ਚੰਡੀਗੜ੍ਹ (ਅੰਕੁਰ ਤਾਂਗੜੀ) : ਕੇਂਦਰੀ ਮੰਤਰੀ ਮੰਡਲ ਵੱਲੋਂ ‘ਖੇਲੋ ਇੰਡੀਆ ਖੇਡ ਸਮੱਗਰੀ ਨਿਰਮਾਣ ਯੋਜਨਾ’ ਨੂੰ ਮਨਜ਼ੂਰੀ ਦਿੱਤੇ ਜਾਣ ਨਾਲ ਪੰਜਾਬ ਦੇ ਖੇਡ ਸਮੱਗਰੀ ਉਦਯੋਗ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ। ਖ਼ਾਸ ਤੌਰ ’ਤੇ ਜਲੰਧਰ ਅਤੇ ਲੁਧਿਆਣਾ ਵਰਗੇ ਪ੍ਰਮੁੱਖ ਨਿਰਮਾਣ ਕੇਂਦਰਾਂ ਨੂੰ ਇਸ ਯੋਜਨਾ ਦਾ ਵੱਡਾ ਲਾਭ ਮਿਲ ਸਕਦਾ ਹੈ। ਜਲੰਧਰ ਦੇ ਖੇਡ ਸਮੱਗਰੀ ਨਿਰਮਾਤਾ ਕੁਲਵੰਤ ਗੁਲਾਟੀ ਨੇ ਕੇਂਦਰ ਸਰਕਾਰ ਦੀ ਇਸ ਪਹਿਲ ਕਦਮੀ ਦਾ ਸਵਾਗਤ ਕਰਦਿਆਂ ਇਹ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ 28 ਅਕਤੂਬਰ, 2026 ਨੂੰ ਮਨਜ਼ੂਰ ਕੀਤੀ ਗਈ ਇਸ ਯੋਜਨਾ ਤਹਿਤ ਵਿੱਤੀ ਵਰ੍ਹੇ 2026-27 ਤੋਂ 2033-34 ਤੱਕ ਕੁੱਲ 1,856.67 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇਸ ਦਾ ਮੁੱਖ ਮਕਸਦ ਦੇਸ਼ ਵਿੱਚ ਖੇਡ ਸਾਜ਼ੋ-ਸਾਮਾਨ ਦੇ ਘਰੇਲੂ ਉਤਪਾਦਨ ਨੂੰ ਮਜ਼ਬੂਤ ਕਰਨਾ, ਦਰਾਮਦ ’ਤੇ ਨਿਰਭਰਤਾ ਘਟਾਉਣਾ, ਬਰਾਮਦ ਵਿੱਚ ਵਾਧਾ ਕਰਨਾ ਅਤੇ ਲਗਭਗ 6,800 ਕਰੋੜ ਰੁਪਏ ਦਾ ਨਿੱਜੀ ਨਿਵੇਸ਼ ਆਕਰਸ਼ਿਤ ਕਰਨਾ ਹੈ।
ਗੁਲਾਟੀ ਨੇ ਕਿਹਾ ਕਿ ਇਸ ਪਹਿਲ ਕਦਮੀ ਨਾਲ ਪੰਜਾਬ ਦੇ ਸਥਾਪਿਤ ਖੇਡ ਸਮੱਗਰੀ ਨਿਰਮਾਤਾਵਾਂ ਲਈ ਨਵੇਂ ਮੌਕੇ ਪੈਦਾ ਹੋਣਗੇ। ਯੋਜਨਾ ਰਾਹੀਂ ਨਿਵੇਸ਼ ਨੂੰ ਉਤਸ਼ਾਹਿਤ ਕਰਨ, ਨਵੀਂ ਤਕਨਾਲੋਜੀ ਅਪਣਾਉਣ ਅਤੇ ਉਤਪਾਦਨ ਸਮਰੱਥਾ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਮਿਲੇਗੀ। ਇਸ ਦੇ ਨਾਲ ਹੀ ਨਵੇਂ ਏਕੀਕ੍ਰਿਤ ਨਿਰਮਾਣ ਖੇਤਰ ਵਿਕਸਤ ਕਰਨ ਅਤੇ ਪਹਿਲਾਂ ਤੋਂ ਮੌਜੂਦ ਉਦਯੋਗਿਕ ਸਮੂਹਾਂ ਨੂੰ ਆਧੁਨਿਕ ਬਣਾਉਣ ’ਤੇ ਵੀ ਜ਼ੋਰ ਦਿੱਤਾ ਜਾਵੇਗਾ। ਯੋਜਨਾ ਦੇ ਮੁੱਖ ਪ੍ਰਬੰਧਾਂ ਵਿੱਚ ਨਿਵੇਸ਼ਕਾਂ ਅਤੇ ਨਿਰਮਾਤਾਵਾਂ ਨੂੰ ਪੂੰਜੀ ਨਿਵੇਸ਼ ਅਤੇ ਕਾਰੋਬਾਰ ਦੇ ਆਧਾਰ ’ਤੇ ਪ੍ਰੋਤਸਾਹਨ ਦੇਣਾ ਸ਼ਾਮਲ ਹੈ। ਇਸ ਤੋਂ ਇਲਾਵਾ ਕੌਮਾਂਤਰੀ ਗੁਣਵੱਤਾ ਪ੍ਰਮਾਣੀਕਰਨ, ਖੋਜ ਤੇ ਵਿਕਾਸ, ਹੁਨਰ ਵਿਕਾਸ ਅਤੇ ਉਦਯੋਗਿਕ ਸਮੂਹਾਂ ਦੇ ਆਧੁਨਿਕੀਕਰਨ ਲਈ ਵੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਜਲੰਧਰ ਅਤੇ ਲੁਧਿਆਣਾ ਪਹਿਲਾਂ ਹੀ ਖੇਡ ਸਮੱਗਰੀ ਦੇ ਨਿਰਮਾਣ ਲਈ ਦੇਸ਼ ਦੇ ਪ੍ਰਮੁੱਖ ਕੇਂਦਰਾਂ ਵਜੋਂ ਜਾਣੇ ਜਾਂਦੇ ਹਨ। ਅਜਿਹੇ ਵਿੱਚ ਇਸ ਯੋਜਨਾ ਨਾਲ ਸਥਾਨਕ ਉਦਯੋਗਾਂ ਨੂੰ ਆਪਣੀ ਮੁਕਾਬਲੇਬਾਜ਼ੀ ਦੀ ਸਮਰੱਥਾ ਵਧਾਉਣ, ਕੌਮਾਂਤਰੀ ਬਾਜ਼ਾਰਾਂ ਵਿੱਚ ਆਪਣੀ ਪਹੁੰਚ ਮਜ਼ਬੂਤ ਕਰਨ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਹ ਯੋਜਨਾ ‘ਖੇਲੋ ਭਾਰਤ ਨੀਤੀ-2025’, ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਦੇ ਵਿਆਪਕ ਉਦੇਸ਼ਾਂ ਦੇ ਅਨੁਕੂਲ ਹੈ। ਇਸ ਨਾਲ ਖੇਡ ਸਮੱਗਰੀ ਨਿਰਮਾਣ ਦੇ ਖੇਤਰ ਵਿੱਚ ਭਾਰਤ ਨੂੰ ਵਿਸ਼ਵ ਪੱਧਰੀ ਕੇਂਦਰ ਵਜੋਂ ਸਥਾਪਤ ਕਰਨ ਦੇ ਯਤਨਾਂ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ।
ਵਕੀਲ ਸਤਪਾਲ ਬਾਂਸਲ ਨੇ ਅਗਾਊਂ ਜ਼ਮਾਨਤ ਲਈ ਦਾਇਰ ਕੀਤੀ ਅਰਜ਼ੀ
NEXT STORY