ਮੈਲਬੌਰਨ (ਮਨਦੀਪ ਸਿੰਘ ਸੈਣੀ)— ਆਸਟ੍ਰੇਲੀਆ ਵਿਚ ਐਤਵਾਰ ਦੀ ਸ਼ਾਮ ਨੂੰ ਪੰਜਾਬੀ ਸੱਥ ਮੈਲਬੌਰਨ ਵੱਲੋਂ ਪੰਜਾਬ ਤੋਂ ਮੈਲਬੌਰਨ ਪਹੁੰਚੇ ਉੱਘੇ ਲੇਖਕ ਅਤੇ ਰੰਗਕਰਮੀ ਰੰਜੀਵਨ ਸਿੰਘ ਜੀ ਤੇ ਪ੍ਰਸਿੱਧ ਪੰਜਾਬੀ ਕਵੀ ਚੰਨ ਅਮਰੀਕ ਜੀ ਨਾਲ ਇੱਕ ਸਾਹਿਤਕ ਮਿਲਣੀ ਕਰਾਈ ਗਈ। ਇਹ ਪ੍ਰੋਗਰਾਮ ਸੱਥ ਦੇ ਸੰਚਾਲਕ ਕੁਲਜੀਤ ਕੌਰ ਗ਼ਜ਼ਲ ਦੇ ਗ੍ਰਹਿ ਵਿੱਖੇ ਉਲੀਕਿਆ ਗਿਆ, ਜਿਸ ਵਿੱਚ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਬਾਸ਼ਿੰਦਿਆਂ ਨੇ ਹਿੱਸਾ ਲਿਆ ਅਤੇ ਦੋਵਾਂ ਸਖਸ਼ੀਅਤਾਂ ਨਾਲ ਸਾਹਿਤਕ ਵਿਚਾਰ ਵਟਾਂਦਰਾ ਕੀਤਾ।
ਪੰਜਾਬੀ ਕਵੀ ਵਜੋਂ ਦੋ ਕਾਵਿ ਸੰਗ੍ਰਹਿ 'ਮੈਂ ਜੋ ਚਾਹਿਆ' ਅਤੇ 'ਉੱਡਦੇ ਬੋਲ' ਪੰਜਾਬੀ ਸਾਹਿਤ ਨੂੰ ਦੇ ਚੁੱਕੇ ਚੰਨ ਅਮਰੀਕ ਨੇ ਇਸ ਪ੍ਰੋਗਰਾਮ ਵਿੱਚ ਸਮਾਜਕ, ਰਾਜਨੀਤਿਕ ਸਮੱਸਿਆਵਾਂ ਤੇ ਸਾਹਿਤਕ ਦੋਸਤੀ ਦੀ ਬਾਤ ਪਾਉਂਦੀਆਂ ਆਪਣੀਆਂ ਕਵਿਤਾਵਾਂ ਨਾਲ ਰੰਗ ਬੰਨ੍ਹਿਆਂ । ਪ੍ਰੋਗਰਾਮ ਦੇ ਦੂਸਰੇ ਮੁੱਖ ਮਹਿਮਾਨ ਸ. ਰੰਜੀਵਨ ਸਿੰਘ ਜੀ ਨੇ ਰਲ-ਮਿਲ ਕੇ ਕਾਰਜ ਕਰਨ, ਸਮੇਂ ਦੀ ਕਦਰ ਕਰਨ ਤੇ ਸਾਹਿਤ ਸੇਵਾ ਵਿੱਚ ਪਰਿਵਾਰਕ ਸਹਿਯੋਗ ਦੀ ਮਹੱਤਤਾ 'ਤੇ ਜੋਰ ਦਿੱਤਾ। ਉਹਨਾਂ ਅੱਜਕੱਲ੍ਹ ਦੇ ਦੌਰ ਵਿਚਲੀਆਂ ਸਮੱਸਿਆਵਾਂ ਤੇ ਰਚੀਆਂ ਆਪਣੀਆਂ ਕਵਿਤਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਇਸ ਤੋਂ ਬਾਅਦ ਉਹਨਾਂ ਦੇ ਬੇਟੇ ਰਿਸ਼ਮ-ਰਾਗ ਸਿੰਘ ਨੇ ਵੀ ਆਪਣੇ ਗੀਤ ਨਾਲ ਸਰੋਤਿਆਂ ਦਾ ਮਨ ਕੀਲ ਲਿਆ। ਇਸੇ ਦੌਰਾਨ ਹੀ ਰੰਜੀਵਨ ਸਿੰਘ ਜੀ ਨੇ ਆਪਣੀ ਸੰਪਾਦਿਤ ਕੀਤੀ ਹੋਈ ਕਿਤਾਬ 'ਜਿੰਵੇ ਰਾਮ ਨੂੰ ਲੱਛਮਣ ਸੀ' (ਸੰਤੋਖ ਸਿੰਘ ਧੀਰ ਵੱਲੋਂ ਰਿਪੁਦਮਨ ਸਿੰਘ ਰੂਪ ਨੂੰ ਇੰਗਲੈਂਡ/ਮਾਸਕੋ ਤੋਂ ਲਿਖੀਆਂ ਚਿੱਠੀਆਂ) ਵੀ ਪੰਜਾਬੀ ਸੱਥ ਨੂੰ ਭੇਂਟ ਕੀਤੀ ।
ਰਾਤ ਦੇ ਖਾਣੇ ਤੋਂ ਬਾਅਦ ਪ੍ਰੋਗਰਾਮ ਦੇ ਦੂਜੇ ਭਾਗ ਦੌਰਾਨ ਸੱਥ ਦੀ ਸਟੇਜ ਸਕੱਤਰ ਮਧੂ ਸ਼ਰਮਾ ਤਨਹਾ ਨੇ ਸਟੇਜ ਵਾਲੀ ਸੇਵਾ ਨਿਭਾਉਂਦਿਆਂ ਆਪਣੀ ਇੱਕ ਬਹੁਤ ਹੀ ਖੂਬਸੂਰਤ ਕਵਿਤਾ 'ਮਰਦ ਖਿਡਾਰੀ ਕਹਾਉਂਦਾ, ਜਦ ਕਈਆਂ ਨਾਲ ਯਾਰੀ ਲਾਉਂਦਾ' ਵੀ ਸਰੋਤਿਆਂ ਨੂੰ ਸੁਣਾਈ ਅਤੇ ਹਰ ਵਾਰ ਦੀ ਤਰਾਂ ਵਾਹ-ਵਾਹ ਖੱਟੀ। ਮੈਲਬੌਰਨ ਦੇ ਹਰਪ੍ਰੀਤ ਸਿੰਘ ਤਲਵੰਡੀ ਖੁੰਮਣ ਨੇ ਆਪਣੀ ਵਿਲੱਖਣ ਰਚਨਾ 'ਨੂਰ ਅਦਬੀ ਅੱਲਾ ਫਰਸ਼ ਤਾਰਿਆਂ ਈ ... ਆਣ ਇਸ਼ਕ ਨਾਗ ਸੀਨੇ ਡੰਗ ਮਾਰਿਆ ਈ' ਨਾਲ ਪ੍ਰੋਗਰਾਮ ਦਾ ਫਿਰ ਤੋਂ ਰੰਗ ਬੰਨ੍ਹ ਦਿੱਤਾ। ਕਿਸੇ ਸ਼ਾਇਰ ਦੇ ਖਿਆਲ ਵਰਗੀ ਕਵਿੱਤਰੀ ਰਮਾ ਸੇਖੋਂ ਨੇ ਆਪਣੀ ਕਵਿਤਾ 'ਨੌਕਰੀਆਂ ਨੇ ਜੱਦੀ ਘਰ ਛੁਡਵਾ ਦਿੱਤੇ ......' ਅਤੇ ਇੱਕ ਹਿੰਦੀ ਕਵਿਤਾ ਨਾਲ ਸਰੋਤਿਆਂ ਨੂੰ ਆਪਣੀ ਕਵਿਤਾ ਦੇ ਰੰਗ ਵਿੱਚ ਰੰਗ ਲਿਆ !
ਪੰਜਾਬੀ ਸੱਥ ਮੈਲਬੌਰਨ ਦੀ ਰੂਹ ਬਿੱਕਰ ਬਾਈ ਜੀ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਤੇ ਫਿਰ ਆਪਣੀ ਕਵਿਤਾ 'ਗਾਇਕੀ ਦਾ ਰੂਪ ਵਿਗੜ ਗਿਆ ਏ, ਇੱਕ ਨਵਾਂ ਈ ਚਰਚਾ ਛਿੜ ਗਿਆ ਏ' ਨਾਲ ਹਾਜ਼ਰੀ ਲਵਾਈ।ਕੁਲਜੀਤ ਕੌਰ ਨੇ ਗ਼ਜ਼ਲ 'ਦੀ ਗ਼ਜ਼ਲ' ਦੀ ਸਾਂਝ ਪਾਈ। ਕਵਿਤਾਵਾਂ ਨੂੰ ਮਾਣਦਿਆਂ ਹੀ ਦੋਵਾਂ ਮਹਿਮਾਨਾਂ ਰੰਜੀਵਨ ਸਿੰਘ ਜੀ ਤੇ ਚੰਨ ਅਮਰੀਕ ਜੀ ਨੇ ਮੈਲਬੌਰਨ ਤੋਂ ਛੱਪਦਾ ਪੰਜਾਬੀ ਪਰਚਾ 'ਅਗਮ' ਵੀ ਰਿਲੀਜ਼ ਕੀਤਾ।
ਪ੍ਰੋਗਰਾਮ ਦੇ ਅੰਤ ਵਿੱਚ ਦੋਵਾਂ ਮੁੱਖ ਮਹਿਮਾਨਾਂ ਨੂੰ ਪੰਜਾਬੀ ਸੱਥ ਮੈਲਬੌਰਨ ਦਾ ਇੱਕ ਯਾਦਗਾਰੀ ਚਿੰਨ੍ਹ ਤੇ ਇੱਕ ਤੋਹਫ਼ਾ ਭੇਂਟ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਹਾਜ਼ਿਰ ਕਵੀਆਂ ਤੋਂ ਇਲਾਵਾ ਸੋਨਮ ਸੈਣੀ, ਪੂਨਮ ਕੈਂਥ ਜੀ, ਜਸਪ੍ਰੀਤ ਬੇਦੀ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਆਦਿ ਸਰੋਤਿਆਂ ਨੇ ਰਚਨਾਵਾਂ ਤੇ ਸਾਹਿਤਕ ਗੱਲਾਂ ਬਾਤਾਂ ਦਾ ਆਨੰਦ ਮਾਣਿਆ।ਮੁੱਖ ਮਹਿਮਾਨਾਂ ਦੀਆਂ ਸੱਥ ਦੇ ਭਵਿੱਖ ਵਾਸਤੇ ਸ਼ੁੱਭ-ਇਛਾਵਾਂ ਤੇ ਪਿਆਰ ਭਰੇ ਅਸ਼ੀਰਵਾਦ ਦੇ ਨਾਲ ਇਸ ਸਫਲ, ਸੁਹਾਵਣੀ ਤੇ ਵਿਲੱਖਣ ਸਾਹਿਤਕ ਸ਼ਾਮ ਨੂੰ ਅਲਵਿਦਾ ਕਹਿ ਦਿੱਤਾ ਗਿਆ।
ਅਮਰੀਕਾ 'ਚ 7 ਸਾਲਾਂ 'ਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ 38 ਫੀਸਦੀ ਵਧੀ
NEXT STORY