ਲੰਡਨ (ਵਿਸ਼ੇਸ਼)– ਭਾਰਤ ਤੋਂ ਬਾਅਦ ਹੁਣ ਯੂ. ਕੇ. ਵੀ ਚੀਨ ਦੀ ਟੈਲੀਕਾਮ ਕੰਪਨੀ ਹੁਵਾਵੇਈ ਨੂੰ ਬ੍ਰਿਟੇਨ ਦੇ 5ਜੀ ਨੈੱਟਵਰਕ ਤੋਂ ਬਾਹਰ ਦਾ ਰਸਤਾ ਦਿਖਾਉਣ ਦੀ ਤਿਆਰੀ ਕਰ ਰਿਹਾ ਹੈ। ਅਮਰੀਕਾ ਨੇ ਪਹਿਲਾਂ ਤੋਂ ਹੀ ਚੀਨ ਦੀਆਂ ਕੰਪਨੀਆਂ ’ਤੇ ਵਿੱਤੀ ਰੋਕ ਲਗਾਉਣ ਦਾ ਐਲਾਨ ਕੀਤਾ ਹੋਇਆ ਹੈ।
ਯੂ. ਕੇ. ਦੇ ਸਰਕਾਰੀ ਅਧਿਕਾਰੀਆਂ ਨੇ ਅਮਰੀਕਾ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਚੀਨ ਦੀ ਇਸ ਕੰਪਨੀ ’ਤੇ ਗੰਭੀਰ ਸਵਾਲ ਉਠਾਏ ਹਨ। ਸਰਕਾਰੀ ਰਿਪੋਰਟ ’ਚ ਯੂ. ਕੇ. ਦੇ 5ਜੀ ਨੈੱਟਵਰਕ ’ਚ ਸੀਮਤ ਭੂਮਿਕਾ ਨਿਭਾਉਣ ਵਾਲੇ ਹੁਵਾਵੇਈ ਦੇ ਉਤਪਾਦਾਂ ਦਾ ਇਸਤੇਮਾਲ ਜਾਰੀ ਰੱਖਣ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਗਈ ਹੈ।
ਰਿਪੋਰਟ ’ਚ ਲਿਖਿਆ ਗਿਆ ਹੈ ਕਿ ਅਮਰੀਕਾ ਦੀਆਂ ਪਾਬੰਦੀਆਂ ਤੋਂ ਬਾਅਦ ਹੁਵਾਵੇਈ ਨੂੰ ਹੁਣ ਸੈਮੀ ਕੰਡਕਟਰਸ ਦੇ ਨਿਰਮਾਣ ਦੀ ਬਦਲ ਵਿਵਸਥਾ ਕਰਨੀ ਹੋਵੇਗੀ ਅਤੇ ਇਹ ਸੈਮੀ ਕੰਡਕਟਰਸ ਸੁਰੱਖਿਆ ਦੇ ਲਿਹਾਜ ਨਾਲ ਖਤਰਨਾਕ ਵੀ ਹੋ ਸਕਦੇ ਹਨ, ਹਾਲਾਂਕਿ ਇਹ ਸਪੱਸ਼ਟ ਕੀਤਾ ਗਿਆ ਹੈ ਕਿ 5ਜੀ ਨੈੱਟਵਰਕ ’ਚ ਪਹਿਲਾਂ ਤੋਂ ਕੰਮ ਕਰ ਰਹੇ ਇਕਵ੍ਹਿਪਮੈਂਟਸ ਨਹੀਂ ਹਟਾਏ ਜਾਣਗੇ ਪਰ ਕੰਪਨੀ ਤੋਂ ਨਵੀਂ ਖਰੀਦ ਰੋਕੀ ਜਾਵੇਗੀ ਕਿਉਂਕਿ ਨਵੇਂ ਯੰਤਰਾਂ ’ਚ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਹੈ। ਇਸ ਤੋਂ ਪਹਿਲਾਂ ਯੂ. ਕੇ. ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪਿਛਲੇ ਹਫਤੇ ਕਿਹਾ ਸੀ ਕਿ ਯੂ. ਕੇ. ਨੂੰ ਸਪਲਾਈ ਕੀਤੇ ਜਾ ਰਹੇ ਯੰਤਰਾਂ ਕਾਰਣ ਸੁਰੱਖਿਆ ’ਚ ਲੱਗਣ ਵਾਲੀ ਸੰਨ੍ਹ ਬਾਰੇ ਸਰਕਾਰ ਚਿੰਤਤ ਹੈ।
ਹਾਂਗਕਾਂਗ ’ਚ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਲੈ ਕੇ ਵੀ ਵਧੀ ਚਿੰਤਾ
ਚੀਨ ਵਲੋਂ ਹਾਂਗਕਾਂਗ ’ਚ ਲਾਗੂ ਕੀਤੇ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਲੈ ਕੇ ਵੀ ਦੋਹਾਂ ਦੇਸ਼ਾਂ ਦਰਮਿਆਨ ਤਲਖੀ ਵਧੀ ਹੈ। ਇਸ ਨੂੰ ਵੀ ਬੋਰਿਸ ਪ੍ਰਸ਼ਾਸਨ ਵਲੋਂ ਚੀਨੀ ਕੰਪਨੀ ਦੇ ਖਿਲਾਫ ਮੋਰਚਾ ਖੋਲ੍ਹਣ ਦਾ ਇਕ ਕਾਰਣ ਮੰਨਿਆ ਜਾ ਰਿਹਾ ਹੈ। ਚੀਨ ਵਲੋਂ ਹਾਂਗਕਾਂਗ ’ਤੇ ਥੋਪੇ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਯੂ. ਕੇ. ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਯੂ. ਕੇ. ਅਤੇ ਚੀਨ ਦਰਮਿਆਨ ਹੋਏ ਸਮਝੌਤੇ ਦੀ ਉਲੰਘਣਾ ਦੱਸਿਆ ਸੀ। ਹਾਂਗਕਾਂਗ ਦੇ 30 ਲੱਖ ਲੋਕਾਂ ਨੂੰ ਯੂ. ਕੇ. ਦੀ ਨਾਗਰਿਕਤਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਸ ਮਾਮਲੇ ਨੂੰ ਲੈ ਕੇ ਦੋਹਾਂ ਦੇਸ਼ਾਂ ਦਰਮਿਆਨ ਤਲਵਾਰਾਂ ਖਿੱਚੀਆਂ ਹੋਈਆਂ ਹਨ ਅਤੇ ਚੀਨ ਦਾ ਸਰਕਾਰੀ ਮੀਡੀਆ ਇਸ ਮੁੱਦੇ ’ਤੇ ਲਗਾਤਾਰ ਯੂ. ਕੇ. ਦੀ ਆਲੋਚਨਾ ਕਰ ਰਿਹਾ ਹੈ।
ਕੋਰੋਨਾ ਲਾਗ 'ਚ ਤੇਜ਼ੀ ਦੇ ਚੱਲਦੇ ਆਸਟ੍ਰੇਲੀਆ ਦੇ ਇਨ੍ਹਾਂ ਸੂਬਿਆਂ ਦੀਆਂ ਸਰਹੱਦਾਂ ਬੰਦ
NEXT STORY