ਬ੍ਰਿਸਬੇਨ/ ਮੈਲਬੌਰਨ (ਸੁਰਿੰਦਰਪਾਲ ਸਿੰਘ ਖੁਰਦ, ਮਨਦੀਪ ਸੈਣੀ)- ਫਲਾਈਦੁਬਈ ਦੇ ਇੱਕ ਸਹਿ-ਪਾਇਲਟ ਵੱਲੋਂ ਉਡਾਣ ਦੌਰਾਨ ਕੈਪਟਨ ’ਤੇ ਹਮਲਾ ਕਰਕੇ ਜਹਾਜ਼ ਨੂੰ ਹਾਦਸਾਗ੍ਰਸਤ ਕਰਨ ਦੀ ਕਥਿਤ ਕੋਸ਼ਿਸ਼ ਦੇ ਮਾਮਲੇ ਵਿੱਚ ਆਸਟ੍ਰੇਲੀਆ ਨਾਲ ਜੁੜੇ ਸਬੰਧਾਂ ਲਈ ਆਸਟ੍ਰੇਲੀਆਈ ਫੈਡਰਲ ਪੁਲਿਸ ਸਮੇਤ ਹੋਰ ਜਾਂਚ ਏਜੰਸੀਆ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਸਟ੍ਰੇਲੀਆਈ ਫੈਡਰਲ ਪੁਲਿਸ ਨੇ ਦੱਸਿਆ ਕਿ ਵਿਕਟੋਰੀਆ ਦੀ ਸਾਂਝੀ ਅੱਤਵਾਦ ਵਿਰੋਧੀ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਟੀਮ ਵਿੱਚ ਆਸਟ੍ਰੇਲੀਆਈ ਫੈਡਰਲ ਪੁਲਿਸ, ਵਿਕਟੋਰੀਆ ਪੁਲਿਸ ਅਤੇ ਆਸਟ੍ਰੇਲੀਆਈ ਸੁਰੱਖਿਆ ਖੁਫੀਆ ਏਜੰਸੀਆ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਓਮਾਨੀ ਨਾਗਰਿਕ ਸਹਿ-ਪਾਇਲਟ ਹਮਾਮ ਅਲ-ਹਮਾਮੀ ਵੱਲੋ ਬੁੱਧਵਾਰ ਨੂੰ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ, ਜਦੋਂ ਤੇਲ ਅਵੀਵ ਜਾ ਰਹੇ ਫਲਾਈਦੁਬਈ ਦੇ ਜਹਾਜ਼ ਵਿੱਚ ਸਹਿ-ਪਾਇਲਟ ਨੇ ਕਥਿਤ ਤੌਰ ’ਤੇ ਕਪਤਾਨ ਸਮਿਤ ਮਛਾਰ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਜਹਾਜ਼ ਲਗਭਗ 14,000 ਫੁੱਟ (4,267 ਮੀਟਰ) ਹੇਠਾਂ ਆ ਗਿਆ। ਜਹਾਜ਼ ਵਿੱਚ 174 ਯਾਤਰੀ ਅਤੇ ਅਮਲਾ ਸਵਾਰ ਸਨ। ਹਾਲਾਤ ਵਿਗੜਨ ਮਗਰੋਂ ਜਹਾਜ਼ ਨੂੰ ਸਾਊਦੀ ਅਰਬ ਦੇ ਉੱਤਰ-ਪੱਛਮੀ ਸ਼ਹਿਰ ਤਬੂਕ ਵੱਲ ਮੋੜ ਕੇ ਐਮਰਜੈਂਸੀ ਉਤਾਰਿਆ ਗਿਆ।
ਸਹਿ-ਪਾਇਲਟ ਆਸਟ੍ਰੇਲੀਆ ਵਿੱਚ ਕਰ ਚੁੱਕਾ ਹੈ ਪੜ੍ਹਾਈ
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਹਿ-ਪਾਇਲਟ ਨੂੰ 2014 ਵਿੱਚ ਆਸਟ੍ਰੇਲੀਆ ਦਾ ਵਿਦਿਆਰਥੀ ਵੀਜ਼ਾ ਮਿਲਿਆ ਸੀ ਅਤੇ ਉਸ ਨੇ 2015 ਤੋਂ 2017 ਤੱਕ ਆਸਟ੍ਰੇਲੀਆ ਵਿੱਚ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਹ ਆਸਟ੍ਰੇਲੀਆ ਛੱਡ ਗਿਆ। ਉਸ ਦਾ ਵੀਜ਼ਾ 2019 ਵਿੱਚ ਰੱਦ ਕੀਤਾ ਗਿਆ ਸੀ।ਹਾਲਾਂਕਿ, ਜਾਣਕਾਰੀ ਮੁਤਾਬਕ ਵੀਜ਼ਾ ਚਰਿੱਤਰ ਜਾਂ ਸੁਰੱਖਿਆ ਕਾਰਨਾਂ ਕਰਕੇ ਰੱਦ ਨਹੀਂ ਕੀਤਾ ਗਿਆ ਸੀ। ਉਸ ਨੇ ਜਿਸ ਕੋਰਸ ਵਿੱਚ ਦਾਖਲਾ ਲਿਆ ਸੀ, ਉਸ ਵਿੱਚ ਦਾਖਲਾ ਬਰਕਰਾਰ ਨਾ ਰਹਿਣ ਕਾਰਨ ਉਹ ਵਿਦਿਆਰਥੀ ਵੀਜ਼ੇ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ ਸੀ। ਹੁਣ ਅੱਤਵਾਦ ਵਿਰੋਧੀ ਟੀਮ ਇਹ ਪਤਾ ਲਗਾ ਰਹੀ ਹੈ ਕਿ ਕਿਤੇ ਉਹ ਆਸਟ੍ਰੇਲੀਆ ਵਿੱਚ ਰਹਿੰਦਿਆਂ ਕੱਟੜਪੰਥੀ ਵਿਚਾਰਧਾਰਾ ਤੋਂ ਪ੍ਰਭਾਵਿਤ ਤਾਂ ਨਹੀਂ ਹੋਇਆ ਸੀ।
ਪੜ੍ਹੋ ਇਹ ਅਹਿਮ ਖ਼ਬਰ- "ਤੁਸੀਂ ਪੂਰੀ ਦੁਨੀਆ ਲਈ ਹੀਰੋ ਹੋ", ਨੇਤਨਯਾਹੂ ਨੇ ਕੈਪਟਨ ਮਛਾਰ ਨਾਲ ਫ਼ੋਨ 'ਤੇ ਕੀਤੀ ਗੱਲਬਾਤ
ਕੱਟੜਪੰਥੀ ਵਿਚਾਰਾਂ ਨੂੰ ਲੈ ਕੇ ਪਹਿਲਾਂ ਵੀ ਉੱਠੇ ਸਨ ਸਵਾਲ
ਸਹਿ-ਪਾਇਲਟ ਓਮਾਨ ਦਾ ਨਾਗਰਿਕ ਦੱਸਿਆ ਗਿਆ ਹੈ। ਅਧਿਕਾਰੀਆਂ ਅਨੁਸਾਰ ਉਸ ਨੂੰ ਕਥਿਤ ਤੌਰ ’ਤੇ ਕੱਟੜਪੰਥੀ ਵਿਚਾਰਾਂ ਕਾਰਨ ਓਮਾਨ ਦੀ ਕੌਮੀ ਹਵਾਈ ਸੇਵਾ ਵਿੱਚ ਜਹਾਜ਼ ਉਡਾਉਣ ਤੋਂ ਰੋਕਿਆ ਗਿਆ ਸੀ।
ਸੰਯੁਕਤ ਅਰਬ ਅਮੀਰਾਤ ਵੱਲੋਂ ਕੀਤੀ ਜਾ ਰਹੀ ਵੱਖਰੀ ਜਾਂਚ ਵਿੱਚ ਇਸ ਘਟਨਾ ਨੂੰ ‘ਅੱਤਵਾਦੀ ਹਮਲਾ’ ਕਰਾਰ ਦਿੱਤਾ ਗਿਆ ਹੈ। ਜਾਂਚ ਅਨੁਸਾਰ ਸਹਿ-ਪਾਇਲਟ ਨੇ ਕਾਕਪਿਟ ਵਿੱਚ ਪਈ ਐਮਰਜੈਂਸੀ ਕੁਹਾੜੀ ਨਾਲ ਹਮਲਾ ਕੀਤਾ ਅਤੇ ਜਹਾਜ਼ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਨੇ ਫਲਾਈਦੁਬਈ ਵੱਲੋਂ ਪਾਇਲਟਾਂ ਦੀ ਭਰਤੀ ਅਤੇ ਉਨ੍ਹਾਂ ਦੀ ਪਿਛੋਕੜ ਦੀ ਜਾਂਚ ਪ੍ਰਕਿਰਿਆ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਖ਼ਾਸ ਤੌਰ ’ਤੇ ਇਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਸੁਰੱਖਿਆ ਸਬੰਧੀ ਚਿੰਤਾਵਾਂ ਦੇ ਬਾਵਜੂਦ ਉਹ ਪਾਇਲਟ ਵਜੋਂ ਨੌਕਰੀ ਹਾਸਲ ਕਰਨ ਵਿੱਚ ਕਿਵੇਂ ਕਾਮਯਾਬ ਹੋਇਆ।
ਮੋਰੱਕੋ ਵਿੱਚ ਵੀ ਲਈ ਸੀ ਸਿਖਲਾਈ
ਜਾਣਕਾਰੀ ਅਨੁਸਾਰ ਉਸ ਨੇ 2025 ਵਿੱਚ ਮੋਰੱਕੋ ਦੀ ਕੌਮੀ ਹਵਾਈ ਕੰਪਨੀ ਰੌਇਲ ਏਅਰ ਮਾਰੋਕ ਨਾਲ ਤਿੰਨ ਮਹੀਨੇ ਦੀ ਸਿਧਾਂਤਕ ਸਿਖਲਾਈ ਲਈ ਸੀ, ਪਰ ਸਿਖਲਾਈ ਪੂਰੀ ਹੋਣ ਮਗਰੋਂ ਉਸ ਨੂੰ ਨੌਕਰੀ ਲਈ ਨਹੀਂ ਚੁਣਿਆ ਗਿਆ। ਇਸ ਤੋਂ ਇਲਾਵਾ ਉਸ ਨੇ ਬ੍ਰਿਟੇਨ ਦੀ ਬਕਿੰਘਮਸ਼ਾਇਰ ਨਿਊ ਯੂਨੀਵਰਸਿਟੀ ਤੋਂ ਹਵਾਬਾਜ਼ੀ ਪ੍ਰਬੰਧਨ ਦਾ ਦੂਰਵਰਤੀ ਕੋਰਸ ਵੀ ਕੀਤਾ ਸੀ, ਪਰ ਉੱਥੇ ਉਸ ਨੇ ਪਾਇਲਟ ਸਿਖਲਾਈ ਨਹੀਂ ਲਈ ਸੀ।
ਜਹਾਜ਼ ਨੂੰ ਹਾਦਸੇ ਤੋਂ ਬਚਾਉਣ ਵਾਲੇ ਕੈਪਟਨ ਸਮਿਤ ਮਛਾਰ ਦੀ ਬਹਾਦਰੀ ਦੀ ਵਿਸ਼ਵ ਪੱਧਰ ’ਤੇ ਸ਼ਲਾਘਾ
ਆਪਣੀ ਸੂਝ-ਬੂਝ ਅਤੇ ਬੇਮਿਸਾਲ ਹਿੰਮਤ ਨਾਲ ਭਾਰਤੀ ਮੂਲ ਦੇ ਕੈਪਟਨ ਸਮਿਤ ਮਛਾਰ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਜਹਾਜ਼ ਨੂੰ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਸੰਕਟ ਦੀ ਘੜੀ ਵਿੱਚ ਉਨ੍ਹਾਂ ਵੱਲੋਂ ਦਿਖਾਈ ਗਈ ਬਹਾਦਰੀ ਨੇ ਉਨ੍ਹਾਂ ਨੂੰ ਵਿਸ਼ਵ ਪੱਧਰ ’ਤੇ ਹੀਰੋ ਬਣਾ ਦਿੱਤਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਸਾਊਦੀ ਅਰਬ ਸਮੇਤ ਕਈ ਵਿਸ਼ਵ ਆਗੂਆਂ ਨੇ ਕੈਪਟਨ ਮੱਚਾਛਰ ਦੀ ਹਿੰਮਤ, ਸੂਝ-ਬੂਝ ਅਤੇ ਫ਼ਰਜ਼ ਪ੍ਰਤੀ ਸਮਰਪਣ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਿਊਜ਼ੀਲੈਂਡ ਦੇ PM ਟਾਕਾਨੀਨੀ ਗੁਰਦੁਆਰਾ ਸਾਹਿਬ 'ਚ ਹੋਏ ਨਤਮਸਤਕ, ਭਾਰਤੀ ਭਾਈਚਾਰੇ ਨਾਲ ਕੀਤੀ ਮੁਲਾਕਾਤ
NEXT STORY