ਡੇਟਨ/ਅਮਰੀਕਾ (ਰਾਜ ਗੋਗਨਾ) : ਅਮਰੀਕਾ ਦੇ ਓਹੀਓ ਸੂਬੇ ਦੇ ਪ੍ਰਸਿੱਧ ਸ਼ਹਿਰ ਡੇਟਨ ਦੇ ਸਿੱਖ ਸੁਸਾਇਟੀ ਆਫ਼ ਡੇਟਨ ਦੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹੇਮ ਸਿੰਘ ਦੇ ਜਥੇ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਇੰਡੀਅਨ ਐਪਲਿਸ ਤੋਂ ਆਏ ਭਾਈ ਮਨਜੀਤ ਸਿੰਘ ਨੇ ਰਾਗਾਂ ਵਿੱਚ ਕੀਰਤਨ ਕੀਤਾ ਤੇ ਬਾਬਾ ਗੁਰਦਿੱਤਾ ਜੀ ਦੇ ਜੀਵਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਭਾਈ ਜਸਵਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਤੇ ਭਾਈ ਲਖਵਿੰਦਰ ਸਿੰਘ ਦੇ ਢਾਡੀ ਜਥੇ ਨੇ ਬਾਬਾ ਗੁਰਦਿੱਤਾ ਜੀ ਦੀਆਂ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਤਬਲੇ ਦੀ ਸੇਵਾ ਜਤਿਨ ਸਿੰਘ ਤੇ ਕਰਨਵੀਰ ਸਿੰਘ ਨੇ ਨਿਭਾਈ। ਬੱਚਿਆਂ ਵੱਲੋਂ ਕੀਰਤਨ ਗਾਇਨ ਕੀਤਾ ਗਿਆ।
ਇਹ ਵੀ ਪੜ੍ਹੋ : ਬਾਰਾਮੂਲਾ 'ਚ ਅੱਤਵਾਦੀ ਮੁਕਾਬਲੇ 'ਚ ਹਿਮਾਚਲ ਦਾ ਜਵਾਨ ਸ਼ਹੀਦ, 3 ਭੈਣਾਂ ਦਾ ਸੀ ਇਕਲੌਤਾ ਭਰਾ
ਬਾਬਾ ਗੁਰਦਿੱਤਾ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਭ ਤੋਂ ਵੱਡੇ ਸਪੁੱਤਰ, ਸੱਤਵੇਂ ਗੁਰੂ ਸ੍ਰੀ ਹਰਿ ਰਾਇ ਜੀ ਦੇ ਪਿਤਾ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਡੇ ਭਰਾ ਸਨ। ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਉਨ੍ਹਾਂ ਦੇ ਪੜਦਾਦਾ ਤੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਉਨ੍ਹਾਂ ਦੇ ਦਾਦਾ ਸਨ। ਉਨ੍ਹਾਂ ਦਾ ਜਨਮ 15 ਨਵੰਬਰ 1613 ਈ. ਨੂੰ ਡਰੋਲੀ ਭਾਈ ਜ਼ਿਲ੍ਹਾ ਫਿਰੋਜ਼ਪੁਰ 'ਚ ਹੋਇਆ। ਇਸ ਮੌਕੇ ਉਨ੍ਹਾਂ ਦੀ ਜੀਵਨੀ ਬਾਰੇ ਕੁਲਦੀਪ ਸਿੰਘ ਕਾਮਿਲ ਤੇ ਡਾ. ਚਰਨਜੀਤ ਸਿੰਘ ਗੁੰਮਟਾਲਾ ਦੀ ਲਿਖੀ ਪੁਸਤਕ ‘ਬਾਬਾ ਗੁਰਦਿੱਤਾ ਜੀ’ ਰਿਲੀਜ਼ ਕੀਤੀ ਗਈ, ਜੋ ਕਿ ਪੰਜਾਬੀ ਵਿਰਸਾ ਟਰੱਸਟ (ਰਜਿ.) ਫਗਵਾੜਾ (ਕਪੂਰਥਲਾ) ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਪੁਸਤਕ ਬਾਰੇ ਸੰਖੇਪ ਜਾਣਕਾਰੀ ਪ੍ਰੋ. ਤਰਲੋਚਨ ਸਿੰਘ ਸੰਧਾਵਾਲੀਆ ਨੇ ਦਿੱਤੀ। ਪ੍ਰਸਿੱਧ ਪੱਤਰਕਾਰ ਗੁਰਮੀਤ ਪਲਾਈ ਦਾ ਇਸ ਪੁਸਤਕ ਨੂੰ ਛਪਵਾਉਣ ਵਿਚ ਵਿਸ਼ੇਸ਼ ਯੋਗਦਾਨ ਰਿਹਾ।
ਇਹ ਵੀ ਪੜ੍ਹੋ : ਅਕਾਲੀ ਦਲ ਦਾ ਹਰਿਆਣਾ ਸਰਕਾਰ ’ਤੇ ਹਮਲਾ, ਕਿਹਾ- ਗੁਰਦੁਆਰਾ ਕਮੇਟੀ ’ਤੇ ਅਸਿੱਧੇ ਢੰਗ ਨਾਲ ਕੀਤਾ ਕਬਜ਼ਾ
ਡੇਟਨ ਤੋਂ ਇਲਾਵਾ ਸਿਨਸਿਨਾਟੀ, ਹੋਰਨਾਂ ਸੂਬਿਆਂ ਅਤੇ ਕੈਨੇਡਾ ਤੋਂ ਵੀ ਸੰਗਤ ਨੇ ਇਸ ਦੀਵਾਨ ਵਿਚ ਹਾਜ਼ਰੀ ਭਰੀ। ਸਪਰਿੰਗਫੀਲਡ ਦੇ ਉੱਘੇ ਕਾਰੋਬਾਰੀ ਅਵਤਾਰ ਸਿੰਘ ਜੋ ਕਿ ਪਿੰਡ ਲੁਹਾਰਾਂ ਜ਼ਿਲ੍ਹਾ ਜਲੰਧਰ ਦੇ ਜੰਮਪਲ ਹਨ, ਜਿੱਥੇ ਬਾਬਾ ਗੁਰਦਿੱਤਾ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਹੈ, ਦੇ ਪਰਿਵਾਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 1993 ਤੋਂ ਇਹ ਦਿਹਾੜਾ ਹਰ ਸਾਲ ਮਨਾਇਆ ਜਾ ਰਿਹਾ। ਅਵਤਾਰ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਸਮੂਹ ਸੇਵਾਦਾਰਾਂ ਅਤੇ ਸੰਗਤ ਦਾ ਧੰਨਵਾਦ ਕੀਤਾ। ਫੋਟੋਗ੍ਰਾਫਰੀ ਦੀ ਸੇਵਾ ਸੁਨੀਲ ਮੱਲ੍ਹੀ ਨੇ ਨਿਭਾਈ। ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਭਾਰਤ ਦੀ ਤਾਰੀਫ਼ ਕਰ ਕੇ ਇਮਰਾਨ ਖ਼ਾਨ ਨੇ ਦਿਖਾਏ ਤਿੱਖੇ ਤੇਵਰ, ਕਿਹਾ-ISI ਦੀ ਖੋਲ੍ਹ ਦੇਵਾਂਗਾ ਪੋਲ
NEXT STORY