ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ‘ਚ ਭਾਰਤੀ ਨਾਗਰਿਕਾਂ ਅਤੇ ਭਾਰਤੀ ਪਾਸਪੋਰਟ ਧਾਰਕਾਂ ਨਾਲ ‘ਭਾਰਤੀ ਹਾਈ ਕਮਿਸ਼ਨ’ ਦੇ ਨਾਂ ਹੇਠ ਨੌਸਰਬਾਜ਼ਾਂ ਵਲੋਂ ਫਰਜ਼ੀ ਫੋਨ ਕਾਲਾਂ ਨਾਲ ਧੋਖਾਦੇਹੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਭਾਰਤੀ ਹਾਈ ਕਮਿਸ਼ਨ ਕੈਨਬਰਾ ਨੇ ਆਪਣੇ ਲਿਖਤੀ ਬਿਆਨ ਰਾਹੀਂ ਸਮੁੱਚੇ ਭਾਰਤੀ ਭਾਈਚਾਰੇ ਨੂੰ ਅਗਾਹ ਕਰਦਿਆਂ ਅਜਿਹੀ ਕਿਸੇ ਵੀ ਫਰਜ਼ੀ ਫੋਨ ਕਾਲ ਦੇ ਝਾਂਸੇ ਵਿੱਚ ਨਾ ਆਉਣ ਦੀ ਅਪੀਲ ਕੀਤੀ ਹੈ। ਉਹਨਾਂ ਹੋਰ ਕਿਹਾ ਹੈ ਕਿ ਪਿਛਲੇ ਦੋ ਤਿੰਨ ਸਾਲਾਂ ਤੋਂ ਆਸਟ੍ਰੇਲੀਆਈ ਲੋਕਾਂ ਤੋਂ ਧੋਖਾਦੇਹੀ ਨਾਲ ਪੈਸੇ ਠੱਗਣ ਬਾਬਤ ਇਹਨਾਂ ਫਰਜ਼ੀ ਕਾਲਾਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਇਹਨਾਂ ਬੋਗਸ ਕਾਲਾਂ ‘ਚ ਅਕਸਰ ਆਸਟ੍ਰੇਲੀਅਨ ਟੈਕਸ ਵਿਭਾਗ ਜਾਂ ਇਮੀਗ੍ਰੇਸ਼ਨ ਵਿਭਾਗ ਦਾ ਨਾਂ ਲੈ ਕੇ ਪੈਸਾ ਠੱਗਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਪਰ ਹੁਣ ਦੇਖਣ ‘ਚ ਆ ਰਿਹਾ ਹੈ ਕਿ ਇਹਨਾਂ ਠੱਗਾਂ ਵਲੋਂ ਭਾਰਤੀ ਹਾਈ ਕਮਿਸ਼ਨ ਦਾ ਨਾਂ ਲੈ ਕੇ ਭਾਰਤੀ ਨਾਗਰਿਕਾਂ ਅਤੇ ਭਾਰਤੀ ਪਾਸਪੋਰਟ ਧਾਰਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਾਲ ਕਰਨ ਵਾਲੇ ਅਕਸਰ ਕਹਿੰਦੇ ਹਨ ਕਿ ਸਥਾਨਕ ਅਧਿਕਾਰੀ (ਆਸਟ੍ਰੇਲੀਅਨ ਇਮੀਗ੍ਰੇਸ਼ਨ/ਡੀਆਈਬੀਪੀ/ਐਮਐਚਏ) ਉਨ੍ਹਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਰਹੇ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਦੇਸ਼ ਨਿਕਾਲੇ (ਡੀਪੋਰਟ) ਦੇ ਹੁਕਮ ਹੋਣ ਜਾ ਰਹੇ ਹਨ। ਅਜਿਹੀ ਧਮਕੀ ਤੋਂ ਬਾਅਦ ਸਹਾਇਤਾ ਦੀ ਪੇਸ਼ਕਸ਼ ਕਰਦਿਆਂ, ਕਾਲ ਕਰਨ ਵਾਲਾ ਵਿਅਕਤੀ, ਪੀੜਤ ਨੂੰ ਤਾਕੀਦ ਕਰਦਾ ਹੈ ਕਿ ਪੈਸਾ ਤੁਰੰਤ ਵੈਸਟਰਨ ਯੂਨੀਅਨ ਰਾਹੀਂ ਕਿਸੇ ਖਾਤੇ ਵਿੱਚ ਤਬਦੀਲ ਕੀਤਾ ਜਾਵੇ। ਫੋਨ ਕਰਨ ਵਾਲਾ ਵਿਅਕਤੀ, ਪੀੜਤ ਨੂੰ ਕਾਲ ਕੱਟਣ ਜਾਂ ਕੁੱਝ ਹੋਰ ਸੋਚਣ ਦਾ ਸਮਾਂ ਵੀ ਨਹੀਂ ਦਿੰਦੇ।
ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੈਸੇ ਦਾ ਭੁਗਤਾਨ/ਖਾਤੇ ਵਿੱਚ ਪੈਸੇ ਦੇ ਟ੍ਰਾਂਸਫਰ ਆਦਿ ਲਈ ਉਹ ਅਜਿਹੀਆਂ ਕਾਲਾਂ ਨਹੀਂ ਕਰਦੇ। ਉਨ੍ਹਾਂ ਭਾਰਤੀ ਨਾਗਰਿਕਾਂ ਨੂੰ ਅਜਿਹੀਆਂ ਫਰਜ਼ੀ ਫੋਨ ਕਾਲਾਂ ਤੋ ਸਾਵਧਾਨੀ ਵਰਤਦਿਆਂ ਕਿਸੇ ਵੀ ਤਰ੍ਹਾਂ ਦੀ ਧੋਖਾਦੇਹੀ ਤੋਂ ਬਚਣ ਦੀ ਅਪੀਲ ਕੀਤੀ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਫਰਜ਼ੀ ਫੋਨ ਕਾਲ ਆਉਦੀ ਹੈ, ਤਾਂ ਉਸ ਨੂੰ ਤੁਰੰਤ ਭਾਰਤ ਦੇ ਹਾਈ ਕਮਿਸ਼ਨ ਕੈਨਬਰਾ ਨੂੰ ppt.canberra@mea.gov.au ਈ-ਮੇਲ ਰਾਹੀਂ ਸੰਪਰਕ ਕਰਨਾ ਚਾਹੀਦਾ ਹੈ।
ਕੀ ਕੋਰੋਨਾ ਸੰਕਟ ਕਾਰਨ ਇਟਲੀ 'ਚ ਰੋਜ਼ੀ-ਰੋਟੀ ਤੋਂ ਆਵਾਜ਼ਾਰ ਹੋ ਰਹੇ ਭਾਰਤੀ ਨੌਜਵਾਨਾਂ ਦੀ ਵੀ ਕੋਈ ਫੜ੍ਹੇਗਾ ਬਾਂਹ?
NEXT STORY