ਬੀਜਿੰਗ: ਚੀਨ ਸਰਕਾਰ ਵੱਲੋਂ ਵਿਦਿਆਰਥੀਆਂ 'ਤੇ ਪੜ੍ਹਾਈ ਦਾ ਬੋਝ ਘਟਾਉਣ ਅਤੇ ਮਾਪਿਆਂ ਦੇ ਖਰਚੇ ਘੱਟ ਕਰਨ ਲਈ ਪ੍ਰਾਈਵੇਟ ਟਿਊਸ਼ਨਾਂ ਅਤੇ ਕੋਚਿੰਗ ਸੈਂਟਰਾਂ 'ਤੇ ਲਗਾਈ ਗਈ ਪਾਬੰਦੀ ਦਾ ਉਲਟ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪ੍ਰਸਿੱਧ ਅੰਤਰਰਾਸ਼ਟਰੀ ਰਸਾਲੇ 'ਦ ਇਕਾਨੋਮਿਸਟ' ਦੀ ਰਿਪੋਰਟ ਮੁਤਾਬਕ, ਸਰਕਾਰੀ ਸਖ਼ਤੀ ਦੇ ਬਾਵਜੂਦ ਚੀਨ 'ਚ ਟਿਊਸ਼ਨਾਂ ਦੀ ਮੰਗ ਘੱਟ ਨਹੀਂ ਹੋਈ, ਸਗੋਂ ਇਸ ਨੇ ਇੱਕ ਨਵੇਂ 'ਬਲੈਕ ਮਾਰਕੀਟ' ਨੂੰ ਜਨਮ ਦੇ ਦਿੱਤਾ ਹੈ। ਟਿਊਸ਼ਨ 'ਤੇ ਲੱਗੀ ਪਾਬੰਦੀ ਤੋਂ ਬਚਣ ਲਈ ਅਧਿਆਪਕਾਂ ਅਤੇ ਟਿਊਸ਼ਨ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਨੇ ਨਵੇਂ-ਨਵੇਂ ਰਸਤੇ ਲੱਭ ਲਏ ਹਨ। ਗਣਿਤ (Maths) ਦੀਆਂ ਕਲਾਸਾਂ ਨੂੰ 'ਲੋਜਿਕ/ਥਿੰਕਿੰਗ' ਅਤੇ ਅੰਗਰੇਜ਼ੀ ਦੀਆਂ ਕਲਾਸਾਂ ਨੂੰ 'ਡਰਾਮਾ ਜਾਂ ਹੋਸਟਿੰਗ' ਦੇ ਨਾਂ ਹੇਠ ਪੜ੍ਹਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਬਹੁਤ ਸਾਰੇ ਅਧਿਆਪਕ ਘਰਾਂ, ਕੈਫੇ ਜਾਂ ਗੁਪਤ ਥਾਵਾਂ 'ਤੇ ਜਾ ਕੇ ਹੋਮ-ਟਿਊਸ਼ਨਾਂ ਦੇ ਰਹੇ ਹਨ।
ਰਿਪੋਰਟ ਅਨੁਸਾਰ, ਇਸ ਦਾ ਸਭ ਤੋਂ ਵੱਡਾ ਕਾਰਨ ਚੀਨ ਦੀ ਬੇਹੱਦ ਪ੍ਰਤੀਯੋਗੀ ਪ੍ਰੀਖਿਆ 'ਗਾਓਕਾਓ' ਹੈ। ਚੰਗੇ ਕਾਲਜ 'ਚ ਦਾਖਲਾ ਅਤੇ ਭਵਿੱਖ 'ਚ ਵਧੀਆ ਨੌਕਰੀ ਪ੍ਰਾਪਤ ਕਰਨ ਲਈ 'ਗਾਓਕਾਓ' 'ਚ ਚੰਗੇ ਨੰਬਰ ਲੈਣਾ ਬਹੁਤ ਜ਼ਰੂਰੀ ਹੈ। ਇਸ ਲਈ, ਪਾਬੰਦੀਆਂ ਦੇ ਬਾਵਜੂਦ ਮਾਪੇ ਆਪਣੇ ਬੱਚਿਆਂ ਦੀਆਂ ਟਿਊਸ਼ਨਾਂ ਬੰਦ ਕਰਨ ਲਈ ਤਿਆਰ ਨਹੀਂ ਹਨ। ਬੈਨ ਲੱਗਣ ਤੋਂ ਬਾਅਦ ਪ੍ਰਾਈਵੇਟ ਟਿਊਟਰਾਂ ਦੀ ਘਾਟ ਹੋ ਗਈ ਹੈ, ਜਿਸ ਕਾਰਨ ਬਲੈਕ ਮਾਰਕੀਟ 'ਚ ਟਿਊਸ਼ਨਾਂ ਦੀਆਂ ਫੀਸਾਂ ਅਸਮਾਨੀਂ ਛੂਹ ਰਹੀਆਂ ਹਨ। ਜਿੱਥੇ ਪਹਿਲਾਂ ਆਮ ਪਰਿਵਾਰ ਗਰੁੱਪ ਕਲਾਸਾਂ ਰਾਹੀਂ ਸਸਤੀ ਪੜ੍ਹਾਈ ਕਰਵਾ ਲੈਂਦੇ ਸਨ, ਹੁਣ ਫੀਸਾਂ ਇੰਨੀਆਂ ਜ਼ਿਆਦਾ ਹੋ ਗਈਆਂ ਹਨ ਕਿ ਸਿਰਫ਼ ਅਮੀਰ ਪਰਿਵਾਰ ਹੀ ਇਨ੍ਹਾਂ ਦਾ ਖਰਚਾ ਚੁੱਕ ਸਕਦੇ ਹਨ। ਇਸ ਨਾਲ ਗਰੀਬ ਅਤੇ ਮੱਧਮ ਵਰਗ ਦੇ ਬੱਚੇ ਅਕਾਦਮਿਕ ਮੁਕਾਬਲੇ 'ਚ ਪਿੱਛੇ ਛੁੱਟ ਰਹੇ ਹਨ।
KP ਦੇ CM ਸਣੇ ਇਮਰਾਨ ਖਾਨ ਦੀ ਪਾਰਟੀ ਦੇ 24 ਸੰਸਦ ਮੈਂਬਰਾਂ ਦੇ ਪਾਸਪੋਰਟ ਬਲਾਕ !
NEXT STORY