ਜਕਾਰਤਾ - ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਵੀਰਵਾਰ ਨੂੰ ਦੇਸ਼ ਦੇ ਲੋਕਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਵਿਦੇਸ਼ ਯਾਤਰਾ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ। ਵਿਡੋਡੋ ਨੇ ਇਹ ਅਪੀਲ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਓਮੀਕਰੋਨ ਸਵਰੂਪ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੀਤਾ। ਜਕਾਰਤਾ ਦੇ ਇੱਕ ਹਸਪਤਾਲ ਦਾ ਇੱਕ ਸਫਾਈ ਕਰਮਚਾਰੀ ਓਮੀਕਰੋਨ ਤੋਂ ਪੀੜਤ ਮਿਲਿਆ ਹੈ। ਮਰੀਜ਼ ਵਿੱਚ ਕੋਈ ਲੱਛਣ ਨਹੀਂ ਹੈ ਅਤੇ ਉਸ ਨੂੰ ਐਥਲੀਟ ਵਿਲੇਜ ਐਮਰਜੈਂਸੀ ਹਸਪਤਾਲ ਵਿੱਚ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ, ਜਿੱਥੇ ਉਹ ਕੰਮ ਕਰਦਾ ਸੀ। ਸਰਕਾਰ ਨੇ ਮਾਰਚ 2020 ਵਿੱਚ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਅਤੇ ਵਿਦੇਸ਼ ਤੋਂ ਪਰਤਣ ਵਾਲੇ ਇੰਡੋਨੇਸ਼ੀਆਈ ਲੋਕਾਂ ਲਈ ਇਹ ਆਈਸੋਲੇਸ਼ਨ ਯੂਨਿਟ ਬਣਾਈ ਹੈ।
ਇੰਡੋਨੇਸ਼ਿਆ ਦੇ ਸਿਹਤ ਮੰਤਰੀ ਬੁਦੀ ਗੁਨਾਦੀ ਸਾਦਿਕਿਨ ਨੇ ਕਿਹਾ ਕਿ ਇਹ ਮਾਮਲਾ ਬੁੱਧਵਾਰ ਨੂੰ ਸਾਹਮਣੇ ਆਇਆ। ਉਨ੍ਹਾਂ ਨੇ ਲੋਕਾਂ ਤੋਂ ਮਾਸਕ ਪਹਿਨਣ ਅਤੇ ਇੱਕ ਦੂਜੇ ਤੋਂ ਦੂਰੀ ਬਣਾਏ ਰੱਖਣ ਸਮੇਤ ਸਿਫਾਰਸ਼ ਕੀਤੇ ਸਿਹਤ ਪ੍ਰੋਟੋਕੋਲ ਦੀ ਪਾਲਣਾ ਜਾਰੀ ਰੱਖਣ ਦੀ ਆਪੀਲ ਕੀਤੀ। ਉਨ੍ਹਾਂ ਨੇ ਜਾਂਚ ਵਧਾਉਣ ਅਤੇ ਦੇਸ਼ ਦੇ ਟੀਕਾਕਰਨ ਪ੍ਰੋਗਰਾਮ ਵਿੱਚ ਤੇਜ਼ੀ ਲਿਆਉਣ ਦਾ ਵੀ ਐਲਾਨ ਕੀਤਾ। ਬਾਅਦ ਵਿੱਚ, ਰਾਸ਼ਟਰਪਤੀ ਜੋਕੋ ਵਿਡੋਡੋ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘‘ਮੈਂ ਲੋਕਾਂ ਅਤੇ ਰਾਜ ਦੇ ਅਧਿਕਾਰੀਆਂ ਨੂੰ ਸਥਿਤੀ ਵਿੱਚ ਕਮੀ ਆਉਣ ਤੱਕ ਵਿਦੇਸ਼ ਯਾਤਰਾ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਾ ਹਾਂ।” ਇੰਡੋਨੇਸ਼ੀਆ ਵਿੱਚ ਬੁੱਧਵਾਰ ਤੱਕ ਦੀ ਸਥਿਤੀ ਦੇ ਅਨੁਸਾਰ ਦੇਸ਼ ਵਿੱਚ ਹੁਣ ਤੱਕ ਕੋਵਿਡ-19 ਦੇ 42 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਅਤੇ 1,43,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਓਮੀਕਰੋਨ ਦੀ ਦਹਿਸ਼ਤ, ਬ੍ਰਿਟੇਨ 'ਚ ਲੋਕਾਂ ਨੂੰ ਜਸ਼ਨ ਅਤੇ ਸਮਾਗਮਾਂ ਨੂੰ ਘਟਾਉਣ ਦੀ ਅਪੀਲ
NEXT STORY