ਸੋਫੀਆ (ਏਜੰਸੀ) : ਬੁਲਗਾਰੀਆ ਦੇ ਰਾਸ਼ਟਰਪਤੀ ਰੂਮੇਨ ਰਾਦੇਵ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਰਾਦੇਵ ਦੇ ਇਸ ਫੈਸਲੇ ਨੇ ਦੇਸ਼ ਦੀ ਰਾਜਨੀਤੀ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ, ਕਿਉਂਕਿ ਇਹ ਦੇਸ਼ ਦੇ ਉੱਤਰ-ਸਾਮਵਾਦੀ ਇਤਿਹਾਸ ਵਿੱਚ ਕਿਸੇ ਰਾਸ਼ਟਰਪਤੀ ਦਾ ਪਹਿਲਾ ਅਸਤੀਫਾ ਹੈ।
ਕਿਉਂ ਲਿਆ ਅਸਤੀਫੇ ਦਾ ਫੈਸਲਾ?
ਰਾਸ਼ਟਰਪਤੀ ਰਾਦੇਵ ਨੇ ਟੈਲੀਵਿਜ਼ਨ 'ਤੇ ਦਿੱਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਮੰਗਲਵਾਰ ਨੂੰ ਰਸਮੀ ਤੌਰ 'ਤੇ ਆਪਣਾ ਅਸਤੀਫਾ ਸੰਵਿਧਾਨਕ ਅਦਾਲਤ ਨੂੰ ਸੌਂਪਣਗੇ। ਦਰਅਸਲ, ਬੁਲਗਾਰੀਆ ਪਿਛਲੇ ਲੰਬੇ ਸਮੇਂ ਤੋਂ ਸਿਆਸੀ ਅਸਥਿਰਤਾ ਨਾਲ ਜੂਝ ਰਿਹਾ ਹੈ। ਪਿਛਲੇ ਮਹੀਨੇ ਭ੍ਰਿਸ਼ਟਾਚਾਰ ਵਿਰੋਧੀ ਵੱਡੇ ਪ੍ਰਦਰਸ਼ਨਾਂ ਤੋਂ ਬਾਅਦ ਮੱਧ-ਦੱਖਣਪੰਥੀ ਜੀ.ਈ.ਆਰ.ਬੀ. (GERB) ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੂੰ ਅਸਤੀਫਾ ਦੇਣਾ ਪਿਆ ਸੀ। ਮੌਜੂਦਾ ਸੰਸਦ ਵਿੱਚ ਨਵੀਂ ਸਰਕਾਰ ਬਣਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ।
ਹੁਣ ਕੌਣ ਸੰਭਾਲੇਗਾ ਜ਼ਿੰਮੇਵਾਰੀ?
ਸੰਵਿਧਾਨਕ ਨਿਯਮਾਂ ਅਨੁਸਾਰ, ਰਾਸ਼ਟਰਪਤੀ ਦੇ ਜਾਣ ਤੋਂ ਬਾਅਦ ਮੌਜੂਦਾ ਉਪ-ਰਾਸ਼ਟਰਪਤੀ ਇਲੀਆਨਾ ਯੋਤੋਵਾ ਨੂੰ ਸੰਸਦ ਵੱਲੋਂ ਸਹੁੰ ਚੁਕਾਈ ਜਾਵੇਗੀ। ਉਹ ਰਾਸ਼ਟਰਪਤੀ ਦੇ ਬਾਕੀ ਰਹਿੰਦੇ ਕਾਰਜਕਾਲ ਤੱਕ ਇਸ ਅਹੁਦੇ 'ਤੇ ਬਣੇ ਰਹਿਣਗੇ।
ਨਵੀਂ ਪਾਰਟੀ ਬਣਾਉਣ ਦੀ ਚਰਚਾ
ਰਾਸ਼ਟਰਪਤੀ ਰਾਦੇਵ ਦੇ ਅਸਤੀਫੇ ਪਿੱਛੇ ਇੱਕ ਵੱਡਾ ਸਿਆਸੀ ਮਕਸਦ ਵੀ ਮੰਨਿਆ ਜਾ ਰਿਹਾ ਹੈ। ਸੰਕੇਤ ਮਿਲੇ ਹਨ ਕਿ ਉਹ ਆਗਾਮੀ ਚੋਣਾਂ ਵਿੱਚ ਹਿੱਸਾ ਲੈ ਸਕਦੇ ਹਨ ਅਤੇ ਇੱਕ ਨਵੀਂ ਸਿਆਸੀ ਪਾਰਟੀ ਦਾ ਗਠਨ ਕਰ ਸਕਦੇ ਹਨ। ਲੋਕਾਂ ਵਿੱਚ ਵੀ ਇਸ ਗੱਲ ਦੀ ਕਾਫੀ ਉਮੀਦ ਪਾਈ ਜਾ ਰਹੀ ਹੈ।
8ਵੀਂ ਵਾਰ ਚੋਣਾਂ ਵੱਲ ਵਧ ਰਿਹਾ ਹੈ ਦੇਸ਼
ਬੁਲਗਾਰੀਆ ਵਿੱਚ ਸਿਆਸੀ ਸੰਕਟ ਇੰਨਾ ਗੰਭੀਰ ਹੈ ਕਿ ਸਾਲ 2021 ਤੋਂ ਬਾਅਦ ਦੇਸ਼ ਹੁਣ ਆਪਣੀ 8ਵੀਂ ਸੰਸਦੀ ਚੋਣ ਦੀ ਤਿਆਰੀ ਕਰ ਰਿਹਾ ਹੈ। ਲਗਾਤਾਰ ਡਿੱਗ ਰਹੀਆਂ ਸਰਕਾਰਾਂ ਅਤੇ ਸਿਆਸੀ ਖਿੱਚੋਤਾਣ ਕਾਰਨ ਜਨਤਾ ਵਿੱਚ ਭਾਰੀ ਰੋਸ ਹੈ ਅਤੇ ਹੁਣ ਰਾਸ਼ਟਰਪਤੀ ਦੇ ਅਸਤੀਫੇ ਨੇ ਆਉਣ ਵਾਲੀਆਂ ਚੋਣਾਂ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ ਹੈ।
ਵੱਡਾ ਹਾਦਸਾ ! ਹਾਈਵੇ 'ਤੇ 100 ਗੱਡੀਆਂ ਦੀ ਆਪਸੀ ਟੱਕਰ, ਅਮਰੀਕਾ 'ਚ ਬਰਫੀਲੇ ਤੂਫਾਨ ਦਾ ਕਹਿਰ
NEXT STORY