ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਕੋਰੋਨਾ ਲਾਗ ਦੀ ਬੀਮਾਰੀ ਦਾ ਕਹਿਰ ਜਾਰੀ ਹੈ। ਨਿਊ ਸਾਊਥ ਵੇਲਜ਼ ਦੇ ਕਾਰਜਕਾਰੀ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਜਾਣਕਾਰੀ ਦਿੰਦਿਆਂ ਅਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਰਾਜ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 4 ਨਵੇਂ ਅਤੇ ਕਮਿਊਨਿਟੀ ਟਰਾਂਸਫਰ ਦੇ ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਦੇ ਨਾਲ ਹੀ ਇੱਕ ਹੋਟਲ ਕੁਆਰੰਟੀਨ ਦਾ ਮਾਮਲਾ ਦੀ ਦਰਜ ਹੋਇਆ ਹੈ। ਰਾਜ ਵਿਚ ਕੋਰੋਨਾ ਮਾਮਲਿਆਂ ਦੀ ਕੁੱਲ ਗਿਣਤੀ 4,973 ਹੋ ਗਈ ਹੈ ਜਦਕਿ 54 ਮੌਤਾਂ ਹੋਈਆਂ ਹਨ। ਕੋਰੋਨਾ ਟੈਸਟਾਂ ਬਾਰੇ ਜਾਣਕਾਰੀ ਤਹਿਤ ਉਨ੍ਹਾਂ ਨੇ ਦੱਸਿਆ ਕਿ ਇਸੇ ਸਮੇਂ ਦੌਰਾਨ ਰਾਜ ਵਿਚ 32,667 ਟੈਸਟ ਕੀਤੇ ਗਏ ਹਨ। ਨਵੇਂ ਦਰਜ ਕੀਤੇ ਗਏ ਮਾਮਲਿਆਂ ਵਿਚ 2 ਤਾਂ ਬੈਰਾਲਾ ਕਲਸਟਰ ਨਾਲ ਸਬੰਧਤ ਹਨ, ਇੱਕ ਐਵਲੋਨ ਨਾਲ ਅਤੇ ਇੱਕ ਹੋਰ ਮਾਮਲਾ ਪੱਛਮੀ ਸਿਡਨੀ ਦੇ 30 ਸਾਲਾ ਇੱਕ ਵਿਅਕਤੀ ਦਾ ਹੈ।
ਬੈਰੀਲੈਰੋ ਨੇ ਲੋਕਾਂ ਨੂੰ ਭਾਰੀ ਗਿਣਤੀ ਵਿਚ ਆਪਣੇ ਕੋਰੋਨਾ ਟੈਸਟ ਕਰਵਾਉਣ ਲਈ ਧੰਨਵਾਦ ਅਤੇ ਵਧਾਈ ਵੀ ਦਿੱਤੀ ਅਤੇ ਕਿਹਾ ਕਿ ਟੈਸਟਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਪਰ ਅਸੀਂ ਹਾਲੇ ਵੀ 40,000 ਦਾ ਟੀਚਾ ਪ੍ਰਾਪਤ ਕਰਨਾ ਹੈ। ਇਸ ਲਈ ਲੋਕਾਂ ਤੋਂ ਸਹਿਯੋਗ ਦੀ ਪੂਰੀ ਆਸ ਹੈ। ਉਤਰੀ ਬੀਚਾਂ ਵਾਲੀਆਂ ਪਾਬੰਦੀਆਂ ਬਾਰੇ ਉਨ੍ਹਾਂ ਦੱਸਿਆ ਕਿ ਇਹ ਪਾਬੰਦੀਆਂ ਜਨਵਰੀ ਦੀ 9 ਤਾਰੀਖ਼ ਤੱਕ ਜਾਰੀ ਰਹਿਣਗੀਆਂ। ਮੁੱਖ ਸਿਹਤ ਅਧਿਕਾਰੀ ਡਾਕਟਰ ਕੈਰੀ ਚੈਂਟ ਨੇ ਵੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦਸੰਬਰ ਦੀ 20 ਤੋਂ 31 ਤਾਰੀਖ਼ ਤੱਕ ਜੇਕਰ ਕਿਸੇ ਨੇ ਵੀ ਬੈਰਾਲਾ ਦੇ ਬੀ.ਡਬਲਿਊ.ਐਸ. ਜਾਂ ਵੂਲਵਰਥਸ ਦਾ ਦੌਰਾ ਕੀਤਾ ਹੋਵੇ ਤਾਂ ਸਿਹਤ ਅਧਿਕਾਰੀਆਂ ਵੱਲੋਂ ਜਾਰੀ ਤਾਕੀਦਾਂ ਦਾ ਧਿਆਨ ਰੱਖੇ।
ਪੜ੍ਹੋ ਇਹ ਅਹਿਮ ਖਬਰ- ਭਾਰਤ, ਇਜ਼ਰਾਇਲ ਨੇ ਮੱਧਮ ਰੇਂਜ ਦੀ ਮਿਜ਼ਾਇਲ ਰੱਖਿਆ ਪ੍ਰਣਾਲੀ ਦਾ ਕੀਤਾ ਸਫਲ ਪਰੀਖਣ
ਉੱਧਰ ਵਿਕਟੋਰੀਆ ਵਿਚ ਕੋਰੋਨਾ ਦੇ ਤਿੰਨ ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਇੱਕ ਸਥਾਨਕ ਟਰਾਂਸਫਰ ਦਾ ਹੈ ਅਤੇ ਬਾਕੀ ਦੇ ਦੋ ਬਾਹਰੀ ਦੇਸ਼ਾਂ ਤੋਂ ਆਏ ਹਨ। ਇਨ੍ਹਾਂ 3 ਨਵੇਂ ਮਾਮਲਿਆਂ ਨਾਲ ਰਾਜ ਵਿਚ ਕੋਰੋਨਾ ਦੇ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 41 ਹੋ ਗਈ ਹੈ। ਇੱਥੇ ਹੁਣ ਤੱਕ 20,389 ਲੋਕ ਪੀੜਤ ਹਨ ਅਤੇ 820 ਲੋਕਾਂ ਦੀ ਮੌਤ ਹੋਈ ਹੈ। ਮੰਗਲਵਾਰ ਨੂੰ ਕੋਰੋਨਾ ਟੈਸਟਾਂ ਦੀ ਗਿਣਤੀ ਵਿਚ ਲਗਾਤਾਰ ਤੀਸਰੇ ਦਿਨ ਵੀ ਵਾਧਾ ਹੀ ਦਿਖਾਈ ਦਿੱਤਾ ਅਤੇ ਟੈਸਟਾਂ ਦੀ ਗਿਣਤੀ 37,509 ਤੱਕ ਪਹੁੰਚੀ। ਰਾਜ ਦੀ ਕੋਰੋਨਾ ਸੂਚੀ ਵਿਚ ਹੁਣ 100 ਥਾਵਾਂ ਦਰਜ ਹੋ ਚੁਕੀਆਂ ਹਨ ਅਤੇ ਇਨ੍ਹਾਂ ਥਾਵਾਂ ਵਿਚ ਹੁਣ ਮੈਲਬੌਰਨ ਦੀਆਂ ਦੋ ਕੱਪੜੇ ਦੀਆਂ ਦੁਕਾਨਾਂ ਅਤੇ ਇੱਕ ਸ਼੍ਰੀ ਲੰਕਾ ਦਾ ਰੈਸਟੋਰੈਂਟ ਆਦਿ ਸ਼ਾਮਿਲ ਹਨ।ਆਸਟ੍ਰੇਲੀਆ ਵਿਚ ਹੁਣ ਤੱਕ ਕੋਰੋਨਾ ਦੇ ਕੁੱਲ ਮਾਮਲੇ 28,532 ਹਨ ਜਦਕਿ 909 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਇਲਾਵਾ 25,788 ਲੋਕ ਠੀਕ ਵੀ ਹੋਏ ਹਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਭਾਰਤ, ਇਜ਼ਰਾਇਲ ਨੇ ਮੱਧਮ ਰੇਂਜ ਦੀ ਮਿਜ਼ਾਇਲ ਰੱਖਿਆ ਪ੍ਰਣਾਲੀ ਦਾ ਕੀਤਾ ਸਫਲ ਪਰੀਖਣ
NEXT STORY