ਸੰਯੁਕਤ ਰਾਸ਼ਟਰ (ਭਾਸ਼ਾ)- ਅਗਲੇ ਮਹੀਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਭਾਰਤ ਕੋਲ ਰਹਿਣ ਦੌਰਾਨ ਦੇਸ਼ ਵੱਲੋਂ ਵਿਸ਼ਵ ਸੰਸਥਾ ਨੂੰ ਦਿੱਤੇ ਤੋਹਫ਼ੇ ਦੇ ਹਿੱਸੇ ਵਜੋਂ ਇਥੇ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ ਕੀਤਾ ਜਾਵੇਗਾ। ਇਥੇ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ’ਤੇ ਮਹਾਤਮਾ ਗਾਂਧੀ ਦਾ ਇਹ ਪਹਿਲਾ ਬੁੱਤ ਹੋਵੇਗਾ। ਅਗਲੇ ਮਹੀਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਸੰਯੁਕਤ ਰਾਸ਼ਟਰ ਯਾਤਰਾ ਦੌਰਾਨ ਇਸ ਬੁੱਤ ਦਾ ਉਦਘਾਟਨ ਕੀਤਾ ਜਾਵੇਗਾ। ਪ੍ਰਸਿੱਧ ਭਾਰਤੀ ਮੂਰਤੀਕਾਰ ਪਦਮਸ਼੍ਰੀ ਰਾਮ ਸੁਤਾਰ ਨੇ ਇਸ ਮੂਰਤੀ ਨੂੰ ਬਣਾਇਆ ਹੈ। ਸੁਤਾਰ ਨੇ ਹੀ ਗੁਜਰਾਤ ਵਿਚ ‘ਸਟੈਚੂ ਆਫ਼ ਯੂਨਿਟੀ’ ਦਾ ਡਿਜ਼ਾਈਨ ਤਿਆਰ ਕੀਤਾ ਸੀ। ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਵਿਚ ਪ੍ਰਦਰਸ਼ਿਤ ਭਾਰਤ ਦਾ ਇਕਮਾਤਰ ਦੂਜਾ ਤੋਹਫ਼ਾ 11ਵੀਂ ਸਦੀ ਦੀ ਸੂਰਜ ਦੇਵਤਾ ਦੀ ਕਾਲੇ ਪੱਥਰ ਦੀ ਮੂਰਤੀ ਹੈ, ਜੋ 26 ਜੁਲਾਈ, 1982 ਨੂੰ ਦਾਨ ਕੀਤੀ ਗਈ ਸੀ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਾਲ ਕਾਲ ਦੀ ਇਹ ਮੂਰਤੀ ਸੰਯੁਕਤ ਰਾਸ਼ਟਰ ਨੂੰ ਭੇਟ ਕੀਤੀ ਸੀ। ਇਸ ਨੂੰ ਸੰਯੁਕਤ ਰਾਸ਼ਟਰ ਦੀ ਤਰਫੋਂ ਸਕੱਤਰ-ਜਨਰਲ ਜੇਵੀਅਰ ਪੇਰੇਜ਼ ਡੀ ਕੁਏਲਰ ਵੱਲੋਂ ਸਵੀਕਾਰ ਕੀਤਾ ਗਿਆ ਸੀ। ਉਸ ਨੂੰ ਕਾਨਫਰੰਸ ਇਮਾਰਤ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ।
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਕਿਹਾ ਕਿ ਗਾਂਧੀ ਦੀ ਮੂਰਤੀ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਗ੍ਰਾਊਂਡ ਵਿਚ "ਬਹੁਤ ਹੀ ਵੱਕਾਰੀ ਸਥਾਨ" ਉੱਤਰੀ ਲਾਅਨ ਵਿਚ ਲਗਾਈ ਜਾਵੇਗੀ। ਇਸ ਮੂਰਤੀ ਦਾ ਉਦਘਾਟਨ 14 ਦਸੰਬਰ ਨੂੰ ਕੀਤਾ ਜਾਵੇਗਾ ਅਤੇ ਪ੍ਰੋਗਰਾਮ ਵਿਚ ਸੁਰੱਖਿਆ ਪ੍ਰੀਸ਼ਦ ਦੇ ਸਾਰੇ 15 ਮੈਂਬਰਾਂ ਦੇ ਪ੍ਰਤੀਨਿਧੀਆਂ ਦੇ ਮੌਜੂਦ ਹੋਣ ਦੀ ਉਮੀਦ ਹੈ। ਇਸ ਵਿੱਚ ਉਹ ਨਵੇਂ ਮੈਂਬਰ ਵੀ ਸ਼ਾਮਲ ਹੋਣਗੇ ਜੋ 1 ਜਨਵਰੀ 2023 ਤੋਂ ਕੌਂਸਲ ਦੇ ਮੈਂਬਰ ਬਣਨ ਜਾ ਰਹੇ ਹਨ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ ਅਤੇ ਸੰਯੁਕਤ ਰਾਸ਼ਟਰ ਦੇ 77ਵੀਂ ਮਹਾਸਭਾ ਦੇ ਪ੍ਰਧਾਨ ਕਾਸਾਬਾ ਕੋਰੋਸੀ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਪ੍ਰੋਗਰਾਮ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹੋਏ ਕੰਬੋਜ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਅਹਿੰਸਾ ਅਤੇ ਸ਼ਾਂਤੀ ਦੀ ਵਿਰਾਸਤ ਸਥਾਈ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਕਥਨ 'ਇਹ ਯੁੱਗ ਜੰਗ ਦਾ ਨਹੀਂ ਹੈ' ਉਸ ਵਿਰਾਸਤ ਨੂੰ ਦਰਸਾਉਂਦਾ ਹੈ ਅਤੇ ਦੁਨੀਆ ਨੇ ਇਸ ਨੂੰ ਵਿਆਪਕ ਤੌਰ 'ਤੇ ਸਵੀਕਾਰ ਕੀਤਾ ਹੈ।
ਆਸਟ੍ਰੇਲੀਆ ਨੇ ਰਾਸ਼ਟਰੀ ਅੱਤਵਾਦ ਦੇ ਖ਼ਤਰੇ ਦੇ 'ਪੱਧਰ' 'ਚ ਕੀਤਾ ਬਦਲਾਅ
NEXT STORY