ਅਯੁੱਧਿਆ (ਉ. ਪ੍ਰ.), (ਏਜੰਸੀ)-ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਹੁਦੇ ਲਈ ਚੋਣ ਕਮੇਟੀ ਨੇ 18 ਉਮੀਦਵਾਰਾਂ ਨੂੰ ਇੰਟਰਵਿਊ ਲਈ ਚੁਣਿਆ ਹੈ। ਮੰਦਰ ਦੇ ਸੂਤਰਾਂ ਨੇ ਦੱਸਿਆ ਕਿ ਇਸ ਅਹੁਦੇ ਲਈ 5,300 ਤੋਂ ਵੱਧ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਪ੍ਰਸ਼ਾਸਨਿਕ ਤਜਰਬਾ ਰੱਖਣ ਵਾਲੇ ਉਮੀਦਵਾਰਾਂ ਨੂੰ ਪਹਿਲ ਮਿਲਣ ਦੀ ਸੰਭਾਵਨਾ ਹੈ। ਚੁਣੇ ਗਏ ਉਮੀਦਵਾਰਾਂ ਦੀ 11 ਅਤੇ 12 ਅਗਸਤ ਨੂੰ ਮੰਦਰ ਕੰਪਲੈਕਸ ’ਚ ਇੰਟਰਵਿਊ ਲਈ ਜਾਵੇਗੀ। ਇਸ ਤੋਂ ਬਾਅਦ 2 ਸਤੰਬਰ ਨੂੰ ਹੋਣ ਵਾਲੀ ਟਰੱਸਟ ਦੀ ਅਧਿਕਾਰਤ ਬੈਠਕ ’ਚ ਸੀ. ਈ. ਓ. ਅਹੁਦੇ ਲਈ ਅੰਤਿਮ ਵਿਅਕਤੀ ਦਾ ਫੈਸਲਾ ਕੀਤਾ ਜਾਵੇਗਾ।
ਇੰਟਰਵਿਊ ਲੈਣ ਵਾਲੇ ਪੈਨਲ ’ਚ ਜਸਟਿਸ (ਸੇਵਾਮੁਕਤ) ਪ੍ਰਮੋਦ ਕੋਹਲੀ, ਲੈਫਟੀਨੈਂਟ ਜਨਰਲ (ਸੇਵਾਮੁਕਤ) ਵਿਸ਼ਨੂੰਕਾਂਤ ਚਤੁਰਵੇਦੀ ਅਤੇ ਸ਼ਿਰਡੀ ਸਾਈਂ ਬਾਬਾ ਟਰੱਸਟ ਦੇ ਸਾਬਕਾ ਪ੍ਰਧਾਨ ਸੁਰੇਸ਼ ਹਵਾਰੇ ਸ਼ਾਮਲ ਹੋਣਗੇ। ਸੂਤਰਾਂ ਨੇ ਦੱਸਿਆ ਕਿ ਸੀ. ਈ. ਓ. ਦਾ ਮੁੱਖ ਕੰਮ ਮੰਦਰ ਦੇ ਕੰਮ-ਕਾਜ ਦਾ ਪ੍ਰਬੰਧਨ ਦੇਖਣਾ ਹੋਵੇਗਾ, ਇਸ ਲਈ ਉਮੀਦਵਾਰ ਕੋਲ ਪ੍ਰਬੰਧਨ ਦਾ ਬਿਹਤਰ ਤਜਰਬਾ ਹੋਣਾ ਜ਼ਰੂਰੀ ਹੈ। ਮੰਦਰ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਚੁਣੇ ਗਏ ਉਮੀਦਵਾਰ ਦਾ ਹਿੰਦੂ ਹੋਣਾ ਅਤੇ ਹਿੰਦੂ ਧਰਮ ਦੀਆਂ ਸਾਰੀਆਂ ਪ੍ਰੰਪਰਾਵਾਂ ਅਤੇ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੈ, ਜਿਸ ’ਚ ਪੂਰੀ ਤਰ੍ਹਾਂ ਸ਼ਾਕਾਹਾਰੀ ਹੋਣਾ ਅਤੇ ਸ਼ਰਾਬ ਜਾਂ ਨਸ਼ੇ ਤੋਂ ਦੂਰ ਰਹਿਣਾ ਸ਼ਾਮਲ ਹੈ।
ਸੂਤਰਾਂ ਨੇ ਦੱਸਿਆ ਕਿ ਉਮਰ ਹੱਦ 50 ਤੋਂ 70 ਸਾਲ ਤੈਅ ਕੀਤੀ ਗਈ ਹੈ। ਟਰੱਸਟ ਦੇ ਅਧਿਕਾਰੀਆਂ ਨੇ ਜੂਨ ਦੇ ਪਹਿਲੇ ਹਫ਼ਤੇ ਰਾਮ ਮੰਦਰ ’ਚ ਚੜ੍ਹਾਵਾ ਚੋਰੀ ਦੇ ਦੋਸ਼ ਲੱਗਣ ਤੋਂ ਬਾਅਦ ਇਕ ਸੀ. ਈ. ਓ. ਨਿਯੁਕਤ ਕਰਨ ਦਾ ਫੈਸਲਾ ਕੀਤਾ ਸੀ। ਉੱਤਰ ਪ੍ਰਦੇਸ਼ ਸਰਕਾਰ ਨੇ ਦੋਸ਼ਾਂ ਦੀ ਜਾਂਚ ਲਈ 13 ਜੂਨ ਨੂੰ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦਾ ਗਠਨ ਕੀਤਾ ਸੀ ਅਤੇ ਸ਼ੁਰੂਆਤ ’ਚ ਉਸ ਨੂੰ ਜਾਂਚ ਪੂਰੀ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਗਿਆ ਸੀ।
ਨੌਜਵਾਨ ਦਾ ਸਿਰ ਮੁੰਨਣ ਤੋਂ ਬਾਅਦ ਜੁੱਤੀਆਂ ਦਾ ਹਾਰ ਪਾ ਕੇ ਪਿੰਡ ’ਚ ਘੁਮਾਇਆ, ਹੈਰਾਨ ਕਰੇਗਾ ਮਾਮਲਾ
NEXT STORY