ਮੈਡਰਿਡ : ਸਪੇਨ ਦੇ ਸੇਉਟਾ (Ceuta) ਇਲਾਕੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਵਾਸੀਆਂ ਦੇ ਸੁਰੱਖਿਆ ਘੇਰਾ ਤੋੜ ਕੇ ਅੰਦਰ ਦਾਖ਼ਲ ਹੋਣ ਨਾਲ ਇੱਕ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਮੋਰੱਕੋ ਦੀ ਸਰਹੱਦ ਨਾਲ ਲੱਗਦੇ ਇਸ ਇਲਾਕੇ ਵਿੱਚ ਮਹਿਜ਼ ਕੁਝ ਹੀ ਘੰਟਿਆਂ ਵਿੱਚ 2,000 ਤੋਂ 3,000 ਪ੍ਰਵਾਸੀ ਸੁਰੱਖਿਆ ਬਲਾਂ ਨੂੰ ਚਕਮਾ ਦੇ ਕੇ ਸਪੇਨ ਦੀ ਹੱਦ ਅੰਦਰ ਵੜ ਗਏ ਹਨ। ਇਸ ਹਫੜਾ-ਦਫੜੀ ਅਤੇ ਘੁਸਪੈਠ ਦੌਰਾਨ ਹੁਣ ਤੱਕ 9 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ।
ਸਮੁੰਦਰ ਅਤੇ ਵਾੜ ਰਾਹੀਂ ਹੋਈ ਘੁਸਪੈਠ
ਪ੍ਰਾਪਤ ਜਾਣਕਾਰੀ ਅਨੁਸਾਰ, ਕਈ ਪ੍ਰਵਾਸੀਆਂ ਨੇ ਲਾਈਫ ਜੈਕਟਾਂ ਅਤੇ ਟਿਊਬਾਂ ਦੇ ਸਹਾਰੇ ਸਮੁੰਦਰ ਰਾਹੀਂ ਤੈਰ ਕੇ ਸਰਹੱਦ ਪਾਰ ਕੀਤੀ, ਜਦਕਿ ਕਈਆਂ ਨੇ ਸਪੇਨ ਅਤੇ ਮੋਰੱਕੋ ਨੂੰ ਵੱਖ ਕਰਨ ਵਾਲੀ ਸੁਰੱਖਿਆ ਵਾੜ ਅਤੇ ਦਰਵਾਜ਼ਿਆਂ ਨੂੰ ਜ਼ਬਰਦਸਤੀ ਤੋੜ ਦਿੱਤਾ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓਜ਼ ਵਿੱਚ ਪ੍ਰਵਾਸੀਆਂ ਨੂੰ 'ਲੌਂਗ ਲਿਵ ਸਪੇਨ' ਦੇ ਨਾਅਰੇ ਲਗਾਉਂਦੇ ਹੋਏ ਸੇਉਟਾ ਵਿੱਚ ਦਾਖਲ ਹੁੰਦੇ ਦੇਖਿਆ ਜਾ ਸਕਦਾ ਹੈ। ਸਾਲ 2021 ਤੋਂ ਬਾਅਦ ਇਹ ਸਪੇਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਵਾਸੀ ਸੰਕਟ ਮੰਨਿਆ ਜਾ ਰਿਹਾ ਹੈ।
ਗੰਭੀਰ ਮਾਨਵਤਾਵਾਦੀ ਐਮਰਜੈਂਸੀ ਦਾ ਐਲਾਨ
ਸਥਿਤੀ ਨੂੰ ਕਾਬੂ ਤੋਂ ਬਾਹਰ ਹੁੰਦਾ ਦੇਖ ਸੇਉਟਾ ਦੇ ਖੇਤਰੀ ਮੁਖੀ ਜੁਆਨ ਜੇਸੂਸ ਵਿਵਾਸ਼ ਨੇ ਕੇਂਦਰ ਸਰਕਾਰ ਤੋਂ ਇਲਾਕੇ ਵਿੱਚ 'ਗੰਭੀਰ ਮਾਨਵਤਾਵਾਦੀ ਅਤੇ ਸਮਾਜਿਕ ਐਮਰਜੈਂਸੀ' ਦਾ ਐਲਾਨ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਾਨੂੰਨ ਵਿਵਸਥਾ ਬਹਾਲ ਕਰਨ ਲਈ ਫੌਜ ਦੀ ਤਾਇਨਾਤੀ ਅਤੇ ਮੋਰੱਕੋ ਨਾਲ ਲੱਗਦੀ ਸਰਹੱਦ ਨੂੰ ਅਸਥਾਈ ਤੌਰ 'ਤੇ ਬੰਦ ਕਰਨ ਦੀ ਅਪੀਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਵਾਸੀਆਂ ਦੇ ਰਹਿਣ ਵਾਲੇ ਕੇਂਦਰ ਪੂਰੀ ਤਰ੍ਹਾਂ ਭਰ ਚੁੱਕੇ ਹਨ ਅਤੇ ਬਿਨਾਂ ਮਾਪਿਆਂ ਦੇ ਆਏ ਨਾਬਾਲਗ ਬੱਚਿਆਂ ਦੇ ਕੇਂਦਰ ਆਪਣੀ ਸਮਰੱਥਾ ਤੋਂ 2,400% ਵੱਧ ਭਰ ਗਏ ਹਨ, ਜਿਸ ਕਾਰਨ ਸੈਂਕੜੇ ਲੋਕਾਂ ਨੂੰ ਖੁੱਲ੍ਹੇ ਅਸਮਾਨ ਹੇਠ ਸੌਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਕੈਨੇਡਾ 'ਚ ਵਰਕ ਪਰਮਿਟ ਰੱਦ ਹੋਣ ਮਗਰੋਂ ਪੰਜਾਬੀ ਵਿਦਿਆਰਥੀਆਂ ਦਾ ਕੈਲਗਰੀ 'ਚ ਧਰਨਾ ਜਾਰੀ, ਭਵਿੱਖ ਖਤਰੇ 'ਚ
ਸਪੇਨ ਸਰਕਾਰ ਦੀ ਸਖ਼ਤ ਕਾਰਵਾਈ
ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਕਿਹਾ ਹੈ ਕਿ ਸਰਕਾਰ ਇਸ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸਾਰੇ ਜ਼ਰੂਰੀ ਸਰੋਤ ਜੁਟਾਏ ਜਾ ਰਹੇ ਹਨ। ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਗੈਰ-ਕਾਨੂੰਨੀ ਤੌਰ 'ਤੇ ਦਾਖਲ ਹੋਏ ਸਾਰੇ ਲੋਕਾਂ ਨੂੰ ਤੁਰੰਤ ਵਾਪਸ ਭੇਜਿਆ ਜਾਵੇਗਾ। ਸਰਕਾਰ ਨੇ ਇਸ ਘੁਸਪੈਠ ਲਈ ਮਾਨਵ ਤਸਕਰੀ ਕਰਨ ਵਾਲੇ ਨੈੱਟਵਰਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਫਿਲਹਾਲ ਮੋਰੱਕੋ ਦੇ ਸੁਰੱਖਿਆ ਬਲ ਵੀ ਇਸ ਘੁਸਪੈਠ ਨੂੰ ਰੋਕਣ ਲਈ ਸਪੇਨ ਦਾ ਸਹਿਯੋਗ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਮਾਸ ਸਟਾਈਲ ’ਚ ਮੁਟਿਆਰ ਦੀ ਲਾਸ਼ ਨੂੰ ‘ਬੋਨਟ’ ’ਤੇ ਬੰਨ੍ਹ ਸੜਕਾਂ ’ਤੇ ਘੁਮਾਇਆ, ਪਾਕਿ ਫ਼ੌਜ ਦਾ ਸ਼ਰਮਨਾਕ ਕਾਰਾ
NEXT STORY