ਇੰਟਰਨੈਸ਼ਨਲ ਡੈਸਕ : ਚੀਨ ਦੀਆਂ ਧਮਕੀਆਂ ਦਰਮਿਆਨ ਰਾਸ਼ਟਰਪਤੀ ਜੋਅ ਬਾਈਡੇਨ ਨੇ ਬੁੱਧਵਾਰ ਸਾਬਕਾ ਅਮਰੀਕੀ ਅਧਿਕਾਰੀਆ ਦਾ ਇਕ ਗੈਰ-ਰਸਮੀ ਵਫਦ ਤਾਈਵਾਨ ਭੇਜਿਆ। ਤਾਈਪੇ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵਫਦ ’ਚ ਸਾਬਕਾ ਸੰਸਦ ਮੈਂਬਰ ਸੇਨ ਕ੍ਰਿਸ ਡੋਡ, ਵਿਦੇਸ਼ ਵਿਭਾਗ ਦੇ ਸਾਬਕਾ ਸੀਨੀਅਰ ਅਧਿਕਾਰੀ ਰਿਚਰਡ ਆਰਮਿਟੇਜ ਤੇ ਜੇਮਸ ਸਟਾਈਨਬਰਗ ਸ਼ਾਮਲ ਹਨ। ਇਹ ਵਫਦ ਬੁੱਧਵਾਰ ਦੁਪਹਿਰ ਨੂੰ ਤਾਈਪੇ ਪਹੁੰਚੇਗਾ। ਰਾਸ਼ਟਰਪਤੀ ਦਫਤਰ ਦੇ ਬੁਲਾਰੇ ਜੇਵੀਅਰ ਚਾਂਗ ਨੇ ਕਿਹਾ,‘‘ਅਮਰੀਕੀ ਅਧਿਕਾਰੀਆਂ ਦੀ ਮੁੜ ਤਾਈਵਾਨ ਯਾਤਰਾ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਸਬੰਧਾਂ ਨੂੰ ਪ੍ਰਦਰਸ਼ਿਤ ਕਰਦੀ ਹੈ।’’
ਦੱਸ ਦੇਈਏ ਕਿ 23 ਮਿਲੀਅਨ ਲੋਕਾਂ ਦੀ ਆਬਾਦੀ ਵਾਲੇ ਤਾਈਵਾਨ ਦੀਪ ’ਤੇ ਚੀਨ ਆਪਣਾ ਦਾਅਵਾ ਕਰਦਾ ਰਿਹਾ ਹੈ, ਜਿਸ ਕਾਰਨ ਦੋਵਾਂ ਦੇਸ਼ਾਂ ਦਰਮਿਆਨ ਕਾਫ਼ੀ ਤਣਾਅਪੂਰਣ ਸਬੰਧ ਚੱਲ ਰਹੇ ਹਨ। ਇਸ ਤੋਂ ਇਲਾਵਾ ਅਮਰੀਕਾ ਵਲੋਂ ਤਾਈਵਾਨ ਨੂੰ ਸਮਰਥਨ ਦੇਣਾ ਬੀਜਿੰਗ ਨੂੰ ਰੜਕ ਰਿਹਾ ਹੈ। ਇਹੀ ਵਜ੍ਹਾ ਹੈ ਕਿ ਚੀਨ ਵਾਰ-ਵਾਰ ਤਾਈਪੇ ਤੇ ਵਾਸ਼ਿੰਗਟਨ ਨੂੰ ਧਮਕੀਆਂ ਦੇ ਕੇ ਆਪਣੀ ਭੜਾਸ ਕੱਢ ਰਿਹਾ ਹੈ। ਬੀਜਿੰਗ ਤਾਈਵਾਨ ਨੂੰ ਆਪਣੇ ਖੇਤਰ ਦੇ ਤੌਰ ’ਤੇ ਦਾਅਵਾ ਕਰਦਾ ਹੈ, ਹਾਲਾਂਕਿ ਇਹ ਸੱਤ ਦਹਾਕਿਆਂ ਤੋਂ ਵੱਧ ਸਮੇਂ ਤੋਂ ਵੱਖਰਾ ਸ਼ਾਸਿਤ ਦੇਸ਼ ਹੈ।
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸਹੁੰ ਖਾਧੀ ਹੈ ਕਿ ਬੀਜਿੰਗ ਕਦੀ ਵੀ ਤਾਈਵਾਨ ਨੂੰ ਆਜ਼ਾਦ ਨਹੀਂ ਹੋਣ ਦੇਵੇਗਾ ਤੇ ਜੇ ਜ਼ਰੂਰਤ ਹੋਈ ਤਾਂ ਬਿਨਾਂ ਕਿਸੇ ਸੰਕੋਚ ਤੋਂ ਤਾਕਤ ਦੀ ਵਰਤੋਂ ਕਰੇਗਾ। ਤਾਈਵਾਨ ਦੇ ਰੱਖਿਆ ਮੰਤਰਾਲਾ ਅਨੁਸਾਰ ਸਤੰਬਰ ਤੋਂ ਚੀਨ ਨੇ ਉਸ ਦੇ ਖੇਤਰ ’ਚ ਫੌਜੀ ਘੁਸਪੈਠ ਵਧਾ ਦਿੱਤੀ ਹੈ। ਸੋਮਵਾਰ ਨੂੰ ਵੀ ਚੀਨ ਨੇ ਤਾਈਵਾਨ ਦੇ ਹਵਾਈ ਰੱਖਿਆ ਖੇਤਰ ’ਚ 25 ਲੜਾਕੂ ਜਹਾਜ਼ ਭੇਜੇ। ਚੀਨ ਦੀਆਂ ਇਨ੍ਹਾਂ ਹਰਕਤਾਂ ’ਤੇ ਚਿੰਤਾ ਜਤਾਉਂਦਿਆਂ ਅਮਰੀਕੀ ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਕਿਹਾ ਕਿ ਚੀਨ ਦੀਆਂ ਹਮਲਾਵਰ ਗਤੀਵਿਧੀਆਂ ਅਸਲ ’ਚ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਚੀਨ ਜਾਣਬੁੱਝ ਕੇ ਤਾਈਵਾਨ ’ਚ ਤਣਾਅ ਵਧਾਉਣ ਲਈ ਹਮਲਾਵਰ ਕਾਰਵਾਈਆਂ ਕਰ ਰਿਹਾ ਹੈ।
ਅਫਗਾਨਿਸਤਾਨ ’ਚ ਬਚੇ ਆਪਣੇ 80 ਫ਼ੌਜੀਆਂ ਨੂੰ ਵਾਪਸ ਸੱਦੇਗਾ ਆਸਟ੍ਰੇਲੀਆ
NEXT STORY