ਅੱਤਵਾਦ ਖ਼ਿਲਾਫ਼ ਕਿਸੇ ਵੀ ਦੇਸ਼ ਦੀ ਲੜਾਈ ਸਿਰਫ ਅੱਤਵਾਦੀਆਂ ਨੂੰ ਮਾਰ ਦੇਣ ਤੱਕ ਸੀਮਤ ਨਹੀਂ ਹੋ ਸਕਦੀ। ਇਸ ਦੇ ਲਈ ਉਨ੍ਹਾਂ ਦੇ ਪੂਰੇ ਨੈੱਟਵਰਕ, ਆਰਥਿਕ ਮਦਦਗਾਰਾਂ, ਕੱਟੜਪੰਥੀ ਵਿਚਾਰਧਾਰਾ ਅਤੇ ਸਰਹੱਦ ਪਾਰ ਬੈਠੇ ਆਕਾਵਾਂ ’ਤੇ ਇਕੱਠਿਆਂ ਹਮਲਾ ਕਰਨਾ ਜ਼ਰੂਰੀ ਹੁੰਦਾ ਹੈ। ਭਾਰਤ ਨੇ ਪਿਛਲੇ ਕੁਝ ਵਰ੍ਹਿਆਂ ’ਚ ਇਸੇ ਵਿਆਪਕ ਰਣਨੀਤੀ ਦੇ ਤਹਿਤ ਅੱਤਵਾਦ ਵਿਰੁੱਧ ਆਪਣੀ ਲੜਾਈ ਨੂੰ ਨਵੀਂ ਦਿਸ਼ਾ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਾਰਜਸ਼ੈਲੀ ’ਚ ਇਸ ਦਾ ਸਪੱਸ਼ਟ ਅਸਰ ਦਿਖਾਈ ਦਿੰਦਾ ਹੈ। ਉਨ੍ਹਾਂ ਦੀ ਤਰਜੀਹ ਅੱਤਵਾਦ ਦੇ ਪ੍ਰਤੀ ਜ਼ੀਰੋ ਟਾਲਰੈਂਸ ਦੇ ਨਾਲ-ਨਾਲ ਉਸ ਦੇ ਪੂਰੇ ਈਕੋਸਿਸਟਮ ਨੂੰ ਸਮਾਪਤ ਕਰਨਾ ਰਹੀ ਹੈ।
ਇਹ ਸਮਝਣਾ ਜ਼ਰੂਰੀ ਹੈ ਕਿ 2014 ’ਚ ਜਦੋਂ ਨਰਿੰਦਰ ਮੋਦੀ ਸਰਕਾਰ ਸੱਤਾ ’ਚ ਆਈ, ਉਦੋਂ ਦੇਸ਼ ਦੇ ਸਾਹਮਣੇ ਅੱਤਵਾਦ ਦੀਆਂ ਚੁਣੌਤੀਆਂ ਬਹੁਤ ਗੰਭੀਰ ਸਨ। ਸਾਲ 2004 ਤੋਂ 2014 ਦੇ ਦਰਮਿਆਨ ਦੇਸ਼ ’ਚ ਹਜ਼ਾਰਾਂ ਅੱਤਵਾਦੀ ਘਟਨਾਵਾਂ ਹੋਈਆਂ ਸਨ। ਮੁੰਬਈ ’ਚ 26/11 ਦਾ ਹਮਲਾ ਸਾਡੀ ਸੁਰੱਖਿਆ ਵਿਵਸਥਾ ਦੇ ਸਾਹਮਣੇ ਇਕ ਵੱਡੀ ਚੁਣੌਤੀ ਬਣ ਕੇ ਆਇਆ ਸੀ, ਜਿਸ ’ਚ 166 ਨਿਰਦੋਸ਼ ਲੋਕਾਂ ਦੀ ਜਾਨ ਗਈ। ਲਸ਼ਕਰ-ਏ-ਤੈਯਬਾ, ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਵਰਗੇ ਸੰਗਠਨ ਦੇਸ਼ ਦੀ ਸ਼ਾਂਤੀ ਅਤੇ ਸਥਿਰਤਾ ਦੇ ਲਈ ਲਗਾਤਾਰ ਖ਼ਤਰਾ ਬਣੇ ਹੋਏ ਸਨ। ਕਸ਼ਮੀਰ ’ਚ ਘੁਸਪੈਠ, ਪੱਥਰਬਾਜ਼ੀ ਅਤੇ ਨੌਜਵਾਨਾਂ ਦੇ ਕੱਟੜਪੰਥ ਵੱਲ ਵਧਣ ਦੀਆਂ ਘਟਨਾਵਾਂ ਵੀ ਚਿੰਤਾ ਦਾ ਵਿਸ਼ਾ ਸਨ। ਇੰਟਰਨੈੱਟ ਰਾਹੀਂ ਨੌਜਵਾਨਾਂ ਨੂੰ ਅੱਤਵਾਦੀ ਸੰਗਠਨਾਂ ਨਾਲ ਜੋੜਨ ਦਾ ਨਵਾਂ ਖ਼ਤਰਾ ਵੀ ਸਾਹਮਣੇ ਆ ਰਿਹਾ ਸੀ।
ਅਜਿਹੇ ਮਾਹੌਲ ’ਚ ਅੱਤਵਾਦ ਨਾਲ ਨਜਿੱਠਣ ਲਈ ਧੀਰਜ, ਦ੍ਰਿੜ੍ਹ ਇੱਛਾਸ਼ਕਤੀ ਅਤੇ ਲੰਬੀ ਰਣਨੀਤੀ ਦੀ ਲੋੜ ਸੀ। ਪਿਛਲੇ 12 ਵਰ੍ਹਿਆਂ ’ਚ ਸਰਕਾਰ ਨੇ ਇਸੇ ਦਿਸ਼ਾ ’ਚ ਕਈ ਮਹੱਤਵਪੂਰਨ ਕਦਮ ਉਠਾਏ ਹਨ। ਅੱਤਵਾਦ ਨਾਲ ਨਜਿੱਠਣ ਲਈ ਕਾਨੂੰਨੀ ਢਾਂਚੇ ਨੂੰ ਮਜ਼ਬੂਤ ਕਰਨ, ਕੇਂਦਰੀ ਅਤੇ ਰਾਜ ਏਜੰਸੀਆਂ ਦੇ ਦਰਮਿਅਾਨ ਤਾਲਮੇਲ ਵਧਾਉਣ ਅਤੇ ਖੁਫ਼ੀਆ ਸੂਚਨਾਵਾਂ ਨੂੰ ਏਕੀਕ੍ਰਿਤ ਕਰਨ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਸਰਹੱਦ ’ਤੇ ਵਾੜ ਲਗਾਉਣ, ਚੌਵੀ ਘੰਟੇ ਨਿਗਰਾਨੀ ਰੱਖਣ ਅਤੇ ਘੁਸਪੈਠ ਰੋਕਣ ਲਈ ਆਧੁਨਿਕ ਟੈਕਨਾਲੋਜੀ ਦੀ ਵਰਤੋਂ ਵਧਾਈ ਗਈ ਹੈ।
ਇਸ ਦੇ ਨਾਲ ਹੀ ਪੁਲਸ ਅਤੇ ਸੁਰੱਖਿਆ ਫੋਰਸਾਂ ਦੇ ਆਧੁਨਿਕੀਕਰਨ, ਸਾਈਬਰ ਸੁਰੱਖਿਆ ਅਤੇ ਡਿਜੀਟਲ ਮਾਧਿਅਮਾਂ ਨਾਲ ਹੋਣ ਵਾਲੇ ਕੱਟੜਪੰਥੀ ਪ੍ਰਚਾਰ ’ਤੇ ਰੋਕ ਲਗਾਉਣ ਦੇ ਯਤਨ ਤੇਜ਼ ਹੋਏ ਹਨ। ਹੁਣ ਅੱਤਵਾਦ ਵਿਰੁੱਧ ਕਾਰਵਾਈ ਸਿਰਫ ਕਿਸੇ ਘਟਨਾ ਦੇ ਬਾਅਦ ਸ਼ੁਰੂ ਨਹੀਂ ਹੁੰਦੀ, ਸਗੋਂ ਸੰਭਾਵਿਤ ਖ਼ਤਰੇ ਨੂੰ ਪਹਿਲਾਂ ਹੀ ਪਛਾਣ ਕੇ ਉਸ ਨੂੰ ਨਕਾਰਾ ਕਰਨ ’ਤੇ ਜ਼ੋਰ ਹੈ। ਇਹੀ ਰਿਐਕਟਿਵ ਦੀ ਬਜਾਏ ਪ੍ਰੋਐਕਟਿਵ ਸੁਰੱਖਿਆ ਨੀਤੀ ਦਾ ਮੂਲ ਆਧਾਰ ਹੈ।
ਇਸ ਪੂਰੀ ਰਣਨੀਤੀ ’ਚ ਕੇਂਦਰ ਅਤੇ ਰਾਜਾਂ ਦੇ ਦਰਮਿਅਾਨ ਬਿਹਤਰ ਤਾਲਮੇਲ ਅਤੇ ਜਨਭਾਗੀਦਾਰੀ ਨੂੰ ਵੀ ਮਹੱਤਵਪੂਰਨ ਸਥਾਨ ਦਿੱਤਾ ਗਿਆ ਹੈ। ਹਾਲ ਹੀ ’ਚ ਐੱਨ. ਆਈ. ਏ. ਵੱਲੋਂ ਆਯੋਜਿਤ ਅੱਤਵਾਦ-ਰੋਕੂ ਸੰਮੇਲਨ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੱਸ਼ਟ ਕੀਤਾ ਕਿ ਅੱਤਵਾਦ ਵਿਰੁੱਧ ਸਥਾਈ ਸਫਲਤਾ ਲਈ ਖੁਫ਼ੀਆ ਸੂਚਨਾਵਾਂ ਦਾ ਆਦਾਨ-ਪ੍ਰਦਾਨ, ਰਾਜਾਂ ਦੇ ਨਾਲ ਤਾਲਮੇਲ ਅਤੇ ਸਪੱਸ਼ਟ ਜਵਾਬਦੇਹੀ ਬਹੁਤ ਜ਼ਰੂਰੀ ਹੈ।
ਅਮਿਤ ਸ਼ਾਹ ਦੀ ਅਗਵਾਈ ’ਚ ਅੱਤਵਾਦ ਵਿਰੁੱਧ ਕਾਰਵਾਈ ਦਾ ਘੇਰਾ ਸਿਰਫ ਕਸ਼ਮੀਰ ਤੱਕ ਸੀਮਤ ਨਹੀਂ ਰਿਹਾ। ਖੱਬੇਪੱਖੀ ਅੱਤਵਾਦ ਵਿਰੁੱਧ ਵੀ ਸੁਰੱਖਿਆ ਫੋਰਸਾਂ ਨੇ ਵਰਣਨਯੋਗ ਸਫਲਤਾ ਹਾਸਲ ਕੀਤੀ ਹੈ।
ਕਸ਼ਮੀਰ ’ਚ ਇਸ ਰਣਨੀਤੀ ਦਾ ਅਸਰ ਸਭ ਤੋਂ ਵੱਧ ਦਿਖਾਈ ਦਿੰਦਾ ਹੈ। ਪਾਕਿਸਤਾਨ ਦਹਾਕਿਆਂ ਤੋਂ ਘਾਟੀ ’ਚ ਅੱਤਵਾਦ ਨੂੰ ਉਤਸ਼ਾਹ ਦੇ ਕੇ ਉਸ ਨੂੰ ਸਥਾਨਕ ਅੰਦੋਲਨ ਦੇ ਰੂਪ ’ਚ ਅੰਤਰਰਾਸ਼ਟਰੀ ਮੰਚਾਂ ’ਤੇ ਪੇਸ਼ ਕਰਦਾ ਰਿਹਾ ਹੈ। ਉਹ ਸਥਾਨਕ ਨੌਜਵਾਨਾਂ ਨੂੰ ਵਰਗਲਾ ਕੇ ਅੱਤਵਾਦੀ ਸੰਗਠਨਾਂ ’ਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਪਰ ਹੁਣ ਹਾਲਾਤ ਬਦਲ ਰਹੇ ਹਨ। ਵਿਕਾਸ ਯੋਜਨਾਵਾਂ, ਬਿਹਤਰ ਸੰਪਰਕ ਵਿਵਸਥਾ, ਰੋਜ਼ਗਾਰ ਦੇ ਮੌਕਿਆਂ ਅਤੇ ਲੋਕਤੰਤਰਿਕ ਹਿੱਸੇਦਾਰੀ ਨੇ ਘਾਟੀ ਦੇ ਨੌਜਵਾਨਾਂ ਦੇ ਸਾਹਮਣੇ ਨਵੀਆਂ ਸੰਭਾਵਨਾਵਾਂ ਖੋਲ੍ਹੀਆਂ ਹਨ।
ਇਸੇ ਬਦਲਦੇ ਮਾਹੌਲ ਦਰਮਿਆਨ ਬੀਤੇ ਦਿਨੀਂ ਕੁਲਗਾਮ ’ਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਮੁਹੰਮਦ ਲਤੀਫ ਭੱਟ ਦੇ ਮਾਰੇ ਜਾਣ ਦੇ ਬਾਅਦ ਸੁਰੱਖਿਆ ਏਜੰਸੀਆਂ ਦਾ ਇਹ ਜਾਇਜ਼ਾ ਸਾਹਮਣੇ ਆਇਆ ਕਿ ਕਸ਼ਮੀਰ ’ਚ ਹੁਣ ਕੋਈ ਸਰਗਰਮ ਸਥਾਨਕ ਅੱਤਵਾਦੀ ਨਹੀਂ ਬਚਿਆ। ਲਗਭਗ 35 ਵਰ੍ਹਿਆਂ ਤੋਂ ਅੱਤਵਾਦ ਦੀ ਅੱਗ ’ਚ ਝੁਲਸ ਰਹੇ ਕਸ਼ਮੀਰ ਦੇ ਲਈ ਇਹ ਇਕ ਇਤਿਹਾਸਕ ਉਪਲਬਧੀ ਹੈ। ਇਹ ਸਿਰਫ ਸੁਰੱਖਿਆ ਫੋਰਸਾਂ ਦੀ ਕਾਮਯਾਬੀ ਨਹੀਂ ਸਗੋਂ ਘਾਟੀ ਦੇ ਬਦਲਦੇ ਸਮਾਜਿਕ ਅਤੇ ਸਿਆਸੀ ਮਾਹੌਲ ਦਾ ਵੀ ਸੰਕੇਤ ਹੈ। ਪਹਿਲੀ ਵਾਰ ਸਥਾਨਕ ਅੱਤਵਾਦੀਆਂ ਦੀ ਗਿਣਤੀ ਜ਼ੀਰੋ ਤੱਕ ਪਹੁੰਚਣਾ ਇਸ ਗੱਲ ਦਾ ਸਬੂਤ ਹੈ ਕਿ ਅੱਤਵਾਦ ਦੇ ਵਿਰੁੱਧ ਭਾਰਤ ਦੀ ਲੰਬੀ ਲੜਾਈ ਇਕ ਮਹੱਤਵਪੂਰਨ ਮੁਕਾਮ ’ਤੇ ਪਹੁੰਚ ਰਹੀ ਹੈ।
ਯਕੀਨੀ ਤੌਰ ’ਤੇ ਕਸ਼ਮੀਰ ’ਚ ਅੱਤਵਾਦ ਦਾ ਖ਼ਤਰਾ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ। ਸਰਹੱਦ ਪਾਰ ਤੋਂ ਘੁਸਪੈਠ, ਪਾਕਿਸਤਾਨ ਸਮਰਥਿਤ ਅੱਤਵਾਦੀ ਸੰਗਠਨਾਂ ਦੇ ਨੈੱਟਵਰਕ ਅਤੇ ਕੱਟੜਪੰਥੀ ਵਿਚਾਰਧਾਰਾ ਦੀ ਚੁਣੌਤੀ ਅਜੇ ਵੀ ਬਣੀ ਹੋਈ ਹੈ। ਇਸ ਲਈ ਸੁਰੱਖਿਆ ਏਜੰਸੀਆਂ ਨੂੰ ਆਪਣੀ ਚੌਕਸੀ ਬਣਾਈ ਰੱਖਣੀ ਹੋਵੇਗੀ।
ਕਸ਼ਮੀਰ ’ਚ ਜੇਕਰ ਅੱਜ ਬੰਦੂਕ ਦੀ ਜਗ੍ਹਾ ਲੋਕਤੰਤਰ, ਪੱਥਰ ਦੀ ਜਗ੍ਹਾ ਵਿਕਾਸ ਅਤੇ ਵੱਖਵਾਦ ਦੀ ਜਗ੍ਹਾ ਰਾਸ਼ਟਰੀ ਏਕਤਾ ਦੀ ਆਵਾਜ਼ ਸੁਣਾਈ ਦੇ ਰਹੀ ਹੈ, ਤਾਂ ਇਹ ਪੂਰੇ ਦੇਸ਼ ਦੇ ਲਈ ਉਮੀਦ ਦਾ ਵਿਸ਼ਾ ਹੈ। ਅੱਤਵਾਦ ਵਿਰੁੱਧ ਭਾਰਤ ਦੀ ਲੜਾਈ ਹੁਣ ਇਕ ਨਵੇਂ ਮੁਕਾਮ ’ਤੇ ਪਹੁੰਚਦੀ ਦਿਖਾਈ ਦੇ ਰਹੀ ਹੈ। ਸਭ ਤੋਂ ਵੱਡੀ ਜਿੱਤ ਇਹੀ ਹੋਵੇਗੀ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਕਸ਼ਮੀਰ ਦੀ ਪਛਾਣ ਅੱਤਵਾਦ ਨਹੀਂ, ਸਗੋਂ ਸ਼ਾਂਤੀ, ਤਰੱਕੀ ਅਤੇ ਸੰਭਾਵਨਾਵਾਂ ਦਾ ਪ੍ਰਤੀਕ ਬਣੇ। ਇਹੀ ਇਕ ਨਵੇਂ ਕਸ਼ਮੀਰ ਦੀ ਅਸਲੀ ਪਛਾਣ ਹੋਵੇਗੀ।
-ਵਿਵੇਕ ਸ਼ੁਕਲਾ
ਮੁਫ਼ਤ ਰਾਸ਼ਨ ਯੋਜਨਾ ਨੂੰ ਸੁਚਾਰੂ ਬਣਾਉਣ ਦੀ ਲੋੜ
NEXT STORY