ਬੀਜਿੰਗ (ਬਿਊਰੋ): ਚੀਨ ਅਤੇ ਤਾਈਵਾਨ ਵਿਚਾਲੇ ਤਣਾਅ ਸਿਖਰ 'ਤੇ ਪਹੁੰਚ ਗਿਆ ਹੈ। ਵੀਰਵਾਰ ਨੂੰ ਇਕ ਕਦਮ ਅੱਗੇ ਵਧ ਕੇ ਚੀਨ ਵੱਲੋਂ 11 ਮਿਜ਼ਾਈਲਾਂ ਦਾਗੀਆਂ ਗਈਆਂ। ਤਾਈਵਾਨ ਦੀ ਸਰਕਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਹਨਾਂ ਦੇ ਆਲੇ-ਦੁਆਲੇ ਦੇ ਇਲਾਕੇ ਵੱਲ ਇਹ ਮਿਜ਼ਾਈਲਾਂ ਦਾਗੀਆਂ ਗਈਆਂ। ਕਿਹਾ ਜਾ ਰਿਹਾ ਹੈ ਕਿ ਮਿਜ਼ਾਈਲ ਦੀ ਲੈਂਡਿੰਗ ਜਾਪਾਨ ਵਿਚ ਹੋਈ। ਜਾਪਾਨ ਦੇ ਰੱਖਿਆ ਮੰਤਰੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਚੀਨ ਵੱਲੋਂ ਦਾਗੀਆਂ ਗਈਆਂ ਪੰਜ ਮਿਜ਼ਾਈਲਾਂ ਜਾਪਾਨ ਦੇ ਇਲਾਕੇ ਵਿਚ ਡਿੱਗੀਆਂ ਹਨ। ਇਹ ਇਕ ਗੰਭੀਰ ਮਾਮਲਾ ਹੈ ਕਿਉਂਕਿ ਇਸ ਦਾ ਸਿੱਧਾ ਸਬੰਧ ਸਾਡੇ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਅਸੀਂ ਲੋਕਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੇ।
ਉਂਝ ਚੀਨ ਦੀ ਕਾਰਵਾਈ ਇਸ ਲਈ ਵੀ ਚਿੰਤਾ ਵਧਾਉਂਦੀ ਹੈ ਕਿਉਂਕਿ ਬੁੱਧਵਾਰ ਨੂੰ ਤਾਈਵਾਨ ਦੇ ਏਅਰ ਜ਼ੋਨ ਵਿਚ ਚੀਨ ਦੇ 27 ਲੜਾਕੂ ਜਹਾਜ਼ ਦੇਖੇ ਗਏ ਸਨ। ਉਸ ਕਾਰਵਾਈ ਕਾਰਨ ਤਾਈਵਾਨ ਨੇ ਵੀ ਆਪਣਾ ਮਿਜ਼ਾਈਲ ਸਿਸਟਮ ਐਕਟੀਵੇਟ ਕਰ ਦਿੱਤਾ ਸੀ। ਹੁਣ ਉਸ ਟਕਰਾਅ ਦੇ ਬਾਅਦ ਵੀਰਵਾਰ ਨੂੰ ਫਿਰ ਦੋਵੇਂ ਦੇਸ਼ ਆਹਮੋ-ਸਾਹਮਣੇ ਆ ਗਏ ਹਨ। ਮਿਲਟਰੀ ਅਭਿਆਸ ਦੇ ਨਾਮ 'ਤੇ ਚੀਨ ਲਗਾਤਾਰ ਤਾਈਵਾਨ ਨੂੰ ਚੇਤਾਵਨੀ ਦੇ ਰਿਹਾ ਹੈ। ਮਿਜ਼ਾਈਲਾਂ ਦਾਗ ਕੇ ਉਸ ਨੂੰ ਡਰਾਇਆ ਜਾ ਰਿਹਾ ਹੈ।
ਅਮਰੀਕਾ ਦੀ ਸਥਿਤੀ 'ਤੇ ਨਜ਼ਰ
ਹੁਣ ਦੋਵਾਂ ਦੇਸ਼ਾਂ ਵਿਚਾਲੇ ਸ਼ੁਰੂ ਹੋਏ ਇਸ ਤਣਾਅ ਦੀ ਸਕ੍ਰਿਪਟ ਅਮਰੀਕਾ ਦੁਆਰਾ ਲਿਖੀ ਗਈ ਹੈ। ਜਦੋਂ ਤੋਂ ਅਮਰੀਕੀ ਸੰਸਦ ਦੀ ਸਪੀਕਰ ਨੈਨਸੀ ਪੇਲੋਸੀ ਨੇ ਤਾਈਵਾਨ ਦਾ ਦੌਰਾ ਕੀਤਾ ਹੈ ਚੀਨ ਵੱਲੋਂ ਧਮਕੀਆਂ ਦਾ ਦੌਰ ਸ਼ੁਰੂ ਹੋ ਗਿਆ। ਹੁਣ ਪੇਲੋਸੀ ਤਾਂ ਤਾਈਵਾਨ ਤੋਂ ਚਲੀ ਗਈ ਹੈ ਪਰ ਅਮਰੀਕਾ ਦੇ ਇਸ ਕਦਮ ਨਾਲ ਦੋਵੇਂ ਦੇਸ਼ਾਂ ਵਿਚ ਤਣਾਅ ਵਧ ਗਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ ਅਧਿਕਾਰਤ ਮੀਡੀਆ ਰਿਪੋਰਟਾਂ ਮੁਤਾਬਕ ਚੀਨੀ ਸੈਨਾ 4 ਤੋਂ 7 ਅਗਸਤ ਤੱਕ 6 ਵੱਖ-ਵੱਖ ਖੇਤਰਾਂ ਵਿਚ ਵੀ ਮਿਲਟਰੀ ਅਭਿਆਸ ਕਰੇਗੀ ਜੋ ਤਾਈਵਾਨ ਟਾਪੂ ਨੂੰ ਸਾਰੀਆਂ ਦਿਸ਼ਾਵਾਂ ਤੋਂ ਘੇਰਦੇ ਹਨ। ਇਹਨਾਂ ਹਾਲਾਤ 'ਤੇ ਅਮਰੀਕਾ ਨਜ਼ਰ ਬਣਾਏ ਹੋਏ ਹੈ।
ਪੜ੍ਹੋ ਇਹ ਅਹਿਮ ਖ਼ਬਰ- ਯੁੱਧ ਦੀ ਤਿਆਰੀ 'ਚ ਚੀਨ! ਤਾਈਵਾਨ ਨੇੜੇ ਛੇ ਜ਼ੋਨਾਂ 'ਚ ਫ਼ੌਜੀ ਅਭਿਆਸ ਕੀਤਾ ਤੇਜ਼
ਅਮਰੀਕਾ 'ਤੇ ਤਾਈਵਾਨ ਕਰ ਸਕਦਾ ਹੈ ਭਰੋਸਾ!
ਇਸ ਦੇ ਇਲਾਵਾ ਗਲੋਬਲ ਟਾਈਮਜ਼ ਨੇ ਚੀਨੀ ਮਾਹਰਾਂ ਦੇ ਹਵਾਲੇ ਨਾਲ ਕਿਹਾ ਕਿ ਚੀਨ ਦਾ ਇਹ ਅਭਿਆਸ਼ ਬੇਸਿਮਾਲ ਹੈ ਕਿਉਂਕਿ ਪੀ.ਐੱਲ.ਏ. ਦੀਆਂ ਮਿਜ਼ਾਈਲਾਂ ਦੇ ਪਹਿਲੀ ਵਾਰ ਤਾਈਵਾਨ ਟਾਪੂ 'ਤੇ ਉਡਾਣ ਭਰਨ ਦੀ ਉਮੀਦ ਹੈ। ਅਜਿਹੀ ਸਥਿਤੀ ਵਿਚ ਪਹਿਲਾਂ ਨਾਲੋਂ ਚੱਲ ਰਿਹਾ ਤਣਾਅ ਵਧਣ ਦੀ ਸੰਭਾਵਨਾ ਹੈ। ਵਰਤਮਾਨ ਵਿਚ ਅਮਰੀਕਾ, ਤਾਈਵਾਨ ਦੀ ਮਦਦ ਦੀ ਗੱਲ ਕਰ ਰਿਹਾ ਹੈ, ਸੁਰੱਖਿਆ ਦੀ ਗਾਰੰਟੀ ਦੇ ਰਿਹਾ ਹੈ ਪਰ ਜ਼ਮੀਨ 'ਤੇ ਜਿਹੋ ਜਿਹੀ ਸਥਿਤੀ ਬਣ ਰਹੀ ਹੈ ਉਸ ਨੂੰ ਦੇਖਦੇ ਹੋਏ ਤਾਈਵਾਨ, ਅਮਰੀਕਾ 'ਤੇ ਅੱਖਾਂ ਬੰਦ ਕਰ ਕੇ ਵਿਸ਼ਵਾਸ ਨਹੀਂ ਕਰ ਸਕਦਾ ਹੈ।ਇਸ ਦਾ ਸਭ ਤੋਂ ਵੱਡਾ ਉਦਾਹਰਨ ਰੂਸ-ਯੂਕ੍ਰੇਨ ਯੁੱਧ ਦੇ ਰੂਪ ਵਿਚ ਦੇਖਣ ਨੂੰ ਮਿਲਿਆ ਹੈ। ਜਿੱਥੇ ਸ਼ੁਰੂਆਤ ਵਿਚ ਅਮਰੀਕਾ ਲਗਾਤਾਰ ਯੂਕ੍ਰੇਨ ਦਾ ਸਮਰਥਨ ਕਰਦਾ ਰਿਹਾ। ਉਸ ਨੂੰ ਰੂਸ ਖ਼ਿਲਾਫ਼ ਉਕਸਾਉਂਦਾ ਰਿਹਾ ਪਰ ਜਿਵੇਂ ਹੀ ਯੁੱਧ ਸ਼ੁਰੂ ਹੋਇਆ ਅਮਰੀਕਾ ਨੇ ਉੱਥੇ ਆਪਣੀ ਸੈਨਾ ਭੇਜਣ ਤੋਂ ਇਨਕਾਰ ਕਰ ਦਿੱਤਾ ਅਤੇ ਸਿਰਫ ਰੂਸ 'ਤੇ ਪਾਬੰਦੀਆਂ ਲਗਾਉਣ ਦੀ ਕਾਰਵਾਈ ਕੀਤੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
US: ਵ੍ਹਾਈਟ ਹਾਊਸ ਨੇੜੇ ਆਸਮਾਨੀ ਬਿਜਲੀ ਡਿੱਗਣ ਕਾਰਨ 4 ਲੋਕ ਗੰਭੀਰ ਜ਼ਖ਼ਮੀ, ਵੀਡੀਓ 'ਚ ਵੇਖੋ ਖ਼ੌਫਨਾਕ ਮੰਜ਼ਰ
NEXT STORY