ਜਿਨੇਵਾ (ਇੰਟ.)- ਇੰਟਰਨੈੱਟ ਦੀ ਵਧਦੀ ਪਹੁੰਚ ਦੇ ਨਾਲ ਬੱਚਿਆਂ ਖਿਲਾਫ਼ ਆਨਲਾਈਨ ਜਿਨਸੀ ਅਪਰਾਧਾਂ ਦਾ ਖ਼ਤਰਾ ਵੀ ਤੇਜ਼ੀ ਨਾਲ ਵਧ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਬਾਲ ਏਜੰਸੀ ਯੂਨੀਸੈਫ਼ ਦੀ ਰਿਪੋਰਟ ਮੁਤਾਬਕ ਪਿਛਲੇ 1 ਸਾਲ ਵਿਚ ਦੁਨੀਆ ਭਰ ਵਿਚ ਲਗਭਗ 2 ਕਰੋੜ ਬੱਚੇ ਆਨਲਾਈਨ ਜਿਨਸੀ ਸ਼ੋਸ਼ਣ ਜਾਂ ਪ੍ਰੇਸ਼ਾਨੀ ਦਾ ਸਾਹਮਣਾ ਕਰ ਚੁੱਕੇ ਹਨ।
ਯੂਨੀਸੈਫ਼ ਦੇ ਅੰਕੜਿਆਂ ਅਨੁਸਾਰ ਲਗਭਗ 1.5 ਕਰੋੜ ਬੱਚਿਆਂ ਨੂੰ ਜ਼ਬਰਦਸਤੀ ਅਸ਼ਲੀਲ ਸਮੱਗਰੀ ਦਿਖਾਈ ਗਈ। ਮਾਹਿਰਾਂ ਅਨੁਸਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਬੱਚਿਆਂ ਦੇ ਮਾਨਸਿਕ ਅਤੇ ਸਮਾਜਿਕ ਵਿਕਾਸ ’ਤੇ ਗੰਭੀਰ ਅਸਰ ਪਾ ਸਕਦੀਆਂ ਹਨ।
90 ਲੱਖ ਬੱਚਿਆਂ ’ਤੇ ਸੈਕਸ ਬਾਰੇ ਗੱਲਬਾਤ ਕਰਨ ਦਾ ਦਬਾਅ
ਯੂਨੀਸੈਫ਼ ਅਨੁਸਾਰ ਵੱਡੀ ਗਿਣਤੀ ਵਿਚ ਬੱਚਿਆਂ ਨੂੰ ਇੰਟਰਨੈੱਟ ’ਤੇ ਜਿਨਸੀ ਗੱਲਬਾਤ ਜਾਂ ਗਤੀਵਿਧੀਆਂ ਲਈ ਦਬਾਅ ਦਾ ਸਾਹਮਣਾ ਕਰਨਾ ਪਿਆ। ਰਿਪੋਰਟ ਵਿਚ ਦੱਸਿਆ ਗਿਆ ਕਿ ਲਗਭਗ 90 ਲੱਖ ਬੱਚਿਆਂ ’ਤੇ ਸੈਕਸ ਬਾਰੇ ਗੱਲਬਾਤ ਕਰਨ ਲਈ ਦਬਾਅ ਬਣਾਇਆ ਗਿਆ, ਜਦਕਿ ਲਗਭਗ 40 ਲੱਖ ਬੱਚਿਆਂ ਦੀਆਂ ਨਿੱਜੀ ਤਸਵੀਰਾਂ ਬਿਨਾਂ ਇਜਾਜ਼ਤ ਸਾਂਝੀਆਂ ਕੀਤੀਆਂ ਗਈਆਂ। ਇਸ ਤੋਂ ਸਾਫ਼ ਹੈ ਕਿ ਆਨਲਾਈਨ ਪਲੇਟਫਾਰਮ ਬੱਚਿਆਂ ਦੀ ਪ੍ਰਾਈਵੇਸੀ ਅਤੇ ਸੁਰੱਖਿਆ ਲਈ ਵੱਡੀ ਚੁਣੌਤੀ ਬਣਦੇ ਜਾ ਰਹੇ ਹਨ।
ਹਰ 5ਵਾਂ ਬੱਚਾ ਕਿਸੇ ਨਾ ਕਿਸੇ ਰੂਪ ਵਿਚ ਬਣਿਆ ਸ਼ਿਕਾਰ
ਰਿਪੋਰਟ ਮੁਤਾਬਕ ਅਫ਼ਰੀਕਾ, ਏਸ਼ੀਆ, ਲੈਟਿਨ ਅਮਰੀਕਾ ਅਤੇ ਯੂਰਪ ਵਿਚ 12 ਤੋਂ 17 ਸਾਲ ਦੀ ਉਮਰ ਦੇ 5 ਵਿਚੋਂ 1 ਤੋਂ ਵੱਧ ਬੱਚੇ ਆਨਲਾਈਨ ਜਿਨਸੀ ਸ਼ੋਸ਼ਣ ਜਾਂ ਪ੍ਰੇਸ਼ਾਨੀ ਦੇ ਕਿਸੇ ਨਾ ਕਿਸੇ ਰੂਪ ਦਾ ਸਾਹਮਣਾ ਕਰ ਚੁੱਕੇ ਹਨ। ਸਰਵੇਖਣ ਵਾਲੇ ਦੇਸ਼ਾਂ ਵਿਚ ਲਗਭਗ 15 ਫ਼ੀਸਦੀ ਬੱਚਿਆਂ ਨੇ ਆਨਲਾਈਨ ਜਿਨਸੀ ਗਤੀਵਿਧੀ ਲਈ ਦਬਾਅ ਝੱਲਣ ਦੀ ਗੱਲ ਕਹੀ।
ਫੇਸਬੁੱਕ-ਇੰਸਟਾਗ੍ਰਾਮ ’ਤੇ ਸਭ ਤੋਂ ਵੱਧ ਗਲਤ ਵਿਵਹਾਰ
ਯੂਨੀਸੈਫ਼ ਦੀ ਰਿਪੋਰਟ ਵਿਚ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਗਈ ਹੈ। ਬੱਚਿਆਂ ਨਾਲ ਗਲਤ ਵਿਵਹਾਰ ਦੇ ਮਾਮਲੇ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਸਭ ਤੋਂ ਵੱਧ ਪਾਏ ਗਏ। ਇਸ ਤੋਂ ਇਲਾਵਾ ਟਿਕਟੌਕ, ਸਨੈਪਚੈਟ ਅਤੇ ਹੋਰ ਪਲੇਟਫਾਰਮ ਵੀ ਬੱਚਿਆਂ ਦੇ ਆਨਲਾਈਨ ਸ਼ੋਸ਼ਣ ਨਾਲ ਜੁੜੇ ਮਾਮਲਿਆਂ ਵਿਚ ਸਾਹਮਣੇ ਆਏ ਹਨ।
11 ਲੱਖ ਬੱਚਿਆਂ ਦੀਆਂ ਏ. ਆਈ. ਜਨਰੇਟਡ ਤਸਵੀਰਾਂ ਸਾਂਝੀਆਂ
ਰਿਪੋਰਟ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਵਧਦੀ ਦੁਰਵਰਤੋਂ ਨੂੰ ਲੈ ਕੇ ਵੀ ਚਿਤਾਵਨੀ ਦਿੱਤੀ ਗਈ ਹੈ। ਅੰਦਾਜ਼ੇ ਮੁਤਾਬਕ ਲਗਭਗ 11 ਲੱਖ ਬੱਚਿਆਂ ਦੀਆਂ ਏ. ਆਈ. ਜਨਰੇਟਡ ਤਸਵੀਰਾਂ ਦੀ ਵਰਤੋਂ ਜਾਂ ਸਾਂਝਾ ਕੀਤਾ ਗਿਆ। ਯੂਨੀਸੈਫ਼ ਨੇ ਕਿਹਾ ਕਿ ਏ. ਆਈ. ਤਕਨਾਲੋਜੀ ਦੀ ਦੁਰਵਰਤੋਂ ਨਾਲ ਬੱਚਿਆਂ ਨੂੰ ਆਨਲਾਈਨ ਜਿਨਸੀ ਅਪਰਾਧਾਂ ਦੇ ਨਵੇਂ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
21,000 ਬੱਚਿਆਂ ’ਤੇ ਸਰਵੇ, 21 ਦੇਸ਼ਾਂ ਨੂੰ ਕੀਤਾ ਸ਼ਾਮਲ
ਯੂਨੀਸੈਫ਼ ਨੇ ਇਹ ਰਿਪੋਰਟ 21 ਦੇਸ਼ਾਂ ਵਿਚ 21,000 ਤੋਂ ਵੱਧ ਬੱਚਿਆਂ ਤੋਂ ਇਕੱਠੇ ਕੀਤੇ ਅੰਕੜਿਆਂ ਦੇ ਆਧਾਰ ’ਤੇ ਤਿਆਰ ਕੀਤੀ ਹੈ। ਇਸ ਵਿਚ ਸਾਲ 2020 ਤੋਂ 2025 ਦੇ ਵਿਚਕਾਰ ਕੀਤੇ ਗਏ ਸਰਵੇਖਣਾਂ ਨੂੰ ਸ਼ਾਮਲ ਕੀਤਾ ਗਿਆ। ਭਾਰਤ ਸਮੇਤ ਏਸ਼ੀਆ ਅਤੇ ਹੋਰ ਖੇਤਰਾਂ ਦੇ ਬੱਚਿਆਂ ਨਾਲ ਜੁੜੇ ਅੰਕੜੇ ਵੀ ਇਸ ਅਧਿਐਨ ਦਾ ਹਿੱਸਾ ਰਹੇ।
ਚੀਨ ਵੱਲੋਂ ਬ੍ਰਿਟੇਨ ਦੇ ਕਿਸਾਨਾਂ 'ਤੇ ਜਾਸੂਸੀ ਦਾ ਖ਼ਤਰਾ! ਟਰੈਕਟਰਾਂ ਤੇ ਖੇਤੀਬਾੜੀ ਉਪਕਰਨਾਂ ਨੂੰ ਲੈ ਕੇ ਵੱਡੀ ਚਿਤਾਵਨੀ
NEXT STORY