ਹਾਂਗਕਾਂਗ (ਏਜੰਸੀ)– ਅਮਰੀਕਾ ਦੇ ਸੰਘੀ ਸੰਚਾਰ ਕਮਿਸ਼ਨ (ਐੱਫ. ਸੀ. ਸੀ.) ਨੇ ਵਿਦੇਸ਼ੀ ‘ਹਿਊਮਨੋਇਡ ਰੋਬੋਟ’ ਦੀ ਦਰਾਮਦ ’ਤੇ ਰੋਕ ਲਾਉਣ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਦਾ ਮੁੱਖ ਉਦੇਸ਼ ਰਾਸ਼ਟਰੀ ਸੁਰੱਖਿਆ ਅਤੇ ਸਾਈਬਰ ਸੁਰੱਖਿਆ ਨਾਲ ਜੁੜੇ ਸੰਭਾਵਤ ਖ਼ਤਰਿਆਂ ਨੂੰ ਘੱਟ ਕਰਨਾ ਦੱਸਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਦਾ ਸਭ ਤੋਂ ਵੱਧ ਅਸਰ ਚੀਨ ’ਤੇ ਪਵੇਗਾ, ਜੋ ਵਿਸ਼ਵ ਪੱਧਰ ’ਤੇ ਹਿਊਮਨੋਇਡ ਰੋਬੋਟ ਦੇ ਸਭ ਤੋਂ ਵੱਡੇ ਨਿਰਮਾਤਾਵਾਂ ਵਿਚ ਸ਼ਾਮਲ ਹੈ।
ਐੱਫ. ਸੀ. ਸੀ. ਅਨੁਸਾਰ ਰੋਕ ਸਿਰਫ ਨਵੇਂ ਹਿਊਮਨੋਇਡ ਰੋਬੋਟਾਂ ਤੱਕ ਸੀਮਤ ਨਹੀਂ ਹੈ, ਸਗੋਂ ਇਸ ਵਿਚ 4 ਪੈਰਾਂ ਵਾਲੇ ਰੋਬੋਟ (ਰੋਬੋਟਿਕ ਡੌਗ) ਅਤੇ ਵਿਦੇਸ਼ਾਂ ਵਿਚ ਤਿਆਰ ਪਾਵਰ ਇਨਵਰਟਰ ਵੀ ਸ਼ਾਮਲ ਹਨ। ਕਮਿਸ਼ਨ ਦਾ ਕਹਿਣਾ ਹੈ ਕਿ ਇਨ੍ਹਾਂ ਉਤਪਾਦਾਂ ਰਾਹੀਂ ਅਮਰੀਕਾ ਦੀਆਂ ਅਹਿਮ ਸਪਲਾਈ ਚੇਨਾਂ ਅਤੇ ਸੰਵੇਦਨਸ਼ੀਲ ਪ੍ਰਣਾਲੀਆਂ ਲਈ ਸਾਈਬਰ ਤੇ ਰਾਸ਼ਟਰੀ ਸੁਰੱਖਿਆ ਸਬੰਧੀ ਖ਼ਤਰੇ ਪੈਦਾ ਹੋ ਸਕਦੇ ਹਨ। ਐੱਫ. ਸੀ. ਸੀ. ਦੇ ਪ੍ਰਧਾਨ ਬ੍ਰੈਂਡਨ ਕੈਰ ਨੇ ਕਿਹਾ ਕਿ ਇਹ ਫ਼ੈਸਲਾ ਅਮਰੀਕਾ ਦੀਆਂ ਅਹਿਮ ਸਪਲਾਈ ਚੇਨਾਂ ਨੂੰ ਸੁਰੱਖਿਅਤ ਬਣਾਉਣ ਅਤੇ ਉੱਨਤ ਤਕਨਾਲੋਜੀ ਨਾਲ ਜੁੜੇ ਸੰਭਾਵਤ ਸੁਰੱਖਿਆ ਜੋਖਿਮਾਂ ਨੂੰ ਘੱਟ ਕਰਨ ਦੇ ਉਦੇਸ਼ ਨਾਲ ਲਿਆ ਗਿਆ ਹੈ।
ਵਿਸ਼ਲੇਸ਼ਕਾਂ ਅਨੁਸਾਰ ਗਲੋਬਲ ਹਿਊਮਨੋਇਡ ਰੋਬੋਟ ਬਾਜ਼ਾਰ ਵਿਚ ਚੀਨੀ ਕੰਪਨੀਆਂ ਦੀ ਹਿੱਸੇਦਾਰੀ ਲੱਗਭਗ 85 ਫੀਸਦੀ ਤੱਕ ਪਹੁੰਚ ਚੁੱਕੀ ਹੈ। ਹਿਊਮਨੋਇਡ ਰੋਬੋਟ ਅਜਿਹੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏ. ਆਈ.) ਆਧਾਰਿਤ ਰੋਬੋਟ ਹੁੰਦੇ ਹਨ, ਜਿਨ੍ਹਾਂ ਦੀ ਬਣਾਵਟ ਤੇ ਕਾਰਜਸ਼ੈਲੀ ਕਾਫ਼ੀ ਹੱਦ ਤੱਕ ਮਨੁੱਖਾਂ ਵਰਗੀ ਹੁੰਦੀ ਹੈ ਅਤੇ ਉਹ ਵੱਖ-ਵੱਖ ਉਦਯੋਗਿਕ ਤੇ ਸੇਵਾ ਖੇਤਰਾਂ ਵਿਚ ਵਰਤੇ ਜਾ ਰਹੇ ਹਨ।
ਯੂਕਰੇਨ 'ਤੇ ਰੂਸ ਦਾ ਵੱਡਾ ਹਮਲਾ; ਸੱਤ ਮੌਤਾਂ, ਕਈ ਜ਼ਖਮੀ
NEXT STORY