ਸਿਡਨੀ, (ਸਨੀ ਚਾਂਦਪੁਰੀ)— ਪੰਜਾਬੀ ਜਿੱਥੇ ਵੀ ਗਏ ਹਨ, ਆਪਣੇ ਨਾਲ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨਾਲ ਲੈ ਗਏ ਤੇ ਉਨ੍ਹਾਂ ਉਪਦੇਸ਼ਾਂ ਨੂੰ ਜ਼ਿੰਦਗੀ ਵਿੱਚ ਢਾਲਣ ਦੀ ਵੀ ਪੂਰੀ ਕੋਸ਼ਿਸ਼ ਕਰਦੇ ਰਹੇ ਹਨ । ਇਸ ਦਾ ਸਬੂਤ ਆਸਟ੍ਰੇਲੀਆ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਜਦੋਂ ਸਮੁੱਚਾ ਨਿਊ ਸਾਊਥ ਵੇਲਜ਼ ਦਾ ਇਲਾਕਾ ਕੁਦਰਤੀ ਅੱਗ ਦੀ ਲਪੇਟ ਵਿੱਚ ਆਇਆ ਹੋਇਆ ਹੈ, ਇਸ ਦੀ ਮਦਦ ਲਈ ਪੰਜਾਬੀਆਂ ਨੇ ਆਪਣੇ ਮਦਦ ਦੇ ਹੱਥ ਵਧਾਏ ਹਨ । ਸਿਡਨੀ ਵੱਸਦੇ ਡਾ. ਰਮਨ ਔਲ਼ਖ ਅਤੇ ਉਨ੍ਹਾਂ ਦੀ ਟੀਮ ਵੱਲੋਂ ਜਿੱਥੇ ਸੇਵਾ ਦੇ ਨਾਮ 'ਤੇ ਇੱਕ ਵਧੀਆ ਉਪਰਾਲਾ ਕੀਤਾ ਹੈ, ਉੱਥੇ ਹੀ ਉਨ੍ਹਾਂ ਦੇ ਇਸ ਸ਼ਲਾਘਾਯੋਗ ਕਦਮ ਨੇ ਪੰਜਾਬੀ ਭਾਈਚਾਰੇ ਦਾ ਨਾਮ ਵੀ ਹੋਰ ਉੱਚਾ ਕਰ ਦਿੱਤਾ ਹੈ ।

ਪੰਜਾਬੀਆਂ ਨੇ ਭੇਜੇ ਰਾਹਤ ਸਮੱਗਰੀ ਦੇ ਟਰੱਕ-
ਡਾ. ਰਮਨ ਔਲ਼ਖ ਦੀ ਟੀਮ ਵੱਲੋਂ ਲਗਭਗ 30 ਹਜ਼ਾਰ ਡਾਲਰ ਦੀ ਮਦਦ ਪੀੜਤ ਇਲਾਕੇ ਦੇ ਲੋਕਾਂ ਨੂੰ ਦਿੱਤੀ ਗਈ ਹੈ, ਜਿਸ 'ਚ ਉਨ੍ਹਾਂ ਵੱਲੋਂ ਕਈ ਟਰੱਕ ਰਾਹਤ ਸਮੱਗਰੀ ਦੇ ਭੇਜੇ ਗਏ ਹਨ । ਰਾਹਤ ਸਮੱਗਰੀ 'ਚ ਲੰਮਾ ਸਮਾਂ ਚੱਲਣ ਵਾਲਾ ਦੁੱਧ, ਕੱਪੜੇ, ਖਾਣ ਦਾ ਸਾਮਾਨ ਘਰ ਵਿੱਚ ਆਮ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਜਿਵੇਂ ਮਾਇਕ੍ਰੋਵੇਵ, ਆਇਰਨ, ਬੋਤਲਾਂ, ਬੱਚਿਆਂ ਦਾ ਖਾਣਾ ਅਤੇ ਹੋਰ ਵਸਤਾਂ ਭੇਜੀਆਂ ਗਈਆਂ। ਜ਼ਿਕਰਯੋਗ ਹੈ ਕਿ ਇਸ ਟੀਮ ਵੱਲੋਂ ਜਿੱਥੇ ਇਨਸਾਨੀ ਰਾਹਤ ਸਮੱਗਰੀ ਤਾਂ ਭੇਜੀ ਹੀ ਗਈ ਉੱਥੇ ਹੀ ਜਾਨਵਰਾਂ ਲਈ ਵੀ ਖਾਣੇ ਦਾ ਸਾਮਾਨ ਭੇਜਿਆ ਗਿਆ ਜੋ ਇਸ ਅੱਗ ਵਿੱਚ ਜ਼ਖਮੀ ਹੋਏ ਹਨ ।

ਇਸ ਮੌਕੇ ਜਦੋਂ ਡਾ. ਰਮਨ ਔਲ਼ਖ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦੋ ਹਫ਼ਤਿਆਂ ਤੋਂ ਹੋ ਰਹੀ ਇਸ ਅੱਗ ਕਾਰਨ ਹੋਏ ਨੁਕਸਾਨ ਦਾ ਸਾਨੂੰ ਡੂੰਘਾ ਦੁੱਖ ਹੈ ਅਤੇ ਉਨ੍ਹਾਂ ਕਿਹਾ ਕਿ ਸਾਡਾ ਇਸ ਦੇਸ਼ ਦੇ ਬਸ਼ਿੰਦੇ ਹੋਣ ਦੇ ਨਾਤੇ ਇਹ ਫਰਜ਼ ਬਣਦਾ ਹੈ ਕਿ ਅਸੀਂ ਮਦਦ ਲਈ ਅੱਗੇ ਆਈਏ । ਇਸ ਮੌਕੇ ਆਸਟ੍ਰੇਲੀਆ ਦੇ ਐੱਮ. ਪੀ. ਡੇਵਿਡ ਇਲੀਅਟ ਨੇ ਦੱਸਿਆ ਕਿ ਪੰਜਾਬੀ ਭਾਈਚਾਰੇ ਦੀ ਇਸ ਟੀਮ ਵੱਲੋਂ ਕੀਤੀ ਜਾ ਰਹੀ ਨਿਰਸਵਾਰਥ ਮਨੁੱਖੀ ਸੇਵਾ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਉਹ ਘੱਟ ਹੈ । ਇਹ ਅਸਲ ਇਨਸਾਨੀ ਸਿਧਾਂਤ ਨੂੰ ਮੰਨ ਕੇ ਉਸ ਦੇ ਉੱਤੇ ਅਮਲ ਕਰ ਰਹੇ ਹਨ ਜੋ ਕਿ ਸਿੱਖਣਯੋਗ ਹੈ ।

ਦੋ ਹਫ਼ਤਿਆਂ ਤੋਂ ਲੱਗੀ ਅੱਗ ਕਾਰਣ ਜਿੱਥੇ ਲੱਖਾਂ ਏਕੜ ਜੰਗਲ ਸੜ ਕੇ ਸਵਾਹ ਹੋ ਗਏ ਹਨ, ਉੱਥੇ ਹੀ ਹਜ਼ਾਰਾਂ ਦੀ ਤਾਦਾਦ ਵਿੱਚ ਜਾਨਵਰ ਮਰੇ ਹਨ ਅਤੇ 4 ਇਨਸਾਨਾਂ ਦੀ ਵੀ ਇਸ ਕਾਰਣ ਮੌਤ ਹੋ ਚੁੱਕੀ ਹੈ । ਅੱਗ ਦੀ ਚਪੇਟ ਵਿੱਚ ਆਉਣ ਕਰਕੇ ਤਕਰੀਬਨ 300 ਘਰ ਨੁਕਸਾਨੇ ਗਏ ਹਨ । ਪੰਜਾਬੀ ਭਾਈਚਾਰੇ ਵਲੋਂ ਕੀਤੀ ਗਈ ਇਸ ਮਦਦ ਦੀ ਪੂਰੇ ਆਸਟ੍ਰੇਲੀਆ ਵਿੱਚ ਚਰਚਾ ਹੋ ਰਹੀ ਹੈ ਅਤੇ ਲੋਕ ਇਸ ਦੀ ਸ਼ਲਾਘਾ ਕਰ ਰਹੇ ਹਨ । ਇਸ ਮੌਕੇ ਡਾ. ਰਮਨ ਔਲ਼ਖ, ਬਲਜੀਤ ਖੇਲਾ, ਕਮਲ ਬੈਂਸ, ਰਾਜਨ ਓਹਰੀ, ਰਮਨ ਬਰਾੜ, ਤੇਜਬੀਰ ਸਿੰਘ, ਗਗਨ ਪਾਰਟੋਲ, ਜਸਵਿੰਦਰ ਕਟਲੀ, ਅਮਰਜੀਤ ਖੇਲਾ, ਹੈਰੀ ਗਿੱਲ਼, ਸਿੱਪੀ ਗਰੇਵਾਲ ਨਵਰਾਜ ਔਜਲਾ,ਆਰਚੀ,ਅਮਨ ਸੋਢੀ, ਗੁਰਪਿੰਦਰ ਲਾਲੀ, ਮਨਪ੍ਰੀਤ ਚਾਹਲ, ਗੈਰੀ ਗਰੇਵਾਲ਼, ਦਿਲਜੋਤ ਰੰਧਾਵਾ, ਡਿੰਪੀ ਸੰਧੂ, ਜੈਕ ਭੋਲਾ, ਚਰਨਪ੍ਰਤਾਪ ਸਿੰਘ, ਰਿੰਕੂ, ਜੌਨੀ,ਮਲਵਿੰਦਰ ਪੰਧੇਰ, ਗੈਰੀ ਥਿੰਦ, ਨਵਜੋਤ ਸਿੰਘ ਰਕੇਸ਼ ਚੌਧਰੀ, ਜ਼ੀਰਾ, ਨਵਨੀਤ ਸਿੰਘ, ਸੱਤਪਾਲ ਢੀਂਗਰਾਂ ਗੈਰੀ ਔਲਖ, ਅਮਰਜੀਤ ਔਲਖ, ਹਰਿੰਦਰ ਸਿੰਘ, ਸੁਖਨਿੰਨਦਰ ਬਿੱਟੂ, ਸੁੱਖਾ, ਅਵਤਾਰ ਬਿੱਲੂ, ਰਾਹੁਲ ਜੇਤਲੀ, ਮਨਪ੍ਰੀਤ ਸਿੱਧੂ, ਸੁਨਿਤ ਖੋਸਲਾ, ਰਾਜੀਵ ਛੋਟੂ, ਗੋਲੂ ਪਰਮਜੀਤ ਰਾਠੌਰ ਅਤੇ ਹੋਰ ਮੌਜੂਦ ਸਨ ।
ਇਟਲੀ 'ਚ ਵਕੀਲ ਬਣੀ ਜੋਤੀ ਸਿੰਘ ਤੰਬਰ, ਅਪ੍ਰੈਲ 2019 ਨੂੰ ਕੀਤੀ ਵਕਾਲਤ ਦੀ ਡਿਗਰੀ
NEXT STORY