ਦੱਸਿਆ ਕਿ ਮੁੱਖ ਮੰਗਾਂ, ਜਿਨ੍ਹਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਮੱਦੇਨਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ’ਤੇ ਪਹਿਰੇਦਾਰਾਂ ਦਾ ਪ੍ਰਬੰਧ ਲਾਜ਼ਮੀ ਕਰਨਾ, ਗੁਰਦੁਆਰਾ ਪ੍ਰਬੰਧ ਦੀ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫ਼ਰਜ਼ਾਂ ਪ੍ਰਤੀ ਸਿੱਖਿਆ ਮੁਹੱਈਆ ਕਰਵਾਏ, ਚੰਗੇ ਗ੍ਰੰਥੀਆਂ ਦਾ ਸਤਿਕਾਰ ਵਧਾਵੇ, ਗੁਰਦੁਆਰਾ ਸੁਰੱਖਿਆ ਦੇ ਤਹਿਤ ਕੈਮਰੇ ਆਦਿ ਲਗਾਏ ਜਾਣ, ਅੱਗ ਤੇ ਬਿਜਲੀ ਦੀਆਂ ਦੁਰਘਟਨਾਵਾਂ ਤੋਂ ਬਚਣ ਦੇ ਤਰੀਕੇ ਤੇ ਗੁਰਦੁਆਰਾ ਸਾਹਿਬਾਨ ’ਚ ਯੋਗ ਪ੍ਰਬੰਧ ਸਥਾਪਿਤ ਕੀਤੇ ਜਾਣੇ ਸ਼ਾਮਲ ਹਨ । ਇਸ ਦੇ ਨਾਲ ਹੀ ਹਰਮੀਤ ਸਿੰਘ ਗਿੱਲ ਜਨਰਲ ਸਕੱਤਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਕਿ ਹਰੇਕ ਦੁਰਘਟਨਾ ਦੀ ਤਫਤੀਸ਼ ਕਰਵਾ ਕੇ ਮੁਕੰਮਲ ਰਿਪੋਰਟ ਸੰਗਤਾਂ ਨੂੰ ਜਲਦੀ ਤੋਂ ਜਲਦੀ ਦਿੱਤੀ ਜਾਵੇ।
ਇਹ ਵੀ ਪੜ੍ਹੋ : ...ਤੇ ਦੇਖਦਿਆਂ-ਦੇਖਦਿਆਂ ਸੜਕ ’ਚ ਸਮਾ ਗਈ ਦਿੱਲੀ ਪੁਲਸ ਦੇ ਜਵਾਨ ਦੀ ਕਾਰ, ਦੇਖੋ ਤਸਵੀਰਾਂ
ਇਸ ਦੇ ਨਾਲ ਹੀ ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੂਰਨ ਤੌਰ ’ਤੇ ਯਾਦ ਕਰਾਉਣ ਲਈ ਸਿਰ ਜੋੜਨ ਦੀ ਬੇਨਤੀ ਕੀਤੀ ਗਈ। ਯੂ. ਕੇ. ਭਰ ਦੀਆਂ ਸੰਗਤਾਂ ਨੇ ਪ੍ਰਣ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਪੰਥਕ ਰਵਾਇਤਾਂ ਅਨੁਸਾਰ ਯੋਗ ਦੰਡ ਦੇਣ ਵਾਲੇ ਗੁਰਸਿੱਖਾਂ ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰਾਂਗੇ । ਇਸ ਮੌਕੇ ’ਤੇ ਸਿੱਖ ਫੈੱਡਰੇਸ਼ਨ ਯੂ. ਕੇ. ਦੇ ਪ੍ਰਧਾਨ ਅਮਰੀਕ ਸਿੰਘ ਗਿੱਲ, ਬ੍ਰਿਟਿਸ਼ ਸਿੱਖ ਕੰਸਲਟੇਟਿਵ ਫੋਰਮ ਦੇ ਸਕੱਤਰ ਡਾ. ਜਸਦੇਵ ਸਿੰਘ ਰਾਏ, ਨੌਜਵਾਨ ਆਗੂ ਭਾਈ ਕੇਹਰ ਸਿੰਘ, ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਜਸਬੀਰ ਸਿੰਘ ਲੈਸਟਰ, ਭਾਈ ਮਨਵੀਰ ਸਿੰਘ, ਲਵਸ਼ਿੰਦਰ ਸਿੰਘ, ਡਾ. ਗੁਰਦੀਪ ਸਿੰਘ, ਜਗਵੀਰ ਭਾਈ, ਅਵਤਾਰ ਸਿੰਘ, ਭਾਈ ਸ਼ਮਸ਼ੇਰ ਸਿੰਘ, ਦਰਸ਼ਨ ਸਿੰਘ ਭਿੰਡਰ, ਫ਼ੌਜਾ ਸਿੰਘ, ਜਸਮੀਤ ਸਿੰਘ, ਅਮਰਜੀਤ ਸਿੰਘ, ਡਾ. ਜਸਵਿੰਦਰ ਕੌਰ ਆਦਿ ਨੇ ਵੀ ਆਪਣੇ-ਆਪਣੇ ਵਿਚਾਰ ਪ੍ਰਗਟ ਕੀਤੇ। ਗਿਆਨੀ ਸੁਖਜੀਵਨ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਤੇ ਉਚੇਚੇ ਤੌਰ ’ਤੇ ਗੁਰਮੇਲ ਸਿੰਘ ਮੱਲ੍ਹੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨੌਜਵਾਨਾਂ ਦਾ ਸਾਥ ਦੇਣ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਗੋਲਡਨ ਵਿਰਸਾ ਯੂ. ਕੇ. ਵੱਲੋਂ ਮਨਾਇਆ ਗਿਆ ਤੀਆਂ ਦਾ ਤਿਉਹਾਰ
NEXT STORY