ਕਾਹਿਰਾ (ਭਾਸ਼ਾ)— ਮਿਸਰ ਦੀ ਇਕ ਅਦਾਲਤ ਨੇ ਮਨੁੱਖੀ ਤਸਕਰੀ ਦੇ ਦੋਸ਼ ਵਿਚ 40 ਲੋਕਾਂ ਨੂੰ ਤਿੰਨ ਤੋਂ 16 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੰਗਲਵਾਰ ਨੂੰ ਅਧਿਕਾਰਕ ਦਸਤਾਵੇਜ਼ਾਂ ਦੀ ਧੋਖਾਧੜੀ, ਸਰਕਾਰੀ ਏਜੰਸੀਆਂ ਦੀਆਂ ਨਕਲੀ ਮੋਹਰਾਂ ਬਣਾਉਣ, ਰਿਸ਼ਵਤ ਦੇਣ ਅਤੇ ਵੇਸਵਾਪੁਣੇ ਜ਼ਰੀਏ ਮਨੁੱਖੀ ਤਸਕਰੀ ਕਰਨ ਦੇ ਦੋਸ਼ ਵਿਚ ਇਕ ਅਪਰਾਧਿਕ ਸਮੂਹ ਦੇ 40 ਲੋਕਾਂ ਨੂੰ ਸਜ਼ਾ ਸੁਣਾਈ। ਜਾਂਚ ਵਿਚ ਖੁਲਾਸਾ ਹੋਇਆ ਕਿ ਸਮੂਹ ਦੇ ਕੁਝ ਮੈਂਬਰਾਂ ਨੇ ਇਕ ਕੁੜੀ ਦੇ ਨਕਲੀ ਦਸਤਾਵੇਜ਼ਾਂ ਦੀ ਮਦਦ ਨਾਲ ਅਰਬ ਦੇਸ਼ਾਂ ਵਿਚ ਤਸਕਰੀ ਕੀਤੀ ਸੀ।
ਦਸਤਾਵੇਜ਼ਾਂ ਵਿਚ ਉਸ ਨੂੰ ਇਕ ਵਿਦੇਸ਼ੀ ਵਿਅਕਤੀ ਦੀ ਪਤਨੀ ਦੱਸਿਆ ਗਿਆ ਸੀ। ਜਾਂਚ ਵਿਚ ਇਹ ਵੀ ਪਤਾ ਚੱਲਿਆ ਕਿ ਮਿਸਰ ਦੀਆਂ 13 ਕੁੜੀਆਂ ਕੋਲ ਨਕਲੀ ਜਨਮ ਸਰਟੀਫਿਕੇਟ ਸਨ, ਜਿਨ੍ਹਾਂ ਨਾਲ ਇਹ ਸਾਬਤ ਹੁੰਦਾ ਸੀ ਕਿ ਉਨ੍ਹਾਂ ਦੇ ਬੱਚੇ ਹਨ। ਸਰਟੀਫਿਕੇਟ ਮੁਤਾਬਕ ਕੁੜੀਆਂ ਦਾ ਵਿਆਹ ਉਨ੍ਹਾਂ ਦੀ ਉਮਰ ਤੋਂ 25 ਸਾਲ ਵੱਡੇ ਵਿਦੇਸ਼ੀ ਨਾਗਰਿਕਾਂ ਨਾਲ ਹੋਇਆ ਸੀ। ਦੇਸ਼ ਦੀ ਅਧਿਕਾਰਕ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ 'ਪ੍ਰਬੰਧਕੀ ਕੰਟਰੋਲ ਅਥਾਰਿਟੀ' ਨੇ ਬੀਤੇ ਸਾਲ ਦਸੰਬਰ ਦੀ ਸ਼ੁਰੂਆਤ ਵਿਚ ਮਨੁੱਖੀ ਤਸਕਰੀ ਦੇ ਮਾਮਲਿਆਂ ਵਿਚ ਮਿਸਰ, ਅਰਬ ਅਤੇ ਯੂਰਪੀ ਨਾਗਰਿਕਤਾ ਵਾਲੇ 20 ਲੋਕਾਂ ਨੂੰ ਹਿਰਾਸਤ ਵਿਚ ਲਿਆ ਸੀ।
ਗੌਰਤਲਬ ਹੈ ਕਿ ਮਿਸਰ ਵਿਚ ਵੱਧਦੀ ਮਨੁੱਖੀ ਤਸਕਰੀ 'ਤੇ ਰੋਕ ਲਗਾਉਣ ਲਈ ਸਾਲ 2016 ਵਿਚ ਇਕ ਕਾਨੂੰਨ ਬਣਾਇਆ ਗਿਆ ਸੀ। ਇਸ ਕਾਨੂੰਨ ਦੇ ਤਹਿਤ ਦੋਸ਼ੀਆਂ ਨੂੰ ਜੇਲ ਦੀ ਸਜ਼ਾ ਅਤੇ ਜੁਰਮਾਨਾ ਲਗਾਉਣ ਦਾ ਨਿਯਮ ਬਣਾਇਆ ਗਿਆ। ਨਾਲ ਹੀ ਤਸਕਰੀ ਕਰ ਕੇ ਲਿਆਏ ਗਏ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਅਤੇ ਉਨ੍ਹਾਂ ਦੀ ਤਸਕਰੀ ਵਿਚ ਮਦਦ ਕਰਨ ਵਾਲੇ ਲੋਕਾਂ ਨੂੰ ਕੈਦ ਦੀ ਸਜ਼ਾ ਦਾ ਪ੍ਰਬੰਧ ਹੈ।
ਜ਼ਿੰਬਾਬਵੇ 'ਚ ਤੂਫਾਨ ਦਾ ਕਹਿਰ, ਮ੍ਰਿਤਕਾਂ ਦੀ ਗਿਣਤੀ 300 ਹੋਣ ਦਾ ਖਦਸ਼ਾ
NEXT STORY