ਲੰਡਨ (ਸਰਬਜੀਤ ਸਿੰਘ ਬਨੂੜ)- ਯੂਕੇ ਵਿੱਚ 18 ਸਾਲਾ ਗੋਰੇ ਨੌਜਵਾਨ ਹੈਨਰੀ ਨੋਵਾਕ ਦੇ ਕਤਲ ਮਾਮਲੇ ਤੋਂ ਬਾਅਦ ਸਿੱਖ ਧਾਰਮਿਕ ਚਿੰਨ੍ਹ 'ਕਿਰਪਾਨ' ਨੂੰ ਲੈ ਕੇ ਨਵੀਂ ਸਿਆਸੀ ਬਹਿਸ ਛਿੜ ਗਈ ਹੈ। ਕੁਝ ਸਿਆਸੀ ਆਗੂਆਂ ਅਤੇ ਰੀਫੋਮ ਯੂਕੇ ਪਾਰਟੀ ਵੱਲੋਂ ਕਿਰਪਾਨ ਸਬੰਧੀ ਕਾਨੂੰਨੀ ਛੋਟਾਂ ਦੀ ਸਮੀਖਿਆ ਅਤੇ ਪਾਬੰਦੀ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਮਾਮਲਾ ਉਸ ਵੇਲੇ ਚਰਚਾ ਵਿੱਚ ਆਇਆ, ਜਦੋਂ ਸਾਊਥਹੈਂਪਟਨ ਕ੍ਰਾਊਨ ਕੋਰਟ ਨੇ ਵਿਕਰਮ ਡਿਗਵਾ ਨੂੰ ਹੈਨਰੀ ਨੋਵਾਕ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ। ਅਦਾਲਤ ਵਿੱਚ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਕੋਲ ਇੱਕ ਛੋਟੀ ਧਾਰਮਿਕ ਕਿਰਪਾਨ ਤੋਂ ਇਲਾਵਾ ਇੱਕ ਵੱਡਾ ਧਾਰਦਾਰ ਹਥਿਆਰ ਵੀ ਸੀ, ਜਿਸ ਦੀ ਵਰਤੋਂ ਕਤਲ ਵਿੱਚ ਕੀਤੀ ਗਈ।ਘਟਨਾ ਤੋਂ ਬਾਅਦ ਹੈਮਪਸਾਇਰ ਦੀ ਪੁਲਸ ਐਂਡ ਕਰਾਈਮ ਕਮਿਸ਼ਨਰ ਡੋਨਾ ਜੋਨਜ਼ ਨੇ ਧਾਰਮਿਕ ਕਾਰਨਾਂ ਕਰਕੇ ਮਿਲੀਆਂ ਚਾਕੂ ਕਾਨੂੰਨਾਂ ਦੀਆਂ ਛੋਟਾਂ ਦੀ ਸਮੀਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਜਨਤਕ ਸੁਰੱਖਿਆ ਨਾਲ ਜੁੜੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਦੂਜੇ ਪਾਸੇ ਰੀਫੋਮ ਯੂਕੇ ਦੇ ਆਗੂ ਨਾਇਜਲ ਫਰਾਜ ਨੇ ਵੀ ਕਿਰਪਾਨ ਨੂੰ ਲੈ ਕੇ ਸਖ਼ਤ ਟਿੱਪਣੀਆਂ ਕੀਤੀਆਂ ਹਨ, ਜਿਸ ਕਾਰਨ ਸਿਆਸੀ ਅਤੇ ਭਾਈਚਾਰਕ ਪੱਧਰ ’ਤੇ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਇੰਗਲੈਂਡ ਦੀਆਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਕਤਲ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਹੈ ਕਿ ਇੱਕ ਵਿਅਕਤੀ ਦੇ ਅਪਰਾਧ ਨੂੰ ਸਿੱਖ ਧਰਮ ਜਾਂ ਕਿਰਪਾਨ ਦੀ ਮਰਯਾਦਾ ਨਾਲ ਜੋੜਨਾ ਗਲਤ ਹੈ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਕਿਰਪਾਨ ਸਿੱਖ ਧਰਮ ਦਾ ਪਵਿੱਤਰ ਧਾਰਮਿਕ ਚਿੰਨ੍ਹ ਹੈ, ਜੋ ਨਿਆਂ, ਸੁਰੱਖਿਆ ਅਤੇ ਕਮਜ਼ੋਰਾਂ ਦੀ ਰੱਖਿਆ ਦਾ ਪ੍ਰਤੀਕ ਹੈ, ਨਾ ਕਿ ਹਿੰਸਾ ਦਾ।
ਪੜ੍ਹੋ ਇਹ ਅਹਿਮ ਖ਼ਬਰ- 'ਆਪਣੀਆਂ ਦੁਸ਼ਮਣੀਆਂ ਪਿੱਛੇ ਛੱਡ ਕੇ ਆਓ', ਕੈਨੇਡੀਅਨ ਪੀਐਮ ਕਾਰਨੀ ਦਾ ਪ੍ਰਵਾਸੀਆਂ ਨੂੰ ਸਖ਼ਤ ਸੰਦੇਸ਼
ਸਿੱਖ ਭਾਈਚਾਰੇ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਫੈਲ ਰਹੀ ਗਲਤ ਜਾਣਕਾਰੀ ਅਤੇ ਨਫ਼ਰਤੀ ਪ੍ਰਚਾਰ ਕਾਰਨ ਆਮ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਭਾਈਚਾਰਕ ਆਗੂਆਂ ਨੇ ਸਰਕਾਰ ਅਤੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਕਾਨੂੰਨੀ ਕਾਰਵਾਈ ਨੂੰ ਵਿਅਕਤੀਗਤ ਅਪਰਾਧ ਤੱਕ ਸੀਮਿਤ ਰੱਖਿਆ ਜਾਵੇ ਅਤੇ ਧਾਰਮਿਕ ਆਜ਼ਾਦੀ ਦੇ ਅਧਿਕਾਰਾਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ। ਜ਼ਿਕਰਯੋਗ ਹੈ ਕਿ ਯੂਕੇ ਸਰਕਾਰ ਵੱਲੋਂ ਕਿਰਪਾਨ ’ਤੇ ਪਾਬੰਦੀ ਲਗਾਉਣ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ, ਪਰ ਇਸ ਮਾਮਲੇ ਨੇ ਧਾਰਮਿਕ ਆਜ਼ਾਦੀ, ਜਨਤਕ ਸੁਰੱਖਿਆ ਅਤੇ ਬਹੁ-ਸੱਭਿਆਚਾਰਕ ਸਮਾਜ ਵਿੱਚ ਸੰਤੁਲਨ ਨੂੰ ਲੈ ਕੇ ਇੱਕ ਵੱਡੀ ਚਰਚਾ ਨੂੰ ਜਨਮ ਦੇ ਦਿੱਤਾ ਹੈ।
ਸਮੈਦਿਕ ਦੇ ਗੁਰੂ ਨਾਨਕ ਗੁਰਦੁਆਰਾ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਦਿਓਲ, ਕੁਲਵੰਤ ਸਿੰਘ ਮੁਠੱਡਾ, ਬਲਵਿੰਦਰ ਸਿੰਘ ਢਿੱਲੋਂ, ਬ੍ਰਿਟਿਸ਼ ਸਿੱਖ ਕੋਸਲ ਦੇ ਜਨਰਲ ਸਕੱਤਰ ਤਰਸੇਮ ਸਿੰਘ ਦਿਉਲ ਨੇ ਕਿਹਾ ਕਿ ਸਿੱਖ ਭਾਈਚਾਰਾ ਹੈਨਰੀ ਨੋਵਾਕ ਦੇ ਪਰਿਵਾਰ ਦੇ ਦੁੱਖ ਵਿੱਚ ਬਰਾਬਰ ਦਾ ਸਾਂਝੀਦਾਰ ਹੈ। ਉਨ੍ਹਾਂ ਕਿਹਾ ਕਿ ਪੁਲਸ ਬਾਡੀਕੈਮ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਮਾਮਲਾ ਹੋਰ ਵੀ ਦੁਖਦਾਈ ਮਹਿਸੂਸ ਹੋ ਰਿਹਾ ਹੈ। ਸਿੱਖ ਸਿੱਖਿਆ ਸੰਸਥਾ “ਬੇਸਿਕਸ ਆਫ਼ ਸਿੱਖੀ” ਨਾਲ ਜੁੜੇ ਅਮਨਦੀਪ ਸਿੰਘ ਨੇ ਕਿਹਾ ਕਿ ਸਿੱਖ ਭਾਈਚਾਰਾ ਲੰਮੇ ਸਮੇਂ ਤੋਂ ਬ੍ਰਿਟਿਸ਼ ਸਮਾਜ ਦਾ ਅਹਿਮ ਹਿੱਸਾ ਰਿਹਾ ਹੈ ਅਤੇ ਸਿੱਖਾਂ ਵੱਲੋਂ ਧਾਰਮਿਕ ਚਿੰਨ੍ਹ ਕਿਰਪਾਨ ਸਦੀਆਂ ਤੋਂ ਧਾਰਨ ਕੀਤੀ ਜਾਂਦੀ ਰਹੀ ਹੈ ਪਰ ਇਸ ਘਟਨਾ ਤੋਂ ਬਾਅਦ ਮਾਹੌਲ ਵਿੱਚ ਤਬਦੀਲੀ ਮਹਿਸੂਸ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਆਪਣੀਆਂ ਦੁਸ਼ਮਣੀਆਂ ਪਿੱਛੇ ਛੱਡ ਕੇ ਆਓ', ਕੈਨੇਡੀਅਨ ਪੀਐਮ ਕਾਰਨੀ ਦਾ ਪ੍ਰਵਾਸੀਆਂ ਨੂੰ ਸਖ਼ਤ ਸੰਦੇਸ਼
NEXT STORY