ਮੈਲਬੌਰਨ (ਏਜੰਸੀ, ਮਨਦੀਪ ਸੈਣੀ)- ਭਾਰਤ ਅਤੇ ਆਸਟ੍ਰੇਲੀਆ ਨੇ ਦੁਵੱਲੇ ਸਬੰਧਾਂ ਨੂੰ ਨਵੀਂ ਮਜ਼ਬੂਤੀ ਦਿੰਦੇ ਹੋਏ ਸਿਵਲ ਪ੍ਰਮਾਣੂ ਊਰਜਾ, ਰੱਖਿਆ, ਸਮੁੰਦਰੀ ਸੁਰੱਖਿਆ, ਮਹੱਤਵਪੂਰਨ ਖਣਿਜ, ਸਾਈਬਰ ਟੈਕਨਾਲੋਜੀ ਅਤੇ ਵਪਾਰ ਸਮੇਤ 18 ਮਹੱਤਵਪੂਰਨ ਸਮਝੌਤਿਆਂ ’ਤੇ ਦਸਤਖ਼ਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਸਿਖਰ ਵਾਰਤਾ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਹਿੰਦ-ਪ੍ਰਸ਼ਾਂਤ ਖੇਤਰ ’ਚ ਸ਼ਾਂਤੀ, ਸਥਿਰਤਾ ਅਤੇ ਨਿਯਮ-ਆਧਾਰਿਤ ਵਿਵਸਥਾ ਨੂੰ ਮਜ਼ਬੂਤ ਬਣਾਉਣ ਦੀ ਸਾਂਝੀ ਵਚਨਬੱਧਤਾ ਦੁਹਰਾਈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਮਿਲ ਕੇ ਮਹੱਤਵਪੂਰਨ ਖਣਿਜ ਕਾਰੀਡੋਰ ਵਿਕਸਤ ਕਰਨਗੇ। ਨਾਲ ਹੀ ਕੋਕੋਸ (ਕੀਲਿੰਗ) ਟਾਪੂ ’ਤੇ ਪੁਲਾੜ ਟ੍ਰੈਕਿੰਗ ਕੇਂਦਰ ਸਥਾਪਤ ਕੀਤਾ ਜਾਵੇਗਾ, ਜਿਸ ਨਾਲ ਭਾਰਤ ਦੇ ਗਗਨਯਾਨ ਮਿਸ਼ਨ ਨੂੰ ਤਕਨੀਕੀ ਸਹਾਇਤਾ ਮਿਲੇਗੀ। ਭਾਵ ਆਸਟ੍ਰੇਲੀਆ ਨਾਲ ਰੱਖਿਆ ਤੋਂ ਲੈ ਕੇ ਪੁਲਾੜ ਤੱਕ ਭਾਈਵਾਲੀ ਮਜ਼ਬੂਤ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਲਾਉਣ ਦੀ ਆਸਟ੍ਰੇਲੀਆ ਦੀ ਪਹਿਲ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਇਸ ਦਿਸ਼ਾ ’ਚ ਆਸਟ੍ਰੇਲੀਆ ਦੇ ਤਜਰਬਿਆਂ ਤੋਂ ਸਿੱਖ ਰਿਹਾ ਹੈ।
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਦੱਸਿਆ ਕਿ ਸਾਲ 2015 ਦੇ ਭਾਰਤ-ਆਸਟ੍ਰੇਲੀਆ ਪ੍ਰਮਾਣੂ ਸਹਿਯੋਗ ਸਮਝੌਤੇ ਤਹਿਤ ਭਾਰਤ ਨੂੰ ਯੂਰੇਨੀਅਮ ਬਰਾਮਦ ਦੀ ਵਿਵਸਥਾ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਆਪਣੇ ਰਣਨੀਤਕ ਸਬੰਧਾਂ ਨੂੰ ਨਵੀਂ ਉਚਾਈ ’ਤੇ ਲੈ ਕੇ ਜਾਣ ਲਈ ਵਚਨਬੱਧ ਹਨ।
ਬੈਠਕ ਦੌਰਾਨ ਦੋਵਾਂ ਦੇਸ਼ਾਂ ਨੇ ਸਾਈਬਰ ਸੁਰੱਖਿਆ, ਮਹੱਤਵਪੂਰਨ ਟੈਕਨਾਲੋਜੀ ਅਤੇ ਸਪਲਾਈ ਚੇਨ ਭਾਈਵਾਲੀ (ਪੈਕਟਸ) ਸ਼ੁਰੂ ਕਰਨ ’ਤੇ ਵੀ ਸਹਿਮਤੀ ਪ੍ਰਗਟਾਈ। ਇਸ ਤਹਿਤ ਆਰਟੀਫੀਸ਼ੀਅਲ ਇੰਟੈਲੀਜੈਂਸ, ਕੁਆਂਟਮ ਕੰਪਿਊਟਿੰਗ, ਸੈਮੀਕੰਡਕਟਰ, ਸਾਈਬਰ ਸੁਰੱਖਿਆ ਅਤੇ ਡਿਜੀਟਲ ਬੁਨਿਆਦੀ ਢਾਂਚਾ ਵਰਗੇ ਖੇਤਰਾਂ ’ਚ ਸੰਯੁਕਤ ਖੋਜ ਅਤੇ ਸਹਿਯੋਗ ਨੂੰ ਉਤਸ਼ਾਹ ਦਿੱਤਾ ਜਾਵੇਗਾ।
ਭਾਰਤ-ਆਸਟ੍ਰੇਲੀਆ ਦਾ ਰਿਸ਼ਤਾ ਕ੍ਰਿਕਟ ਵਰਗਾ : ਮੋਦੀ
ਭਾਰਤ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀਆਂ ਨਰਿੰਦਰ ਮੋਦੀ ਅਤੇ ਐਂਥਨੀ ਅਲਬਨੀਜ਼ ਨੇ ਦੁਵੱਲੀ ਵਾਰਤਾ ਤੋਂ ਬਾਅਦ ਸੰਯੁਕਤ ਬਿਆਨ ਜਾਰੀ ਕਰਦੇ ਹੋਏ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਵਚਨਬੱਧਤਾ ਪ੍ਰਗਟਾਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਆਸਟ੍ਰੇਲੀਆ ਸਬੰਧਾਂ ਦੀ ਤੁਲਨਾ ਕ੍ਰਿਕਟ ਨਾਲ ਕਰਦੇ ਹੋਏ ਕਿਹਾ ਕਿ ਦੋਵਾਂ ਦੇਸ਼ਾਂ ਦਾ ਰਿਸ਼ਤਾ ਵਨ-ਡੇਅ ਵਾਂਗ ਸਪੱਸ਼ਟ ਟੀਚੇ ਵਾਲਾ, ਟੀ-20 ਵਾਂਗ ਤੇਜ਼ ਫ਼ੈਸਲੇ ਲੈਣ ਵਾਲਾ ਅਤੇ ਟੈਸਟ ਮੈਚ ਵਾਂਗ ਲੰਬਾ, ਮਜ਼ਬੂਤ ਤਰ੍ਹਾਂ ਭਰੋਸੇਮੰਦ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਹਰ ਮੁਲਾਕਾਤ ਭਾਈਵਾਲੀ ਨੂੰ ਨਵੀਂ ਉਚਾਈ ਦੇਣ ਦਾ ਮੌਕਾ ਬਣ ਰਹੀ ਹੈ।
ਪ੍ਰਧਾਨ ਮੰਤਰੀ ਮੋਦੀ ਦੇ ਆਕਲੈਂਡ ਦੌਰੇ ਨਾਲ ਭਾਰਤ-ਨਿਊਜ਼ੀਲੈਂਡ ਦੇ ਸਬੰਧਾਂ ਨੂੰ ਮਿਲੀ ਮਜ਼ਬੂਤੀ
NEXT STORY