ਕੋਲੰਬੋ (ਏਜੰਸੀ)- ਸ੍ਰੀਲੰਕਾ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਦੇਸ਼ ਵਿਆਪੀ ਕਰਫਿਊ ਲਗਾ ਦਿੱਤਾ ਹੈ। ਇਸ ਦੌਰਾਨ, ਸਰਕਾਰ ਪੱਖੀ ਸਮੂਹਾਂ ਵੱਲੋਂ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨਕਾਰੀਆਂ 'ਤੇ ਹਮਲਾ ਕਰਨ ਤੋਂ ਬਾਅਦ ਰਾਜਧਾਨੀ ਕੋਲੰਬੋ ਵਿੱਚ ਫ਼ੌਜ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਹਮਲੇ 'ਚ ਘੱਟੋ-ਘੱਟ 23 ਲੋਕ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਵੱਲੋਂ ਇੱਕ ਪੁਲਸ ਬੁਲਾਰੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਗਲੇ ਨੋਟਿਸ ਤੱਕ ਸ਼੍ਰੀਲੰਕਾ ਵਿੱਚ ਤੁਰੰਤ ਪ੍ਰਭਾਵ ਨਾਲ ਕਰਫਿਊ ਲਗਾਇਆ ਗਿਆ ਹੈ।
ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਮਦਦ ਲਈ ਪ੍ਰਦਰਸ਼ਨ ਵਾਲੀ ਥਾਂ 'ਤੇ ਫੌਜ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਸ਼ੁੱਕਰਵਾਰ ਨੂੰ ਕੈਬਨਿਟ ਦੀ ਵਿਸ਼ੇਸ਼ ਬੈਠਕ 'ਚ ਰਾਸ਼ਟਰਪਤੀ ਰਾਜਪਕਸ਼ੇ ਨੇ ਸ਼ੁੱਕਰਵਾਰ ਅੱਧੀ ਰਾਤ ਤੋਂ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਸੀ। ਲਗਭਗ ਇੱਕ ਮਹੀਨੇ ਦੀ ਮਿਆਦ ਵਿੱਚ ਸ਼੍ਰੀਲੰਕਾ ਵਿੱਚ ਦੂਜੀ ਵਾਰ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਗਿਆ। ਸਾਲ 1948 ਵਿੱਚ ਬ੍ਰਿਟੇਨ ਤੋਂ ਆਜ਼ਾਦ ਹੋਣ ਤੋਂ ਬਾਅਦ ਸ੍ਰੀਲੰਕਾ ਹੁਣ ਤੱਕ ਦੇ ਸਭ ਤੋਂ ਗੰਭੀਰ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ।
ਸੰਕਟ ਮੁੱਖ ਤੌਰ 'ਤੇ ਵਿਦੇਸ਼ੀ ਮੁਦਰਾ ਦੀ ਕਮੀ ਦੇ ਕਾਰਨ ਪੈਦਾ ਹੋਇਆ, ਜਿਸਦਾ ਮਤਲਬ ਹੈ ਕਿ ਦੇਸ਼ ਮੁੱਖ ਖੁਰਾਕੀ ਵਸਤੂਆਂ ਅਤੇ ਈਂਧਨ ਦੇ ਆਯਾਤ ਲਈ ਭੁਗਤਾਨ ਕਰਨ ਵਿੱਚ ਅਸਮਰੱਥ ਹੈ। 9 ਅਪ੍ਰੈਲ ਤੋਂ ਸ੍ਰੀਲੰਕਾ ਭਰ ਵਿੱਚ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ 'ਤੇ ਹਨ, ਕਿਉਂਕਿ ਸਰਕਾਰ ਕੋਲ ਆਯਾਤ ਲਈ ਫੰਡ ਖ਼ਤਮ ਹੋ ਗਿਆ ਹੈ। ਜ਼ਰੂਰੀ ਵਸਤਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਵਧਦੇ ਦਬਾਅ ਦੇ ਬਾਵਜੂਦ, ਰਾਸ਼ਟਰਪਤੀ ਰਾਜਪਕਸ਼ੇ ਅਤੇ ਉਨ੍ਹਾਂ ਦੇ ਭਰਾ ਅਤੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਅਹੁਦਾ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ।
ਔਰਤਾਂ ਲਈ ਬੁਰਕਾ ਫ਼ਰਮਾਨ ਤਾਲਿਬਾਨ 'ਤੇ ਪਏਗਾ ਭਾਰੀ, ਵਿਸ਼ਵ ਸਬੰਧਾਂ 'ਤੇ ਪਵੇਗਾ ਮਾੜਾ ਅਸਰ
NEXT STORY