ਸ਼ਾਹਕੋਟ (ਅਰਸ਼ਦੀਪ)- ਦੇਸ਼ ਨੂੰ ਆਜ਼ਾਦ ਹੋਏ ਕਰੀਬ 76 ਸਾਲ ਬੀਤ ਗਏ ਹਨ। ਇਸ ਦੌਰਾਨ ਕਈ ਸਰਕਾਰਾਂ ਆਈਆਂ ਅਤੇ ਕਈ ਗਈਆਂ। ਇਸ ਦੌਰਾਨ ਹਲਕਾ ਸ਼ਾਹਕੋਟ ਦੇ ਵੋਟਰਾਂ ਵੱਲੋਂ ਕਈ ਸਿਆਸਤਦਾਨਾਂ ਨੂੰ ਵੋਟਾਂ ਪਾ ਕੇ ਵਿਧਾਨ ਸਭਾ ’ਚ ਭੇਜਿਆ, ਜਿਨ੍ਹਾਂ ’ਚੋਂ ਜ਼ਿਆਦਾਤਰ ਸਿਆਸਤਦਾਨ ਮੰਤਰੀ ਮੰਡਲ ’ਚ ਲੰਬੇ ਸਮੇਂ ਤੱਕ ਮੰਤਰੀ ਰਹਿਣ ਦੇ ਬਾਵਜੂਦ ਸ਼ਾਹਕੋਟ ਦੇ ਸਿੱਖਿਆ ਸੁਧਾਰ ਵੱਲ ਕੋਈ ਧਿਆਨ ਨਹੀਂ ਦਿੱਤਾ। ਲੋਕ ਸਭਾ ਚੋਣਾਂ ’ਚ ਆਪੋ-ਆਪਣੀ ਪਾਰਟੀ ਦਾ ਪ੍ਰਚਾਰ ਕਰ ਰਹੇ ਉਮੀਦਵਾਰਾਂ ਵੱਲੋਂ ਸਿੱਖਿਆ ਨੂੰ ਲੈ ਕੇ ਸ਼ਾਹਕੋਟ ਦੇ ਲੋਕਾਂ ਨਾਲ ਕੋਈ ਠੋਸ ਗੱਲ ਨਹੀਂ ਕੀਤੀ ਜਾ ਰਹੀ। ਮੌਜੂਦਾ ਸਰਕਾਰ ਸਿੱਖਿਆ ਦੇ ਖੇਤਰ ’ਚ ਬਦਲਾਅ ਕਰਨ ਦੇ ਦਾਅਵੇ ਤੇ ਵਾਅਦੇ ਕਰ ਰਹੀ ਹੈ ਪਰ ਇਨ੍ਹਾਂ ਸਭ ਦਾਅਵਿਆਂ ਦੇ ਉਲਟ ਸ਼ਾਹਕੋਟ ’ਚ 8ਵੀਂ ਤੋਂ ਬਾਅਦ ਲੜਕਿਆਂ ਤੇ 10ਵੀਂ ਤੋਂ ਬਾਅਦ ਲੜਕੀਆਂ ਦਾ ਕੋਈ ਸਰਕਾਰੀ ਸਕੂਲ ਹੀ ਨਹੀਂ ਹੈ।
ਆਜ਼ਾਦੀ ਤੋਂ ਬਾਅਦ ਕਿਸੇ ਨੇ ਨਹੀਂ ਸੋਚਿਆ ਸਕੂਲ ਬਾਰੇ
ਦੇਸ਼ ’ਤੇ ਅੰਗਰੇਜ਼ਾਂ ਦੇ ਰਾਜ ਸਮੇਂ 1905 ਤੋਂ ਪਹਿਲਾਂ ਬਣਿਆ ਸ਼ਹਿਰ ਦਾ ਇਕੋ-ਇਕ ਮਿਡਲ ਸਕੂਲ, ਜੋ ਇਲਾਕੇ ਭਰ ’ਚ ਨਿੰਮਾਂ ਵਾਲਾ ਸਕੂਲ ਵਜੋਂ ਮਸ਼ਹੂਰ ਹੈ। ਪਿਛਲੇ ਲੱਗਭਗ 119 ਸਾਲ ਤੋਂ ਵੀ ਵੱਧ ਸਮੇਂ ਤੋਂ ਇਲਾਕੇ ਦੇ ਬੱਚਿਆਂ ਨੂੰ 8ਵੀਂ ਤੱਕ ਸਿੱਖਿਆ ਪ੍ਰਦਾਨ ਕਰ ਰਿਹਾ ਹੈ। ਇਸ ਸਕੂਲ ਵੱਲ ਅੱਜ ਤੱਕ ਹਲਕੇ ਦੇ ਕਿਸੇ ਲੀਡਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਫਿਰ ਚਾਹੇ ਉਹ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਸਾਬਕਾ ਖਜ਼ਾਨਾ ਮੰਤਰੀ ਮਰਹੂਮ ਬਲਵੰਤ ਸਿੰਘ, ਸਾਬਕਾ ਗ੍ਰਹਿ ਤੇ ਪੰਚਾਇਤ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ ਕੰਗ, ਸਾਬਕਾ ਟਰਾਂਸਪੋਰਟ ਤੇ ਮਾਲ ਮੰਤਰੀ ਮਰਹੂਮ ਜਥੇ. ਅਜੀਤ ਸਿੰਘ ਕੋਹਾੜ ਜਾਂ ਸੱਤਾਧਾਰੀ ‘ਆਪ’ ਦੇ ਲੀਡਰ ਹੋਣ। ਕਿਸੇ ਵੀ ਆਗੂ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ।
ਇਹ ਵੀ ਪੜ੍ਹੋ- ਅੰਤਰਰਾਜੀ ਲੁਟੇਰਾ ਗਿਰੋਹ ਦਾ ਪਰਦਾਫ਼ਾਸ਼, 11 ਗ੍ਰਿਫ਼ਤਾਰ, 13 ਤੋਲੇ ਸੋਨਾ ਸਣੇ ਹੋਰ ਕੀਮਤੀ ਸਾਮਾਨ ਬਰਾਮਦ
ਇਮਾਰਤ ਐਲਾਨੀ ਜਾ ਚੁੱਕੀ ਹੈ ਅਸੁਰੱਖਿਅਤ
119 ਸਾਲ ਪਹਿਲਾਂ ਦੇ ਇਸ ਸਕੂਲ ਦੀ ਇਮਾਰਤ ਨੂੰ ਸਰਕਾਰ ਵੱਲੋਂ ਅਸੁਰੱਖਿਅਤ ਐਲਾਨਿਆ ਜਾ ਚੁੱਕਾ ਹੈ। ਸ਼ਹਿਰ ਦਾ ਇਹ ਇਕੋ-ਇਕ ਲੜਕਿਆਂ ਦਾ ਸਰਕਾਰੀ ਸਕੂਲ ਅੱਜਕੱਲ ਕੁਝ ਕਮਰਿਆਂ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਸਕੂਲ ’ਚ ਪੜ੍ਹਨ ਵਾਲੇ ਬੱਚਿਆਂ ਲਈ ਭਾਵੇਂ ਅਲਗ ਤੋਂ ਹੋਰ ਕਮਰੇ ਬਣਾਏ ਗਏ ਹਨ ਪਰ ਫਿਰ ਵੀ ਕੁਝ ਮਾਪੇ ਆਪਣੇ ਬੱਚਿਆਂ ਨੂੰ ਇਸ ਸਕੂਲ ’ਚ ਪੜ੍ਹਾਉਣਾ ਸੁਰੱਖਿਅਤ ਨਹੀਂ ਸਮਝਦੇ ਅਤੇ ਮਜਬੂਰਨ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ’ਚ ਦਾਖਲ ਕਰਵਾ ਕੇ ਲੁੱਟ ਦਾ ਸ਼ਿਕਾਰ ਹੋ ਰਹੇ ਹਨ।
ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦਿਆਂ ਅਧਿਕਾਰੀ ਕਰ ਰਹੇ ਆਪਣੀ ਮਨਮਰਜ਼ੀ
ਕਾਂਗਰਸ ਸਰਕਾਰ ਵੇਲੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਦੇ ਯਤਨਾਂ ਸਦਕਾ ਉਸ ਵੇਲੇ ਦੇ ਪ੍ਰਮੁੱਖ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਇਕ ਪੱਤਰ ਜਾਰੀ ਕਰ ਕੇ ਲੜਕੀਆਂ ਤੇ ਲੜਕਿਆਂ ਦੇ ਸਕੂਲ ਨੂੰ ਇਕੱਠਾ ਕਰ ਕੇ 9ਵੀਂ ਤੇ 10ਵੀਂ ਦੀਆਂ ਕਲਾਸਾਂ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਵੀ ਸਮੇਂ-ਸਮੇਂ ’ਤੇ ਡੀ. ਓ. ਦਫਤਰ ਜਲੰਧਰ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਲੜਕਿਆਂ ਦੀਆਂ 9ਵੀਂ-10ਵੀਂ ਦੀਆਂ ਕਲਾਸਾਂ ਸ਼ੁਰੂ ਕਰਨ ਲਈ ਕਿਹਾ ਜਾਂਦਾ ਹੈ ਪਰ ਸਬੰਧਤ ਅਧਿਕਾਰੀ ਇਨ੍ਹਾਂ ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦਿਆਂ ਲੜਕਿਆਂ ਦੀਆਂ 9ਵੀ-10ਵੀਂ ਦੀਆਂ ਕਲਾਸਾਂ ਨਹੀਂ ਲਾ ਰਹੇ। ਇਸ ਸਬੰਧੀ ਜਾਣਕਾਰੀ ਲੈਣ ਲਈ ਡੀ. ਓ. ਜਲੰਧਰ ਸੁਰੇਸ਼ ਕੁਮਾਰ ਨੂੰ ਫੋਨ ਕੀਤਾ ਗਿਆ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ- ਪ੍ਰਵਾਸੀ ਮਜ਼ਦੂਰ ਸਾਡੇ ਭਰਾ ਹਨ, ਖਹਿਰਾ ਦੇ ਬਿਆਨ ਨਾਲ ਸਹਿਮਤ ਨਹੀਂ: ਰਾਜਾ ਵੜਿੰਗ
ਸਕੂਲ ’ਚ ਸਿਰਫ਼ 2 ਰੈਗੂਲਰ ਅਧਿਆਪਕ ਨਿਭਾਅ ਰਹੇ ਸੇਵਾਵਾਂ
ਸਰਕਾਰੀ ਮਿਡਲ ਸਕੂਲ ਸ਼ਾਹਕੋਟ (ਨਿੰਮਾਂ ਵਾਲਾ ਸਕੂਲ) ’ਚ ਇਸ ਸਮੇਂ 136 ਦੇ ਕਰੀਬ ਬੱਚੇ ਪੜ੍ਹਦੇ ਹਨ। ਬੱਚਿਆਂ ਦੀ ਗਿਣਤੀ ਅਨੁਸਾਰ ਸਕੂਲ ’ਚ 5 ਅਧਿਆਪਕਾਂ ਦੀਆਂ ਅਸਾਮੀਆਂ ਬਣਦੀਆਂ ਹਨ। ਇਸ ਸਮੇਂ ਸਿਰਫ਼ 2 ਅਧਿਆਪਕ ਰੈਗੂਲਰ ਤੌਰ ’ਤੇ ਸੇਵਾਵਾਂ ਨਿਭਾਅ ਰਹੇ ਹਨ, ਜਦਕਿ ਇਕ ਅਧਿਆਪਕ ਡੈਪੂਟੇਸ਼ਨ ’ਤੇ ਆਰਜ਼ੀ ਤੌਰ ’ਤੇ ਬੱਚਿਆਂ ਨੂੰ ਪੜ੍ਹਾ ਰਿਹਾ ਹੈ। ਪੰਜਾਬੀ ਤੇ ਹਿੰਦੀ ਦੇ ਅਧਿਆਪਕਾਂ ਦੀਆਂ ਅਸਾਮੀਆਂ ਸਕੂਲ ’ਚ ਖਾਲੀ ਪਈਆਂ ਹਨ। ਸਕੂਲ ’ਚ ਅਧਿਆਪਕਾਂ ਦੀ ਘਾਟ ਕਾਰਨ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਅਪਗ੍ਰੇਡ ਹੋਏ ਸਕੂਲ ਨੂੰ ‘ਆਪ’ ਸਰਕਾਰ ਨੇ ਮੁੜ ਬਣਾਇਆ ਮਿਡਲ
ਵੱਖ-ਵੱਖ ਚੋਣਾਂ ਸਮੇਂ ਸਿਆਸੀ ਪਾਰਟੀਆਂ ਵੱਲੋਂ ਸ਼ਹਿਰ ਦੇ ਲੋਕਾਂ ਨਾਲ ਸਕੂਲ ਨੂੰ ਅਪਗ੍ਰੇਡ ਕਰਨ ਦੇ ਵਾਅਦੇ ਕੀਤੇ ਗਏ। 2021 ਤੋਂ ਪਹਿਲਾਂ ਕਿਸੇ ਵੀ ਲੀਡਰ ਵੱਲੋਂ ਸਿੱਖਿਆ ਖੇਤਰ ਵੱਲ ਧਿਆਨ ਨਹੀਂ ਦਿੱਤਾ ਗਿਆ। ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਭਰਪੂਰ ਯਤਨ ਕਰਦਿਆਂ ਕਾਂਗਰਸ ਸਰਕਾਰ ਸਮੇਂ ਨਿੰਮਾ ਵਾਲਾ ਸਕੂਲ ਨੂੰ ਸੀਨੀ. ਸੈਕੰਡਰੀ ਸਕੂਲ ਵਜੋਂ ਅਪਗ੍ਰੇਡ ਕਰਵਾ ਦਿੱਤਾ ਗਿਆ ਸੀ। ਕੁਝ ਮਹੀਨੇ ਬਾਅਦ 2022 ’ਚ ‘ਆਪ’ਸਰਕਾਰ ਬਣਨ ਤੋਂ ਬਾਅਦ ਸਕੂਲ ਨੂੰ ਫਿਰ ਮਿਡਲ ਸਕੂਲ ਬਣਾ ਦਿੱਤਾ ਗਿਆ। ਇਸ ਤੋਂ ਇਲਾਵਾ ਨਵੀਂ ਬਿਲਡਿੰਗ ਲਈ ਮਨਜ਼ੂਰ ਹੋਏ 25 ਲੱਖ ਰੁਪਏ ਵੀ ‘ਆਪ’ਸਰਕਾਰ ਵੱਲੋਂ ਵਾਪਸ ਲੈ ਲਏ ਗਏ।
ਰੋਜ਼ਾਨਾ ਸੈਂਕੜੇ ਵਿਦਿਆਰਥੀ ਪਿੰਡਾਂ ’ਚ ਜਾਂਦੇ ਨੇ ਪੜ੍ਹਾਈ ਕਰਨ
ਸ਼ਾਹਕੋਟ ’ਚ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਹਾਸਲ ਕਰਨ ਲਈ ਸਰਕਾਰੀ ਕਾਲਜ ਦੀ ਸਹੂਲਤ ਤਾਂ ਹੈ ਪਰ ਕੋਈ ਸਰਕਾਰੀ ਸੀਨੀ. ਸੈਕੰਡਰੀ ਸਕੂਲ ਨਾ ਹੋਣ ਕਾਰਨ ਸੈਂਕੜੇ ਵਿਦਿਆਰਥੀਆਂ ਨੂੰ ਪਿੰਡਾਂ ਦਾ ਰੁਖ ਕਰਨਾ ਪੈਂਦਾ ਹੈ। 12ਵੀਂ ਤੱਕ ਪੜ੍ਹਾਈ ਕਰਨ ਲਈ ਸ਼ਹਿਰ ਦੇ ਵਿਦਿਆਰਥੀ ਪਿੰਡਾਂ ਦੇ ਸਕੂਲਾਂ ’ਚ ਜਾਂਦੇ ਹਨ। ਕਈ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ’ਚ ਦਾਖਲ ਕਰਵਾ ਦਿੰਦੇ ਹਨ ਪਰ ਬਹੁਤੇ ਪ੍ਰਾਈਵੇਟ ਸਕੂਲਾਂ ’ਚ ਮਹਿੰਗੀ ਵਿੱਦਿਆ ਹੋਣ ਕਾਰਨ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਘਰ ’ਚ ਹੀ ਕੋਈ ਕੰਮ ਕਾਰ ਕਰਵਾਉਣ ਨੂੰ ਤਰਜੀਹ ਦਿੰਦੇ ਹਨ।
ਇਹ ਵੀ ਪੜ੍ਹੋ- ਇੰਸਟਾ 'ਤੇ ਵਾਇਰਲ ਹੋਈ ਗੁੰਡਿਆਂ ਵੱਲੋਂ ਪੋਸਟ ਕੀਤੀ ਅਨੋਖੀ ਵੀਡੀਓ, ਰੇਟ ਲਿਸਟ ਵੇਖ ਪੁਲਸ ਦੇ ਉੱਡੇ ਹੋਸ਼
ਸਰਕਾਰ ਸਕੂਲ ਨੂੰ ਅਪਗ੍ਰੇਡ ਕਰ ਕੇ ਅਧਿਆਪਕਾਂ ਦੀ ਕਮੀ ਪੂਰੀ ਕਰੇ : ਇਲਾਕਾ ਵਾਸੀ
ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਮਿਡਲ ਸਕੂਲ ਨੂੰ ਅਪਗ੍ਰੇਡ ਕਰਕੇ ਹਾਈ ਜਾਂ ਸੀਨੀ. ਸੈਕੰਡਰੀ ਕੀ ਬਣਾਉਣਾ ਸੀ। ਇੱਥੇ ਤਾਂ ਅਧਿਆਪਕਾਂ ਦੀ ਅਸਾਮੀਆਂ ਨੂੰ ਨਾ ਭਰ ਕੇ ਖਤਮ ਕੀਤਾ ਜਾ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਬੱਚਿਆਂ ਦੀ ਗਿਣਤੀ ਅਨੁਸਾਰ ਇੱਥੇ ਅਧਿਆਪਕਾਂ ਦੀਆਂ ਪੋਸਟਾਂ ਦਿੱਤੀਆਂ ਜਾਣ ਤੇ ਖ਼ਾਲੀ ਪਈਆਂ ਅਸਾਮੀਆਂ ਭਰੀਆਂ ਜਾਣ। ਇਸ ਤੋਂ ਇਲਾਵਾ ਸਰਕਾਰੀ ਮਿਡਲ ਸਕੂਲ ਨੂੰ ਅਪਗ੍ਰੇਡ ਕਰ ਕੇ ਸੀਨੀ. ਸੈਕੰਡਰੀ ਬਣਾਇਆ ਜਾਵੇ ਤਾਂ ਜੋ ਸ਼ਾਹਕੋਟ ਸ਼ਹਿਰ ਦੇ ਗਰੀਬ ਤਬਕੇ ਦੇ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਦੀ ਲੁੱਟ ਦਾ ਸ਼ਿਕਾਰ ਨਾ ਹੋ ਕੇ ਸਰਕਾਰੀ ਸਕੂਲ ’ਚ ਸਿੱਖਿਆ ਹਾਸਲ ਕਰ ਸਕਣ।
ਕਾਂਗਰਸ ਵੱਲੋਂ ਅਪਗ੍ਰੇਡ ਕੀਤੇ ਸਕੂਲਾਂ ਨੂੰ ਮੌਜੂਦਾ ਸਰਕਾਰ ਨੇ ਕੀਤਾ ਡਾਊਨਗ੍ਰੇਡ : ਲਾਡੀ ਸ਼ੇਰੋਵਾਲੀਆ
ਇਸ ਸਬੰਧੀ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਉਨ੍ਹਾਂ ਵੱਲੋਂ ਇਲਾਕੇ ਦੇ ਕਈ ਸਕੂਲਾਂ ਨੂੰ ਅਪਗ੍ਰੇਡ ਕੀਤਾ ਗਿਆ ਸੀ, ਜਿਨ੍ਹਾਂ ’ਚੋਂ ਸ਼ਾਹਕੋਟ ਦੇ ਨਿੰਮਾ ਵਾਲਾ ਸਕੂਲ ਨੂੰ 12ਵੀਂ ਤੱਕ ਕੋ-ਐਡ ਅਪਗ੍ਰੇਡ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਕਾਂਗਰਸ ਸਰਕਾਰ ਸਮੇਂ ਉਨ੍ਹਾਂ ਵੱਲੋਂ ਮਨਜ਼ੂਰ ਕੀਤੇ ਫੰਡਾਂ ਨੂੰ ਵਾਪਸ ਲੈ ਕੇ ਅਪਗ੍ਰੇਡ ਕਰਵਾਏ ਸਕੂਲਾਂ ਨੂੰ ਚੁੱਪ-ਚੁਪੀਤੇ ਡਾਊਨਗ੍ਰੇਡ ਕਰ ਦਿੱਤਾ ਗਿਆ।
ਸ਼ਾਹਕੋਟ ਵਾਸੀਆਂ ਨੂੰ ਜਲਦ ਦਿੱਤਾ ਜਾਵੇਗਾ 12ਵੀਂ ਤੱਕ ਸਕੂਲ : ‘ਆਪ’ਹਲਕਾ ਇੰਚਾਰਜ ਪਿੰਦਰ ਪੰਡੋਰੀ
ਇਸ ਸਬੰਧੀ ਜਦ ‘ਆਪ’ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਇਹ ਮਸਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ’ਚ ਲਿਆ ਕੇ ਵਿਦਿਆਰਥੀਆਂ ਦੀ 12ਵੀਂ ਤੱਕ ਦੀ ਪੜ੍ਹਾਈ ਨੂੰ ਸਰਕਾਰੀ ਸਕੂਲ ’ਚ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਵਿਦਿਆਰਥੀਆਂ ਦੀ ਪ੍ਰਾਈਵੇਟ ਸਕੂਲਾਂ ’ਚ ਲੁੱਟ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਸਰਕਾਰੀ ਹਦਾਇਤਾਂ ਮੁਤਾਬਕ ਲੜਕਿਆਂ ਦੀਆਂ 9ਵੀਂ, 10ਵੀਂ ਦੀਆਂ ਕਲਾਸਾਂ ਨਾ ਲਾਉਣ ਵਾਲੇ ਅਧਿਕਾਰੀਆਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸਤਿਸੰਗ 'ਚ ਚੋਣਾਂ ਨੂੰ ਲੈ ਕੇ ਕਹੀਆਂ ਅਹਿਮ ਗੱਲਾਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਕਾਨ ਤੋਂ ਚੀਜ਼ ਲੈਣ ਗਈ ਨਾਬਾਲਗਾ ਨਾਲ ਦੁਕਾਨਦਾਰ ਨੇ ਕੀਤੀ ਛੇੜਛਾੜ
NEXT STORY